Rajjit Singh Arrest Latest News Today in Punjabi: ਪੰਜਾਬ ਪੁਲਿਸ ਦੇ ਬਰਖਾਸਤ ਏਆਈਜੀ (ਸਹਾਇਕ ਇੰਸਪੈਕਟਰ ਜਨਰਲ) ਰਾਜਜੀਤ ਸਿੰਘ ਹੁੰਦਲ ਨੂੰ ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਨੇ ਆਖ਼ਰਕਾਰ ਹਿਰਾਸਤ ਵਿੱਚ ਲੈ ਲਿਆ ਹੈ। ਨਸ਼ਾ ਤਸਕਰਾਂ ਦੀ ਸਰਪ੍ਰਸਤੀ, ਜਬਰੀ ਵਸੂਲੀ ਅਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਰਾਜਜੀਤ ਸਿੰਘ ਨੇ ਪਟਿਆਲਾ ਵਿਖੇ ਪੁਲਿਸ ਅੱਗੇ ਆਤਮ-ਸਮਰਪਣ ਕੀਤਾ, ਜਿਸ ਨਾਲ ਉਸ ਦੇ ਲੰਬੇ ਸਮੇਂ ਤੋਂ ਭਗੌੜੇ ਰਹਿਣ ਦਾ ਸਿਲਸਿਲਾ ਖ਼ਤਮ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ ਗ੍ਰਿਫ਼ਤਾਰੀ ਸੁਪਰੀਮ ਕੋਰਟ ਦੇ ਉਸ ਹੁਕਮ ਮਗਰੋਂ ਅਮਲ ਵਿੱਚ ਆਈ ਹੈ, ਜਿੱਥੇ ਸੁਣਵਾਈ ਦੌਰਾਨ ਉਸ ਦੇ ਵਕੀਲ ਨੇ ਸਮਰਪਣ ਕਰਨ ਦੀ ਇੱਛਾ ਜਤਾਈ ਸੀ। ਦੇਸ਼ ਦੀ ਸਰਵਉੱਚ ਅਦਾਲਤ ਨੇ ਉਸ ਨੂੰ ਜਾਂਚ ਦਾ ਸਾਹਮਣਾ ਕਰਨ ਲਈ ਤੁਰੰਤ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ।
ਨਸ਼ਾ ਨੈੱਟਵਰਕ ਅਤੇ ਪੁਲਿਸ ਗਠਜੋੜ ਦਾ ਪਰਦਾਫਾਸ਼
ਰਾਜਜੀਤ ਸਿੰਘ ਦਾ ਨਾਂ ਉਸ ਵੇਲੇ ਸੁਰਖ਼ੀਆਂ ਵਿੱਚ ਆਇਆ ਸੀ ਜਦੋਂ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੇ ਨਸ਼ਾ ਤਸਕਰਾਂ ਨਾਲ ਸਬੰਧ ਅਤੇ ਵਸੂਲੀ ਦਾ ਮਾਮਲਾ ਉਜਾਗਰ ਹੋਇਆ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਨਿਗਰਾਨੀ ਹੇਠ ਹੋਈ ਜਾਂਚ ਵਿੱਚ ਰਾਜਜੀਤ ਸਿੰਘ ਦੀ ਭੂਮਿਕਾ ਸ਼ੱਕ ਦੇ ਘੇਰੇ ਵਿੱਚ ਆਈ ਸੀ। ਵਿਭਾਗੀ ਜਾਂਚ ਰਿਪੋਰਟਾਂ ਵਿੱਚ ਦੋਸ਼ ਲੱਗੇ ਸਨ ਕਿ ਉਸ ਨੇ ਨਸ਼ਾ ਤਸਕਰਾਂ ਨੂੰ ਬਚਾਉਣ ਲਈ ਸਰਕਾਰੀ ਰਿਕਾਰਡ ਵਿੱਚ ਹੇਰ-ਫੇਰ ਕੀਤੀ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਵਸੂਲੀਆਂ ਕੀਤੀਆਂ। ਇਨ੍ਹਾਂ ਗੰਭੀਰ ਖੁਲਾਸਿਆਂ ਤੋਂ ਬਾਅਦ ਸਰਕਾਰ ਨੇ ਉਸ ਨੂੰ ਪੁਲਿਸ ਸੇਵਾ ਵਿੱਚੋਂ ਬਰਖਾਸਤ ਕਰ ਦਿੱਤਾ ਸੀ।
ਇਸ ਤੋਂ ਇਲਾਵਾ, ਉਸ ਖ਼ਿਲਾਫ਼ ਐੱਨਡੀਪੀਐੱਸ ਐਕਟ (NDPS Act), ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਜਾਅਲਸਾਜ਼ੀ ਦੀਆਂ ਧਾਰਾਵਾਂ ਤਹਿਤ ਮੁਕੱਦਮੇ ਦਰਜ ਹਨ। ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਵੀ ਵੱਖਰੀ ਜਾਂਚ ਕੀਤੀ ਜਾ ਰਹੀ ਹੈ।
ਅਦਾਲਤ ਵੱਲੋਂ ਐਲਾਨਿਆ ਗਿਆ ਸੀ ਭਗੌੜਾ
ਲਗਾਤਾਰ ਪੇਸ਼ ਨਾ ਹੋਣ ਕਰਕੇ ਜਾਂਚ ਏਜੰਸੀਆਂ ਦੀ ਮੰਗ ‘ਤੇ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਸੀ ਅਤੇ ਉਸ ਦੀ ਭਾਲ ਲਈ ਛਾਪੇਮਾਰੀ ਜਾਰੀ ਸੀ। ਹੁਣ ਹਿਰਾਸਤ ਵਿੱਚ ਆਉਣ ਨਾਲ ਪੁਲਿਸ ਨੂੰ ਪੁੱਛਗਿੱਛ ਦੌਰਾਨ ਪੰਜਾਬ ਵਿੱਚ ਨਸ਼ਾ ਤਸਕਰੀ ਅਤੇ ਪੁਲਿਸ ਵਿਭਾਗ ਦੇ ਕਥਿਤ ਗਠਜੋੜ ਬਾਰੇ ਹੋਰ ਅਹਿਮ ਸੁਰਾਗ ਮਿਲਣ ਦੀ ਉਮੀਦ ਹੈ।
ਸੂਬੇ ਅੰਦਰ ਨਸ਼ਿਆਂ ਦੇ ਮੁੱਦੇ ‘ਤੇ ਚੱਲ ਰਹੀ ਸਿਆਸੀ ਬਹਿਸ ਦਰਮਿਆਨ ਇਹ ਗ੍ਰਿਫ਼ਤਾਰੀ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ। ਪੁਲਿਸ ਹੁਣ ਰਾਜਜੀਤ ਸਿੰਘ ਨੂੰ ਰਿਮਾਂਡ ‘ਤੇ ਲੈਣ ਲਈ ਅਦਾਲਤ ਵਿੱਚ ਪੇਸ਼ ਕਰੇਗੀ, ਜਿਸ ਤੋਂ ਬਾਅਦ ਇਸ ਹਾਈ-ਪ੍ਰੋਫਾਈਲ ਮਾਮਲੇ ਵਿੱਚ ਨਵੇਂ ਖੁਲਾਸੇ ਹੋਣ ਦੀ ਸੰਭਾਵਨਾ ਹੈ।



