Diljit Dosanjh Delhi Concert, AURA Tour 2026: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ 30 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਹੋਣ ਵਾਲੇ ਲਾਈਵ ਕੰਸਰਟ ਤੋਂ ਪਹਿਲਾਂ ਕਾਨੂੰਨੀ ਸ਼ਿਕੰਜਾ ਕੱਸਦਾ ਨਜ਼ਰ ਆ ਰਿਹਾ ਹੈ। ਦਿੱਲੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (DCPCR) ਨੇ ਗਾਇਕ ਦੇ ਗੀਤਾਂ ਵਿੱਚ ਨਸ਼ਿਆਂ ਅਤੇ ਹਥਿਆਰਾਂ ਨੂੰ ਵਡਿਆਉਣ ਦੇ ਦੋਸ਼ਾਂ ਦਾ ਗੰਭੀਰ ਨੋਟਿਸ ਲੈਂਦਿਆਂ ਦਿੱਲੀ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਕਮਿਸ਼ਨ ਨੇ ਇਸ ਸਬੰਧੀ ਦਿੱਲੀ ਪੁਲਿਸ ਕਮਿਸ਼ਨਰ ਨੂੰ ਰਸਮੀ ਨੋਟਿਸ ਭੇਜਿਆ ਹੈ। ਨੋਟਿਸ ਵਿੱਚ ਸ਼ਿਕਾਇਤ ਦਾ ਹਵਾਲਾ ਦਿੰਦਿਆਂ ਪੁਲਿਸ ਨੂੰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਕਿਹਾ ਗਿਆ ਹੈ। ਇਹ ਕਾਰਵਾਈ ਚੰਡੀਗੜ੍ਹ ਦੇ ਪ੍ਰੋਫੈਸਰ ਡਾ. ਪੰਡਿਤਰਾਓ ਧਰੇਨਵਰ ਵੱਲੋਂ 14 ਅਕਤੂਬਰ ਨੂੰ ਕਮਿਸ਼ਨ ਕੋਲ ਦਾਇਰ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਈ ਹੈ। ਸ਼ਿਕਾਇਤਕਰਤਾ ਨੇ ਖ਼ਦਸ਼ਾ ਪ੍ਰਗਟਾਇਆ ਸੀ ਕਿ ਅਜਿਹੇ ਗੀਤ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਬੱਚਿਆਂ ਦੀ ਮਾਨਸਿਕਤਾ ਅਤੇ ਵਿਹਾਰ ‘ਤੇ ਮਾੜਾ ਅਸਰ ਪਾ ਸਕਦੇ ਹਨ।
ਵਿਵਾਦਤ ਗੀਤਾਂ ‘ਤੇ ਰੋਕ ਲਾਉਣ ਦੀ ਅਪੀਲ
ਡਾ. ਪੰਡਿਤਰਾਓ ਨੇ ਆਪਣੀ ਅਰਜ਼ੀ ਵਿੱਚ ਮੰਗ ਕੀਤੀ ਸੀ ਕਿ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਗੰਨ ਕਲਚਰ ਦਾ ਪ੍ਰਚਾਰ ਕਰਨ ਵਾਲੇ ਗੀਤਾਂ ਨੂੰ ਦਿੱਲੀ ਦੇ ਲਾਈਵ ਸ਼ੋਅ ਦੌਰਾਨ ਗਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਉਨ੍ਹਾਂ ਬਾਲ ਅਧਿਕਾਰ ਕਮਿਸ਼ਨ ਨੂੰ ਅਪੀਲ ਕੀਤੀ ਸੀ ਕਿ ਸਮਾਗਮ ਤੋਂ ਪਹਿਲਾਂ ਇਸ ਸੰਬੰਧੀ ਜ਼ਰੂਰੀ ਐਡਵਾਈਜ਼ਰੀ ਜਾਂ ਨਿਰਦੇਸ਼ ਜਾਰੀ ਕੀਤੇ ਜਾਣ।
ਕਮਿਸ਼ਨ ਦੀ ਬੈਂਚ ਵੱਲੋਂ ਮਾਮਲੇ ਦੀ ਸੁਣਵਾਈ
ਇਸ ਮਾਮਲੇ ਦੀ ਸੁਣਵਾਈ ਕਮਿਸ਼ਨ ਦੇ ਚੇਅਰਪਰਸਨ ਡਾ. ਓਮ ਪ੍ਰਕਾਸ਼ ਵਿਆਸ ਅਤੇ ਮੈਂਬਰ ਰਾਹੁਲ ਗੌਤਮ ਤੇ ਸਵਾਤੀ ਗੁਪਤਾ ਦੀ ਬੈਂਚ ਨੇ ਕੀਤੀ। ਕਮਿਸ਼ਨ ਨੇ ਕਮਿਸ਼ਨਜ਼ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ ਐਕਟ, 2005 ਤਹਿਤ ਆਪਣੀਆਂ ਕਾਨੂੰਨੀ ਜ਼ਿੰਮੇਵਾਰੀਆਂ ਦਾ ਹਵਾਲਾ ਦਿੰਦਿਆਂ ਸਪੱਸ਼ਟ ਕੀਤਾ ਕਿ ਬੱਚਿਆਂ ਦੇ ਹਿੱਤਾਂ ਅਤੇ ਅਧਿਕਾਰਾਂ ਦੀ ਰਾਖੀ ਕਰਨਾ ਉਨ੍ਹਾਂ ਦਾ ਪ੍ਰਮੁੱਖ ਫ਼ਰਜ਼ ਹੈ। ਇਸੇ ਆਧਾਰ ‘ਤੇ ਸ਼ਿਕਾਇਤ ਅਗਲੇਰੀ ਕਾਰਵਾਈ ਲਈ ਪੁਲਿਸ ਮੁਖੀ ਨੂੰ ਭੇਜੀ ਗਈ ਹੈ।
ਮੁਹਾਲੀ ਕੰਸਰਟ ‘ਤੇ ਵੀ ਟਿਕੀਆਂ ਨਜ਼ਰਾਂ
ਇਹ ਵਿਵਾਦ ਅਜਿਹੇ ਮੋੜ ‘ਤੇ ਉੱਭਰਿਆ ਹੈ ਜਦੋਂ ਦਿਲਜੀਤ ਦੋਸਾਂਝ ਦਸੰਬਰ ਮਹੀਨੇ ਮੁਹਾਲੀ ਖੇਤਰ ਵਿੱਚ ਵੀ ਸ਼ੋਅ ਕਰਨ ਜਾ ਰਹੇ ਹਨ। ਹਾਲਾਂਕਿ ਇਸ ਸ਼ੋਅ ਲਈ ਅਜੇ ਸਥਾਨ ਦੀ ਅੰਤਿਮ ਪੁਸ਼ਟੀ ਨਹੀਂ ਹੋਈ ਹੈ, ਪਰ ਮੁੱਲਾਂਪੁਰ ਸਥਿਤ ਪੀਸੀਏ (PCA) ਸਟੇਡੀਅਮ ਅਤੇ ਚੰਡੀਗੜ੍ਹ ਦੇ ਨਾਂ ਚਰਚਾ ਵਿੱਚ ਹਨ।
ਦਿੱਲੀ ਸ਼ੋਅ ਤੋਂ ਠੀਕ ਪਹਿਲਾਂ ਬਾਲ ਅਧਿਕਾਰ ਕਮਿਸ਼ਨ ਦੇ ਇਸ ਸਟੈਂਡ ਨੇ ਗੀਤਾਂ ਦੀ ਸਮੱਗਰੀ ਅਤੇ ਨੌਜਵਾਨ ਪੀੜ੍ਹੀ ‘ਤੇ ਇਸ ਦੇ ਪ੍ਰਭਾਵ ਨੂੰ ਮੁੜ ਬਹਿਸ ਦੇ ਕੇਂਦਰ ਵਿੱਚ ਲਿਆ ਖੜ੍ਹਾ ਕੀਤਾ ਹੈ। ਹੁਣ ਦੇਖਣਾ ਹੋਵੇਗਾ ਕਿ ਦਿੱਲੀ ਪੁਲਿਸ ਪ੍ਰਸ਼ਾਸਨ ਇਸ ਨੋਟਿਸ ‘ਤੇ ਕੀ ਕਾਨੂੰਨੀ ਰੁਖ਼ ਅਖ਼ਤਿਆਰ ਕਰਦਾ ਹੈ।



