ਪਟਿਆਲਾ ਨਿਊਜ਼ : ਸਿਹਤ ਵਿਭਾਗ ਵੱਲੋਂ ਬਲੱਡ ਬੈਂਕ ਇੰਚਾਰਜਾਂ ਨਾਲ ਸਮੀਖਿਆ ਮੀਟਿੰਗ ਸਿਵਲ ਸਰਜਨ ਦਫ਼ਤਰ ਵਿਖੇ ਸਿਵਲ ਸਰਜਨ ਡਾ: ਸ਼ੈਲੀ ਜੇਤਲੀ ਅਤੇ ਮੈਡੀਕਲ ਸੁਪਰਡੈਂਟ ਡਾ: ਵਿਕਾਸ ਗੋਇਲ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਮੂਹ ਬਲੱਡ ਬੈਂਕਾਂ ਦੇ ਇੰਚਾਰਜਾਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ ਖੂਨ ਦੀ ਸੁਰੱਖਿਅਤ ਅਤੇ ਸਮੇਂ ਸਿਰ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਦਾ ਜਾਇਜ਼ਾ ਲਿਆ ਗਿਆ। ਸਿਵਲ ਸਰਜਨ ਡਾ: ਸ਼ੈਲੀ ਜੇਤਲੀ ਨੇ ਹਦਾਇਤ ਕੀਤੀ ਕਿ ਸਾਰੇ ਬਲੱਡ ਬੈਂਕ ਨੈਸ਼ਨਲ ਬਲੱਡ ਟ੍ਰਾਂਸਫਿਊਜ਼ਨ ਕੌਂਸਲ ਦੇ ਲਾਇਸੈਂਸ ਨਿਯਮਾਂ ਅਤੇ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ। ਉਨ•ਾਂ ਕਿਹਾ ਕਿ ਖੂਨ ਅਤੇ ਖੂਨ ਦੇ ਹਿੱਸਿਆਂ ਦਾ ਸਹੀ ਪ੍ਰਬੰਧਨ, ਗੁਣਵੱਤਾ ਕੰਟਰੋਲ ਅਤੇ ਸਹੀ ਰਿਕਾਰਡ ਰੱਖਣ ਨੂੰ ਯਕੀਨੀ ਬਣਾਇਆ ਜਾਵੇ। ਮੀਟਿੰਗ ਵਿੱਚ ਸਵੈ-ਇੱਛੁਕ ਖੂਨਦਾਨ ਨੂੰ ਹੋਰ ਉਤਸ਼ਾਹਿਤ ਕਰਨ, ਖੂਨਦਾਨ ਕੈਂਪਾਂ ਨੂੰ ਯੋਜਨਾਬੱਧ ਤਰੀਕੇ ਨਾਲ ਆਯੋਜਿਤ ਕਰਨ, ਖੂਨ ਦੀ ਕਮੀ ਨੂੰ ਰੋਕਣ ਲਈ ਆਪਸੀ ਤਾਲਮੇਲ ਵਧਾਉਣ ਅਤੇ ਲੋੜ ਅਨੁਸਾਰ ਮਰੀਜ਼ਾਂ ਨੂੰ ਸਮੇਂ ਸਿਰ ਖੂਨ ਮੁਹੱਈਆ ਕਰਵਾਉਣ ਬਾਰੇ ਵੀ ਚਰਚਾ ਕੀਤੀ ਗਈ। ਜ਼ਿਲ੍ਹਾ ਸਹਾਇਕ ਸਿਹਤ ਅਫ਼ਸਰ ਕਮ ਨੋਡਲ ਅਫ਼ਸਰ ਡਾ: ਇੰਦਰਪ੍ਰੀਤ ਰੰਧਾਵਾ ਨੇ ਸਮੂਹ ਬਲੱਡ ਬੈਂਕ ਇੰਚਾਰਜਾਂ ਨੂੰ ਖ਼ੂਨ ਦੀ ਉਪਲਬਧਤਾ ਸਬੰਧੀ ਜਾਣਕਾਰੀ ਨੂੰ ਨਿਯਮਤ ਤੌਰ ‘ਤੇ ਅੱਪਡੇਟ ਕਰਦੇ ਰਹਿਣ ਅਤੇ ਕਿਸੇ ਵੀ ਐਮਰਜੈਂਸੀ ਮੌਕੇ ਤੁਰੰਤ ਕਾਰਵਾਈ ਕਰਨ ਦੀ ਹਦਾਇਤ ਕੀਤੀ ਤਾਂ ਜੋ ਖ਼ੂਨ ਦੀ ਘਾਟ ਕਾਰਨ ਕਿਸੇ ਮਰੀਜ਼ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਕੁਸ਼ਲਦੀਪ ਗਿੱਲ, ਐਸ.ਐਮ.ਓ ਕੌਲੀ ਡਾ: ਗੁਰਪ੍ਰੀਤ ਨਾਗਰਾ, ਆਈ.ਐਮ.ਏ ਦੇ ਜਨਰਲ ਸਕੱਤਰ ਡਾ: ਕਿਰਨਜੋਤ ਕੌਰ, ਜ਼ੋਨਲ ਲਾਇਸੈਂਸਿੰਗ ਅਥਾਰਟੀ ਡਾ: ਨਵਜੋਤ ਕੌਰ, ਜ਼ਿਲ੍ਹਾ ਬਲੱਡ ਬੈਂਕ ਇੰਚਾਰਜ ਅਤੇ ਮਾਸ ਮੀਡੀਆ ਵਿੰਗ ਦੀ ਟੀਮ ਹਾਜ਼ਰ ਸੀ |
