Punjab Stubble Burning Cases Latest News Today: ਪੰਜਾਬ ਵਿੱਚ ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਸੂਬੇ ਵਿੱਚ 29 ਅਕਤੂਬਰ 2026 ਤੱਕ ਖੇਤਾਂ ਵਿੱਚ ਰਹਿੰਦ-ਖੂੰਹਦ ਸਾੜਨ ਦੀਆਂ ਕੁੱਲ 1,007 ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ਅੰਕੜਿਆਂ ਵਿੱਚ ਸਰਹੱਦੀ ਜ਼ਿਲ੍ਹਾ ਤਰਨਤਾਰਨ ਸਭ ਤੋਂ ਵੱਧ ਪ੍ਰਭਾਵਿਤ ਰਿਹਾ ਹੈ, ਜਿੱਥੇ ਇਕੱਲੇ 397 ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਅੰਮ੍ਰਿਤਸਰ ਵਿੱਚ 171 ਅਤੇ ਫ਼ਿਰੋਜ਼ਪੁਰ ਵਿੱਚ 104 ਮਾਮਲੇ ਰਿਕਾਰਡ ਹੋਏ।
ਜ਼ਮੀਨੀ ਪੜਤਾਲ ਅਤੇ ਕਾਨੂੰਨੀ ਸ਼ਿਕੰਜਾ
ਸੂਬੇ ਭਰ ਵਿੱਚ ਸਾਹਮਣੇ ਆਈਆਂ 1,007 ਘਟਨਾਵਾਂ ਵਿੱਚੋਂ ਅਧਿਕਾਰੀਆਂ ਨੇ ਮੌਕੇ ‘ਤੇ ਜਾ ਕੇ 379 ਥਾਵਾਂ ’ਤੇ ਅੱਗ ਲੱਗਣ ਦੀ ਭੌਤਿਕ ਪੁਸ਼ਟੀ ਕੀਤੀ ਹੈ, ਜਦਕਿ 778 ਮਾਮਲਿਆਂ ਵਿੱਚ ਖੇਤਾਂ ਅੰਦਰ ਸਾੜ-ਫੂਕ ਦੇ ਪ੍ਰਤੱਖ ਪ੍ਰਭਾਵ ਵੇਖਣ ਨੂੰ ਮਿਲੇ ਹਨ। ਸਰਕਾਰੀ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਹੁਣ ਤੱਕ ਵੱਖ-ਵੱਖ ਥਾਣਿਆਂ ਵਿੱਚ 246 ਐੱਫਆਈਆਰ (FIRs) ਦਰਜ ਕੀਤੀਆਂ ਜਾ ਚੁੱਕੀਆਂ ਹਨ।
17 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ, 13 ਲੱਖ ਦੀ ਵਸੂਲੀ
ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਵਿੱਤੀ ਕਾਰਵਾਈ ਕਰਦਿਆਂ ਵਾਤਾਵਰਨ ਮੁਆਵਜ਼ੇ ਵਜੋਂ ਹੁਣ ਤੱਕ ਕੁੱਲ 17.50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਸਰਕਾਰੀ ਰਿਕਾਰਡ ਮੁਤਾਬਕ ਇਸ ਵਿੱਚੋਂ 13.15 ਲੱਖ ਰੁਪਏ ਦੀ ਰਕਮ ਵਸੂਲ ਵੀ ਕੀਤੀ ਜਾ ਚੁੱਕੀ ਹੈ। ਕੁੱਲ 348 ਮਾਮਲਿਆਂ ਵਿੱਚ ਇਹ ਜੁਰਮਾਨਾ ਠੋਕਿਆ ਗਿਆ ਹੈ। ਦੂਜੇ ਪਾਸੇ, ਨਿਗਰਾਨੀ ਪ੍ਰਣਾਲੀ ਵਿੱਚ ਢਿੱਲ ਵਰਤਣ ਵਾਲੇ ਨੋਡਲ ਅਤੇ ਸੁਪਰਵਾਈਜ਼ਰੀ ਅਧਿਕਾਰੀਆਂ ਨੂੰ ਵੀ ਬਖ਼ਸ਼ਿਆ ਨਹੀਂ ਗਿਆ ਅਤੇ ਉਨ੍ਹਾਂ ਨੂੰ 426 ਚਿਤਾਵਨੀ ਨੋਟਿਸ ਜਾਰੀ ਕੀਤੇ ਗਏ ਹਨ।
ਜ਼ਿਲ੍ਹਾਵਾਰ ਸਥਿਤੀ: ਮਾਲਵਾ ਖੇਤਰ ਵਿੱਚ ਘੱਟ ਕੇਸ, ਮਾਨਸਾ ਰਿਹਾ ਜ਼ੀਰੋ
ਅੰਕੜਿਆਂ ਅਨੁਸਾਰ ਜਿੱਥੇ ਮਾਝੇ ਦੇ ਜ਼ਿਲ੍ਹਿਆਂ ਵਿੱਚ ਅੱਗ ਲੱਗਣ ਦੇ ਮਾਮਲੇ ਸਿਖ਼ਰ ‘ਤੇ ਰਹੇ, ਉੱਥੇ ਹੀ ਗੁਰਦਾਸਪੁਰ ਵਿੱਚ 72, ਕਪੂਰਥਲਾ ਵਿੱਚ 63 ਅਤੇ ਹੁਸ਼ਿਆਰਪੁਰ ਵਿੱਚ 12 ਕੇਸ ਦਰਜ ਹੋਏ। ਇਸ ਦੇ ਉਲਟ ਮਾਲਵੇ ਦੇ ਕਈ ਜ਼ਿਲ੍ਹਿਆਂ ਵਿੱਚ ਇਹ ਗਿਣਤੀ ਕਾਫ਼ੀ ਘੱਟ ਰਹੀ; ਲੁਧਿਆਣਾ ਵਿੱਚ ਮਹਿਜ਼ 6, ਮੋਗਾ ਵਿੱਚ 7 ਅਤੇ ਸੰਗਰੂਰ ਵਿੱਚ 12 ਘਟਨਾਵਾਂ ਸਾਹਮਣੇ ਆਈਆਂ। ਮਾਨਸਾ ਜ਼ਿਲ੍ਹੇ ਨੇ ਮਿਸਾਲ ਕਾਇਮ ਕਰਦਿਆਂ ਹੁਣ ਤੱਕ ਅੱਗ ਲੱਗਣ ਦੀ ਇੱਕ ਵੀ ਘਟਨਾ ਦਰਜ ਨਹੀਂ ਹੋਣ ਦਿੱਤੀ।
ਰਿਪੋਰਟ ਮੁਤਾਬਕ 29 ਅਕਤੂਬਰ ਤੱਕ ਸੂਬੇ ਦੇ ਕੁੱਲ ਝੋਨੇ ਦੇ ਰਕਬੇ ਵਿੱਚੋਂ 64.50 ਫ਼ੀਸਦੀ ਹਿੱਸੇ ਦੀ ਕਟਾਈ ਮੁਕੰਮਲ ਹੋ ਚੁੱਕੀ ਹੈ। ਆਉਣ ਵਾਲੇ ਦਿਨਾਂ ਵਿੱਚ ਕਟਾਈ ਦਾ ਕੰਮ ਹੋਰ ਜ਼ੋਰ ਫੜਨ ਦੇ ਮੱਦੇਨਜ਼ਰ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਪ੍ਰਸ਼ਾਸਨ ਵੱਲੋਂ ਨਿਗਰਾਨੀ ਹੋਰ ਤੇਜ਼ ਕਰ ਦਿੱਤੀ ਗਈ ਹੈ।