Punjab Monsoon Weather Update Latest News Today: ਪੰਜਾਬ ਵਿੱਚ ਬਰਸਾਤੀ ਗਤੀਵਿਧੀਆਂ ਲਗਭਗ ਥੰਮ੍ਹ ਗਈਆਂ ਹਨ ਅਤੇ ਮੌਨਸੂਨ ਦੀ ਚਾਲ ਮੱਠੀ ਪੈਣ ਕਾਰਨ ਗਰਮੀ ਤੇ ਹੁੰਮਸ ਨੇ ਮੁੜ ਜ਼ੋਰ ਫੜ ਲਿਆ ਹੈ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਮੰਗਲਵਾਰ ਨੂੰ ਸੂਬੇ ਦੇ ਬਹੁਤੇ ਹਿੱਸਿਆਂ ਵਿੱਚ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ, ਜਦਕਿ ਮਹਿਜ਼ ਤਿੰਨ ਜ਼ਿਲ੍ਹਿਆਂ—ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ—ਵਿੱਚ ਹੀ ਇਕਾ-ਦੁੱਕਾ ਥਾਵਾਂ ‘ਤੇ ਹਲਕੇ ਤੋਂ ਦਰਮਿਆਨੇ ਛਿੱਟੇ ਪੈ ਸਕਦੇ ਹਨ।
ਸੋਮਵਾਰ ਨੂੰ ਵੀ ਸੂਬੇ ਅੰਦਰ ਬੱਦਲਵਾਈ ਦੇ ਬਾਵਜੂਦ ਬਾਰਿਸ਼ ਨਾ ਦੇ ਬਰਾਬਰ ਰਹੀ। ਹਾਲਾਂਕਿ ਪਹਿਲਾਂ 14 ਜ਼ਿਲ੍ਹਿਆਂ ਵਿੱਚ ਮੀਂਹ ਦਾ ਅੰਦਾਜ਼ਾ ਲਗਾਇਆ ਗਿਆ ਸੀ, ਪਰ ਅਸਲ ਵਿੱਚ ਸਿਰਫ਼ ਪਠਾਨਕੋਟ ਅੰਦਰ ਹੀ ਮਹਿਜ਼ 0.5 ਮਿਲੀਮੀਟਰ ਬੂੰਦਾਬਾਂਦੀ ਦਰਜ ਹੋਈ। ਮੀਂਹ ਰੁਕਣ ਨਾਲ ਸੂਬੇ ਦਾ ਔਸਤਨ ਵੱਧ ਤੋਂ ਵੱਧ ਤਾਪਮਾਨ 0.7 ਡਿਗਰੀ ਸੈਲਸੀਅਸ ਚੜ੍ਹ ਗਿਆ। ਮਾਲਵੇ ਦਾ ਬਠਿੰਡਾ ਸ਼ਹਿਰ 36.4 ਡਿਗਰੀ ਸੈਲਸੀਅਸ ਪਾਰੇ ਨਾਲ ਸਭ ਤੋਂ ਗਰਮ ਰਿਹਾ, ਜਦਕਿ ਪਠਾਨਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ 31.2 ਡਿਗਰੀ ਦਰਜ ਕੀਤਾ ਗਿਆ।
ਚੰਡੀਗੜ੍ਹ ‘ਚ ਹੁੰਮਸ ਭਰੀ ਗਰਮੀ ਨੇ ਕੱਢੇ ਵੱਟ
ਰਾਜਧਾਨੀ ਚੰਡੀਗੜ੍ਹ ਵਿੱਚ ਆਸਮਾਨ ਉੱਤੇ ਬੱਦਲਾਂ ਦੇ ਡੇਰੇ ਤਾਂ ਹਨ, ਪਰ ਮੀਂਹ ਨਾ ਪੈਣ ਅਤੇ ਹਵਾ ਵਿੱਚ ਨਮੀ ਦੀ ਮਾਤਰਾ ਵਧਣ ਕਾਰਨ ਚਿਪਚਿਪੀ ਗਰਮੀ ਲੋਕਾਂ ਦੇ ਪਸੀਨੇ ਛੁਡਵਾ ਰਹੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਖਿੱਤੇ ਵਿੱਚ ਦੋ ਪੱਛਮੀ ਗੜਬੜੀਆਂ (ਵੈਸਟਰਨ ਡਿਸਟਰਬੈਂਸ) ਸਰਗਰਮ ਹਨ—ਜਿਨ੍ਹਾਂ ਵਿੱਚੋਂ ਇੱਕ ਕਸ਼ਮੀਰ ਅਤੇ ਨਾਲ ਲੱਗਦੇ ਇਲਾਕਿਆਂ ਉੱਤੇ ਹੈ ਅਤੇ ਦੂਜੀ ਵਾਯੂਮੰਡਲ ਦੀਆਂ ਉਪਰਲੀਆਂ ਪਰਤਾਂ ਵਿੱਚ ਮੌਜੂਦ ਹੈ। ਇਸ ਦੇ ਨਾਲ ਹੀ ਮੌਨਸੂਨ ਟਰਫ਼ ਵੀ ਉੱਤਰੀ ਭਾਰਤ ਵਿੱਚੋਂ ਲੰਘ ਰਹੀ ਹੈ। ਇਨ੍ਹਾਂ ਕਾਰਨਾਂ ਕਰਕੇ ਪਹਾੜੀ ਸਰਹੱਦ ਨਾਲ ਲੱਗਦੇ ਕੁਝ ਇਲਾਕਿਆਂ ਵਿੱਚ ਬੱਦਲ ਬਣ ਰਹੇ ਹਨ, ਪਰ ਮੈਦਾਨੀ ਖੇਤਰਾਂ ਵਿੱਚ ਵੱਡੇ ਮੀਂਹ ਦੀ ਕੋਈ ਸੰਭਾਵਨਾ ਨਹੀਂ।
ਡੈਮਾਂ ਵਿੱਚ ਪਾਣੀ ਦਾ ਪੱਧਰ ਕੰਟਰੋਲ ਹੇਠ
ਦੂਜੇ ਪਾਸੇ, ਹਿਮਾਚਲ ਅਤੇ ਪੰਜਾਬ ਦੇ ਪ੍ਰਮੁੱਖ ਸਰੋਵਰਾਂ ਵਿੱਚ ਪਾਣੀ ਦੀ ਆਮਦ ਨਿਕਾਸੀ ਨਾਲੋਂ ਵੱਧ ਦਰਜ ਕੀਤੀ ਜਾ ਰਹੀ ਹੈ, ਪਰ ਦੋਵੇਂ ਡੈਮ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਹੇਠਾਂ ਹਨ:
-
ਭਾਖੜਾ ਡੈਮ: ਪਾਣੀ ਦਾ ਪੱਧਰ 1,643 ਫੁੱਟ ‘ਤੇ ਪਹੁੰਚਿਆ ਹੈ (ਖ਼ਤਰੇ ਦਾ ਨਿਸ਼ਾਨ 1,680 ਫੁੱਟ)। ਡੈਮ ਵਿੱਚ ਪਾਣੀ ਦੀ ਆਮਦ 37,778 ਕਿਊਸਿਕ ਅਤੇ ਨਿਕਾਸੀ 25,300 ਕਿਊਸਿਕ ਦਰਜ ਹੋਈ।
-
ਪੌਂਗ ਡੈਮ: ਇੱਥੇ ਪਾਣੀ ਦਾ ਪੱਧਰ 1,372.14 ਫੁੱਟ ਰਿਹਾ (ਖ਼ਤਰੇ ਦਾ ਨਿਸ਼ਾਨ 1,390 ਫੁੱਟ)। ਝੀਲ ਵਿੱਚ 20,689 ਕਿਊਸਿਕ ਪਾਣੀ ਆ ਰਿਹਾ ਸੀ ਜਦਕਿ 10,011 ਕਿਊਸਿਕ ਛੱਡਿਆ ਜਾ ਰਿਹਾ ਸੀ।
ਅਧਿਕਾਰੀਆਂ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਮੌਨਸੂਨ ਹੋਰ ਕਮਜ਼ੋਰ ਹੋ ਸਕਦਾ ਹੈ, ਜਿਸ ਕਾਰਨ ਪੰਜਾਬ ਵਾਸੀਆਂ ਨੂੰ ਤੇਜ਼ ਧੁੱਪ ਅਤੇ ਹੁੰਮਸ ਭਰੇ ਮੌਸਮ ਦਾ ਸਾਹਮਣਾ ਕਰਨਾ ਪਵੇਗਾ।



