ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖ ਇਤਿਹਾਸ ਦੇ ਅਦੁੱਤੀ ਅਤੇ ਰੂਹ ਕੰਬਾਊ ਪੰਨੇ ‘ਸਾਕਾ ਪੰਜਾ ਸਾਹਿਬ’ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਸਹਿਤ ਨਮਨ ਕੀਤਾ ਹੈ। ਉਨ੍ਹਾਂ ਨੇ ਬੰਦੀ ਸਿੰਘਾਂ ਦੀ ਸੇਵਾ ਹਿੱਤ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਅਮਰ ਸ਼ਹੀਦਾਂ ਦੇ ਅਡੋਲ ਹੌਸਲੇ ਅਤੇ ਬੇਮਿਸਾਲ ਤਿਆਗ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਕੁਰਬਾਨੀ ਅੱਗੇ ਸੀਸ ਝੁਕਾਇਆ।
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (ਪਹਿਲਾਂ ਟਵਿੱਟਰ) ‘ਤੇ ਆਪਣੇ ਸ਼ਰਧਾਂਜਲੀ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਾਕਾ ਪੰਜਾ ਸਾਹਿਬ ਨਿਸ਼ਕਾਮ ਸੇਵਾ, ਅਣਖ ਅਤੇ ਮਾਨਵਤਾ ਪ੍ਰਤੀ ਸਮਰਪਣ ਦੀ ਉਹ ਵਿਲੱਖਣ ਮਿਸਾਲ ਹੈ ਜਿਸ ਦੀ ਦੁਨੀਆ ਦੇ ਇਤਿਹਾਸ ਵਿੱਚ ਕਿਤੇ ਕੋਈ ਹੋਰ ਦੂਜੀ ਮਿਸਾਲ ਨਹੀਂ ਮਿਲਦੀ। ਭੁੱਖੇ-ਪਿਆਸੇ ਕੈਦੀ ਸਿੱਖਾਂ ਨੂੰ ਗੁਰੂ ਕਾ ਲੰਗਰ ਛਕਾਉਣ ਦੇ ਪਵਿੱਤਰ ਸੰਕਲਪ ਨੂੰ ਪੂਰਾ ਕਰਨ ਲਈ ਸਿੱਖ ਸੂਰਬੀਰਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਅੰਗਰੇਜ਼ੀ ਹਕੂਮਤ ਦੀਆਂ ਜ਼ਾਲਮ ਰੋਕਾਂ ਨੂੰ ਦਰੜ ਦਿੱਤਾ ਸੀ।
ਸਿੱਖ ਇਤਿਹਾਸ ਦੇ ਅਦੁੱਤੀ ਅਤੇ ਲਾਸਾਨੀ ਸ਼ਹੀਦੀ ਸਾਕੇ ‘ਸਾਕਾ ਪੰਜਾ ਸਾਹਿਬ’ ਦੇ ਅਮਰ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ…
ਭੁੱਖੇ ਕੈਦੀਆਂ ਨੂੰ ਲੰਗਰ ਛਕਾਉਣ ਲਈ ਚੱਲਦੀ ਰੇਲਗੱਡੀ ਅੱਗੇ ਛਾਤੀਆਂ ਡਾਹ ਕੇ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਮਹਾਨ ਸੂਰਬੀਰਾਂ ਦੀ ਕੁਰਬਾਨੀ ਅੱਗੇ ਸਿਰ ਝੁਕਾਉਂਦਾ ਹਾਂ…
ਸਿੱਖ ਕੌਮ ਦਾ ਇਹ ਸਿਦਕ, ਨਿਰਸਵਾਰਥ ਸੇਵਾ ਅਤੇ ਕੁਰਬਾਨੀ ਦਾ ਜਜ਼ਬਾ ਸਾਨੂੰ ਹਮੇਸ਼ਾ ਮਨੁੱਖਤਾ ਦੀ ਭਲਾਈ ਲਈ ਪ੍ਰੇਰਦਾ ਰਹੇਗਾ…— Bhagwant Mann (@BhagwantMann) October 30, 2026
ਮੁੱਖ ਮੰਤਰੀ ਮਾਨ ਨੇ ਇਤਿਹਾਸਕ ਘਟਨਾ ਨੂੰ ਚੇਤੇ ਕਰਦਿਆਂ ਆਖਿਆ ਕਿ ਸੂਰਬੀਰਾਂ ਨੇ ਛਾਤੀਆਂ ਤਾਣ ਕੇ ਤੇਜ਼ ਰਫ਼ਤਾਰ ਰੇਲਗੱਡੀ ਨੂੰ ਆਪਣੇ ਪਿੰਡਿਆਂ ‘ਤੇ ਰੋਕ ਲਿਆ ਅਤੇ ਸ਼ਹਾਦਤ ਦਾ ਜਾਮ ਪੀ ਕੇ ਸੇਵਾ ਦੇ ਨੇਮ ਨੂੰ ਨਿਭਾਇਆ। ਉਨ੍ਹਾਂ ਕਿਹਾ ਕਿ ਇਹ ਮਹਾਨ ਯੋਧੇ ਰਹਿੰਦੀ ਦੁਨੀਆ ਤੱਕ ਸਿੱਖ ਕੌਮ ਲਈ ਪ੍ਰੇਰਨਾ ਸਰੋਤ ਬਣੇ ਰਹਿਣਗੇ।
ਉਨ੍ਹਾਂ ਅੱਗੇ ਕਿਹਾ ਕਿ ਸਾਕਾ ਪੰਜਾ ਸਾਹਿਬ ਨਾਲ ਜੁੜੀ ਕੁਰਬਾਨੀ ਅਤੇ ਨਿਰਸੁਆਰਥ ਸੇਵਾ ਦੀ ਭਾਵਨਾ ਸਮੁੱਚੀ ਕੌਮ ਨੂੰ ਸਰਬੱਤ ਦੇ ਭਲੇ ਲਈ ਕੰਮ ਕਰਨ ਦਾ ਰਾਹ ਦਿਖਾਉਂਦੀ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਦਇਆ, ਨਿਰਭੈਤਾ ਅਤੇ ਪਰਉਪਕਾਰ ਦੇ ਜੋ ਉੱਚੇ-ਸੁੱਚੇ ਆਦਰਸ਼ ਇਨ੍ਹਾਂ ਸ਼ਹੀਦਾਂ ਨੇ ਕਾਇਮ ਕੀਤੇ ਹਨ, ਉਹ ਹਰ ਪੀੜ੍ਹੀ ਨੂੰ ਜ਼ੁਲਮ ਖ਼ਿਲਾਫ਼ ਖੜ੍ਹਨ ਅਤੇ ਲੋੜਵੰਦਾਂ ਦੀ ਬਾਂਹ ਫੜਨ ਦਾ ਬਲ ਬਖ਼ਸ਼ਦੇ ਹਨ।



