Ravneet Bittu Detained: ਲੁਧਿਆਣਾ ’ਚ ਸੀਐੱਮ ਮਾਨ ਦੀ ਆਮਦ ਮੌਕੇ ਅਨੋਖਾ ਰੋਸ ਪ੍ਰਦਰਸ਼ਨ; ਸ਼ਰਾਬ ਦੀ ਬੋਤਲ, ਅੰਡੇ ਤੇ ਟਮਾਟਰ ਲੈ ਕੇ ਪੁੱਜੇ ਰਵਨੀਤ ਬਿੱਟੂ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ

Ravneet Bittu Detained Latest News Today in Punjabi: ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਵਿਖੇ ਲੱਗੇ ਸਾਲਾਨਾ ਕਿਸਾਨ ਮੇਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਪੁੱਜਣ ਤੋਂ ਠੀਕ ਪਹਿਲਾਂ ਸਿਆਸੀ ਪਾਰਾ ਉਸ ਵੇਲੇ ਚੜ੍ਹ ਗਿਆ, ਜਦੋਂ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਆਪਣੇ ਹੱਥ ਵਿੱਚ ਸ਼ਰਾਬ ਦੀ ਬੋਤਲ ਫੜ ਕੇ ਯੂਨੀਵਰਸਿਟੀ ਦੇ ਗੇਟ ਅੱਗੇ ਜਾ ਡਟੇ। ਪੁਲਿਸ ਨੇ ਸਥਿਤੀ ਵਿਗੜਨ ਦੇ ਖ਼ਦਸ਼ੇ ਨੂੰ ਦੇਖਦਿਆਂ ਤੁਰੰਤ ਹਰਕਤ ਵਿੱਚ ਆ ਕੇ ਬਿੱਟੂ ਨੂੰ ਮੌਕੇ ਤੋਂ ਹਿਰਾਸਤ ਵਿੱਚ ਲੈ ਲਿਆ।

ਗੇਟ ਨੰਬਰ 8 ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੱਟੂ ਨੇ ਦਾਅਵਾ ਕੀਤਾ ਕਿ ਉਹ ਇਹ ਬੋਤਲ ਮੁੱਖ ਮੰਤਰੀ ਨੂੰ “ਤੋਹਫ਼ੇ ਵਜੋਂ ਵਾਪਸ ਮੋੜਨ” ਆਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਹੱਥਾਂ ਵਿੱਚ ਅੰਡੇ ਅਤੇ ਟਮਾਟਰ ਵੀ ਫੜੇ ਹੋਏ ਸਨ। ਬਿੱਟੂ ਨੇ ਸੂਬਾ ਸਰਕਾਰ ਦੀਆਂ ਨੀਤੀਆਂ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ‘ਤੇ ਨਸ਼ਿਆਂ ਅਤੇ ਕਾਨੂੰਨ-ਵਿਵਸਥਾ ਨੂੰ ਲੈ ਕੇ ਤਿੱਖੇ ਸ਼ਬਦੀ ਹਮਲੇ ਬੋਲੇ।

ਬਟਾਲਾ ਕਾਂਡ ਦਾ ਬਦਲਾ ਜਾਂ ਸਿਆਸੀ ਸੰਕੇਤ?

ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਪਠਾਨਕੋਟ ਵੱਲ ਜਾ ਰਹੀ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਬਟਾਲਾ ਨੇੜਲੇ ਪਿੰਡ ਘਸੀਟਪੁਰ ਕੋਲ ਬਿੱਟੂ ਦੇ ਕਾਫ਼ਲੇ ਦਾ ਘਿਰਾਓ ਹੋਇਆ ਸੀ। ਬਿੱਟੂ ਦਾ ਦੋਸ਼ ਸੀ ਕਿ ਉੱਥੇ ਉਨ੍ਹਾਂ ਦੀਆਂ ਗੱਡੀਆਂ ’ਤੇ ਪੱਥਰ, ਆਂਡੇ ਅਤੇ ਟਮਾਟਰ ਮਾਰੇ ਗਏ ਸਨ, ਜਿਸ ਕਾਰਨ ਵਾਹਨਾਂ ਦਾ ਕਾਫ਼ੀ ਨੁਕਸਾਨ ਹੋਇਆ। ਉਨ੍ਹਾਂ ਨੇ ਆਪਣੇ ਸੁਰੱਖਿਆ ਅਮਲੇ ਰਾਹੀਂ ਤਿੰਨ ਵਿਅਕਤੀਆਂ ਨੂੰ ਕਾਬੂ ਕਰਵਾਉਣ ਦਾ ਦਾਅਵਾ ਕਰਦਿਆਂ ਸਾਰਾ ਦੋਸ਼ ਸੱਤਾਧਾਰੀ ਪਾਰਟੀ ਦੇ ਕਾਰਕੁਨਾਂ ਸਿਰ ਮੜ੍ਹਿਆ ਸੀ। ਲੁਧਿਆਣਾ ਵਿਖੇ ਬਿੱਟੂ ਨੇ ਆਖਿਆ ਕਿ ਉਹ ਸ਼ੁੱਕਰਵਾਰ ਨੂੰ ਸੁੱਟਿਆ ਗਿਆ “ਸਾਮਾਨ” ਹੀ ਮੁੱਖ ਮੰਤਰੀ ਨੂੰ ਮੋੜਨ ਪਹੁੰਚੇ ਸਨ।

ਚੋਣਵੇਂ ਮੁੱਦਿਆਂ ‘ਤੇ ਆਹਮੋ-ਸਾਹਮਣੇ ਹੋਈਆਂ ਦੋਵੇਂ ਧਿਰਾਂ

ਇਸ ਨਾਟਕੀ ਘਟਨਾਕ੍ਰਮ ਦੌਰਾਨ ਜਿਉਂ ਹੀ ਮੁੱਖ ਮੰਤਰੀ ਦਾ ਕਾਫ਼ਲਾ ਗੇਟ ਰਾਹੀਂ ਅੰਦਰ ਦਾਖ਼ਲ ਹੋਇਆ, ਪੁਲਿਸ ਪ੍ਰਸ਼ਾਸਨ ਨੇ ਬਿੱਟੂ ਨੂੰ ਹਿਰਾਸਤ ਵਿੱਚ ਲੈ ਕੇ ਗੱਡੀ ਵਿੱਚ ਬਿਠਾ ਲਿਆ ਅਤੇ ਘਟਨਾ ਵਾਲੀ ਥਾਂ ਤੋਂ ਦੂਰ ਲੈ ਗਈ। ਦੂਜੇ ਪਾਸੇ, ਮੁੱਖ ਮੰਤਰੀ ਭਗਵੰਤ ਮਾਨ ਨੇ ਮੇਲੇ ਦੇ ਮੰਚ ਤੋਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਖੇਤੀ ਖੇਤਰ ਵਿੱਚ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਚਰਚਾ ਕੀਤੀ।

ਇਸ ਤਾਜ਼ਾ ਟਕਰਾਅ ਨੇ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਤੇਜ਼ ਕਰ ਦਿੱਤੀ ਹੈ। ਭਾਜਪਾ ਨੇ ਇਸ ਕਾਰਵਾਈ ਨੂੰ ਲੋਕਤੰਤਰੀ ਹੱਕਾਂ ਦਾ ਘਾਣ ਦੱਸਦਿਆਂ ਸੰਘਰਸ਼ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ ਹੈ, ਜਦਕਿ ਸੱਤਾਧਾਰੀ ਧਿਰ ਵੱਲੋਂ ਇਸ ਨੂੰ ਮਹਿਜ਼ ਸਿਆਸੀ ਸੁਰਖ਼ੀਆਂ ਬਟੋਰਨ ਦਾ ਸਟੰਟ ਕਰਾਰ ਦਿੱਤਾ ਜਾ ਰਿਹਾ ਹੈ।

Leave a Comment

Your email address will not be published. Required fields are marked *

Scroll to Top