Amritsar Harjit Singh Murder Case Latest News Today: ਥਾਣਾ ਗੇਟ ਹਕੀਮਾਂ ਅਧੀਨ ਆਉਂਦੀ ਭਗਤਾਂਵਾਲਾ ਦਾਣਾ ਮੰਡੀ ਨੇੜੇ ਰਾਤ ਦੀ ਗਸ਼ਤ ‘ਤੇ ਤਾਇਨਾਤ ਪੰਜਾਬ ਪੁਲਿਸ ਦੇ ਸਹਾਇਕ ਸਬ-ਇੰਸਪੈਕਟਰ (ਏਐੱਸਆਈ) ਹਰਜੀਤ ਸਿੰਘ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਕਾਂਡ ਵਿੱਚ ਜਾਂਚ ਏਜੰਸੀਆਂ ਨੂੰ ਅਹਿਮ ਸੁਰਾਗ ਮਿਲੇ ਹਨ। ਇਲਾਕੇ ਦੀ ਸੀਸੀਟੀਵੀ ਫੁਟੇਜ ਘੋਖਣ ਮਗਰੋਂ ਸਾਹਮਣੇ ਆਇਆ ਹੈ ਕਿ ਵਾਰਦਾਤ ਤੋਂ ਕੁਝ ਸਮਾਂ ਪਹਿਲਾਂ ਇੱਕ ਐਕਟਿਵਾ ਸਕੂਟਰ ‘ਤੇ ਸਵਾਰ ਦੋ ਸ਼ੱਕੀ ਵਿਅਕਤੀ ਉੱਥੇ ਗੇੜੇ ਮਾਰ ਰਹੇ ਸਨ।
ਜਾਣਕਾਰੀ ਅਨੁਸਾਰ ਏਐੱਸਆਈ ਹਰਜੀਤ ਸਿੰਘ ਵੀਰਵਾਰ ਰਾਤ ਕਰੀਬ ਸਾਢੇ ਨੌਂ ਵਜੇ ਦਾਣਾ ਮੰਡੀ ਵਿੱਚ ਡਿਊਟੀ ਸੰਭਾਲਣ ਪਹੁੰਚੇ ਸਨ। ਕੈਮਰਿਆਂ ਦੀ ਰਿਕਾਰਡਿੰਗ ਮੁਤਾਬਕ ਰਾਤ 12:32 ਵਜੇ ਦੇ ਕਰੀਬ ਸਕੂਟਰ ਸਵਾਰਾਂ ਦੀ ਹਿਲਜੁਲ ਦੇਖੀ ਗਈ, ਜਿਸ ਤੋਂ ਬਾਅਦ ਤੜਕੇ 1:05 ਵਜੇ ਕੰਟਰੋਲ ਰੂਮ ਨੂੰ ਗੋਲੀਬਾਰੀ ਦੀ ਸੂਚਨਾ ਮਿਲੀ। ਫੋਰੈਂਸਿਕ ਮਾਹਰਾਂ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਧਿਕਾਰੀ ਨੂੰ ਨਿਸ਼ਾਨਾ ਬਣਾ ਕੇ .30 ਬੋਰ ਦੀ ਗੋਲੀ ਮਾਰੀ ਗਈ ਸੀ। ਘਟਨਾ ਸਥਾਨ ਤੋਂ ਇੱਕ ਖੋਲ ਵੀ ਬਰਾਮਦ ਕੀਤਾ ਗਿਆ ਹੈ।
ਸਰਹੱਦ ਪਾਰਲੇ ਤਾਰਾਂ ਦੀ ਡੂੰਘੀ ਘੋਖ
ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪੰਜਾਬ ਪੁਲਿਸ ਨੇ ਸ਼ੱਕੀਆਂ ਦੀ ਪੈੜ ਨੱਪਣ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਕਤਲ ਪਿੱਛੇ ਸਰਹੱਦ ਪਾਰ ਪਾਕਿਸਤਾਨ ‘ਚ ਬੈਠੇ ਦੇਸ਼ ਵਿਰੋਧੀ ਅਨਸਰਾਂ ਅਤੇ ਵਿਦੇਸ਼ੀ ਹੈਂਡਲਰਾਂ ਦਾ ਹੱਥ ਹੋਣ ਦੇ ਪੱਖੋਂ ਵੀ ਜਾਂਚ ਅੱਗੇ ਵਧਾਈ ਜਾ ਰਹੀ ਹੈ। ਪੁਲਿਸ ਇਸ ਗੱਲ ਦੀ ਵੀ ਤਹਿਕੀਕਾਤ ਕਰ ਰਹੀ ਹੈ ਕਿ ਕੀ ਇਹ ਹਮਲਾ ਸੂਬੇ ਵਿੱਚ ਖ਼ਾਕੀ ਨੂੰ ਨਿਸ਼ਾਨਾ ਬਣਾਉਣ ਵਾਲੀ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ।
ਇਸ ਮਾਮਲੇ ਵਿੱਚ ‘ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ’ (TTH) ਦਾ ਨਾਂ ਸਾਹਮਣੇ ਆ ਰਿਹਾ ਹੈ ਅਤੇ ਪਾਕਿਸਤਾਨ ਸਥਿਤ ਸ਼ਹਿਜ਼ਾਦ ਭੱਟੀ ਦੇ ਸੰਭਾਵੀ ਰੋਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਇਹ ਕੜੀਆਂ ਜਾਂਚ ਦਾ ਹਿੱਸਾ ਹਨ ਅਤੇ ਠੋਸ ਸਬੂਤ ਜੁਟਾਏ ਜਾ ਰਹੇ ਹਨ।
ਇਸ ਸਾਲ ਪੁਲਿਸ ਜਵਾਨਾਂ ‘ਤੇ ਕਈ ਹਮਲੇ
ਸੂਬੇ ਵਿੱਚ ਵਰਦੀਧਾਰੀਆਂ ‘ਤੇ ਹੋਏ ਟਾਰਗੇਟ ਹਮਲਿਆਂ ਦੀ ਲੜੀ ਵਿੱਚ ਇਹ ਤਾਜ਼ਾ ਘਟਨਾ ਹੈ। ਇਸ ਤੋਂ ਪਹਿਲਾਂ ਮਜੀਠਾ ਨੇੜੇ ਏਐੱਸਆਈ ਜੋਗਾ ਸਿੰਘ ਦੀ ਜਾਨ ਲੈ ਲਈ ਗਈ ਸੀ, ਜਦਕਿ ਗੁਰਦਾਸਪੁਰ ਸਰਹੱਦੀ ਨਾਕੇ ‘ਤੇ ਦੋ ਮੁਲਾਜ਼ਮਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਰਾਜਾਸਾਂਸੀ ਵਿਖੇ ਵੀ ਇੱਕ ਏਐੱਸਆਈ ਜਸਵੰਤ ਸਿੰਘ ‘ਤੇ ਕਾਤਲਾਨਾ ਹਮਲਾ ਹੋਇਆ ਸੀ, ਜਿਸ ਵਿੱਚ ਉਹ ਵਾਲ-ਵਾਲ ਬਚੇ ਸਨ। ਇਨ੍ਹਾਂ ਵਾਰਦਾਤਾਂ ਮਗਰੋਂ ਸਰਹੱਦੀ ਖੇਤਰ ਵਿੱਚ ਗਸ਼ਤ ਅਤੇ ਸੁਰੱਖਿਆ ਪ੍ਰਬੰਧਾਂ ਦੀ ਨਵੇਂ ਸਿਰਿਓਂ ਸਮੀਖਿਆ ਕੀਤੀ ਜਾ ਰਹੀ ਹੈ।
ਪੀੜਤ ਪਰਿਵਾਰ ਲਈ 2 ਕਰੋੜ ਰੁਪਏ ਦੀ ਸਹਾਇਤਾ
ਪੰਜਾਬ ਸਰਕਾਰ ਨੇ ਸ਼ਹੀਦ ਏਐੱਸਆਈ ਹਰਜੀਤ ਸਿੰਘ ਦੇ ਪਰਿਵਾਰ ਦੀ ਮਦਦ ਲਈ 2 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ, ਜਿਸ ਵਿੱਚ 1 ਕਰੋੜ ਰੁਪਏ ਸਰਕਾਰੀ ਖ਼ਜ਼ਾਨੇ ਵਿੱਚੋਂ ਅਤੇ 1 ਕਰੋੜ ਰੁਪਏ ਐੱਚਡੀਐੱਫਸੀ ਬੈਂਕ ਬੀਮਾ ਕਵਰ ਰਾਹੀਂ ਦਿੱਤੇ ਜਾਣਗੇ। ਡੀਜੀਪੀ ਗੌਰਵ ਯਾਦਵ ਨੇ ਖ਼ੁਦ ਪਰਿਵਾਰ ਨਾਲ ਮੁਲਾਕਾਤ ਕਰਕੇ ਹਮਦਰਦੀ ਪ੍ਰਗਟਾਈ ਅਤੇ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਸੀਸੀਟੀਵੀ ਫੁਟੇਜ ਅਤੇ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਕਾਤਲਾਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀਆਂ ਹਨ।



