Mad Sandhu Murder Case ’ਚ ਨਵਾਂ ਮੋੜ: ਸੋਸ਼ਲ ਮੀਡੀਆ ’ਤੇ ਆਡੀਓ ਵਾਇਰਲ ਕਰਕੇ ਲਈ ਜ਼ਿੰਮੇਵਾਰੀ; ਗੋਲਡੀ ਢਿੱਲੋਂ ਸਣੇ ਤਿੰਨ ਨਾਵਾਂ ਦਾ ਜ਼ਿਕਰ

Mad Sandhu Murder Case Latest News Today: ਪੰਜਾਬੀ ਮਨੋਰੰਜਨ ਜਗਤ ਦੇ ਮਸ਼ਹੂਰ ਮੇਕਅੱਪ ਸਟਾਈਲਿਸਟ ਤੇ ਡਿਜੀਟਲ ਇਨਫਲੂਐਂਸਰ ਮਧੂਸੂਦਨ ਉਰਫ਼ ਮੈਡ ਸੰਧੂ ਦੇ ਕਤਲ ਮਾਮਲੇ ਵਿੱਚ ਇੱਕ ਹੈਰਾਨੀਜਨਕ ਮੋੜ ਸਾਹਮਣੇ ਆਇਆ ਹੈ। ਇੰਟਰਨੈੱਟ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇੱਕ ਕਥਿਤ ਆਡੀਓ ਕਲਿੱਪ ਰਾਹੀਂ ਇਸ ਵਾਰਦਾਤ ਦੀ ਜ਼ਿੰਮੇਵਾਰੀ ਕਬੂਲੀ ਗਈ ਹੈ।
ਵਾਇਰਲ ਰਿਕਾਰਡਿੰਗ ਵਿੱਚ ਗੋਲਡੀ ਢਿੱਲੋਂ, ਲੱਕੀ ਜੋਹਲ ਅਤੇ ਮਨੀ ਪੱਡਾ ਦੇ ਨਾਂ ਲੈਂਦਿਆਂ ਦਾਅਵਾ ਕੀਤਾ ਗਿਆ ਹੈ ਕਿ ਇਹ ਕਤਲ ਉਨ੍ਹਾਂ ਦੇ ਗਿਰੋਹ ਨੇ ਕਰਵਾਇਆ ਹੈ। ਹਾਲਾਂਕਿ, ਇਸ ਆਡੀਓ ਦੀ ਅਸਲੀਅਤ ਅਤੇ ਇਸ ਵਿੱਚ ਸੁਣਾਈ ਦੇ ਰਹੀ ਆਵਾਜ਼ ਦੀ ਪੁਲਿਸ ਜਾਂ ਕਿਸੇ ਨਿਰਪੱਖ ਜਾਂਚ ਏਜੰਸੀ ਵੱਲੋਂ ਫ਼ਿਲਹਾਲ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਪੈਸੇ ਦਾ ਲੈਣ-ਦੇਣ ਨਹੀਂ, ਸਮਾਜਿਕ ਮਾਹੌਲ ਵਿਗਾੜਨ ਦੇ ਲਾਏ ਦੋਸ਼
ਧਾਰਮਿਕ ਫ਼ਤਿਹ ਨਾਲ ਸ਼ੁਰੂ ਹੋਣ ਵਾਲੀ ਇਸ ਕਲਿੱਪ ਵਿੱਚ ਬੋਲਣ ਵਾਲਾ ਵਿਅਕਤੀ ਦਾਅਵਾ ਕਰਦਾ ਹੈ ਕਿ ਸੰਧੂ ਦੀ ਹੱਤਿਆ ਪਿੱਛੇ ਕੋਈ ਪੈਸੇ ਦਾ ਵਿਵਾਦ ਜਾਂ ਲੁੱਟ-ਖੋਹ ਦਾ ਮਕਸਦ ਨਹੀਂ ਸੀ। ਉਸ ਨੇ ਦੋਸ਼ ਲਾਇਆ ਕਿ ਸੰਧੂ ਦੀਆਂ ਸੋਸ਼ਲ ਮੀਡੀਆ ਸਰਗਰਮੀਆਂ ਕਾਰਨ ਪੰਜਾਬ ਦੇ ਸੱਭਿਆਚਾਰਕ ਅਤੇ ਸਮਾਜਿਕ ਤਾਣੇ-ਬਾਣੇ ‘ਤੇ ਮਾੜਾ ਅਸਰ ਪੈ ਰਿਹਾ ਸੀ। ਇੰਨਾ ਹੀ ਨਹੀਂ, ਇਸ ਆਡੀਓ ਵਿੱਚ ‘ਅਰੂਪ੍ਰੀਤ’ ਨਾਮੀ ਇੱਕ ਹੋਰ ਸ਼ਖ਼ਸ ਦਾ ਨਾਂ ਲੈ ਕੇ ਉਸ ਨੂੰ ਅਗਲਾ ਨਿਸ਼ਾਨਾ ਬਣਾਉਣ ਦੀ ਧਮਕੀ ਵੀ ਦਿੱਤੀ ਗਈ ਹੈ।
ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਮਲਾਵਰ, ਫ਼ੋਰੈਂਸਿਕ ਜਾਂਚ ਸ਼ੁਰੂ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਵਿਖੇ ਬਾਈਕ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਮੈਡ ਸੰਧੂ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ ਦਿੱਤਾ ਸੀ, ਜਿਨ੍ਹਾਂ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ ਸੀ। ਇਸ ਦਿਲ-ਕੰਬਾਊ ਵਾਰਦਾਤ ਨੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਸੀ।
ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਿਹਾ ਹੈ। ਅਧਿਕਾਰੀਆਂ ਮੁਤਾਬਕ ਸੋਸ਼ਲ ਮੀਡੀਆ ‘ਤੇ ਚੱਲ ਰਹੀ ਆਡੀਓ ਨੂੰ ਜਾਂਚ ਦੇ ਦਾਇਰੇ ਵਿੱਚ ਲਿਆ ਗਿਆ ਹੈ ਅਤੇ ਸਾਈਬਰ ਸੈੱਲ ਰਾਹੀਂ ਇਸ ਦੀ ਫ਼ੋਰੈਂਸਿਕ ਪੜਤਾਲ ਕਰਵਾਈ ਜਾ ਰਹੀ ਹੈ ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਇਹ ਵਾਕਈ ਹਮਲਾਵਰਾਂ ਦੀ ਹੈ ਜਾਂ ਕਿਸੇ ਨੇ ਸਨਸਨੀ ਫੈਲਾਉਣ ਲਈ ਇਸ ਨੂੰ ਸਾਂਝਾ ਕੀਤਾ ਹੈ।
ਸੂਬੇ ਅੰਦਰ ਹਾਲ ਹੀ ਵਿੱਚ ਇੱਕ ਏਐੱਸਆਈ ਦੇ ਹੋਏ ਕਤਲ ਸਮੇਤ ਹਥਿਆਰਾਂ ਦੀ ਵਰਤੋਂ ਨਾਲ ਵਾਪਰੀਆਂ ਹਿੰਸਕ ਘਟਨਾਵਾਂ ਕਾਰਨ ਪਹਿਲਾਂ ਹੀ ਕਾਨੂੰਨ-ਵਿਵਸਥਾ ‘ਤੇ ਸਵਾਲ ਉੱਠ ਰਹੇ ਹਨ। ਅਜਿਹੇ ਵਿੱਚ ਪੁਲਿਸ ਟੀਮਾਂ ਸੀਸੀਟੀਵੀ ਫੁਟੇਜ ਅਤੇ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਕਾਤਲਾਂ ਦੀ ਪੈੜ ਨੱਪਣ ਲਈ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।

Leave a Comment

Your email address will not be published. Required fields are marked *

Scroll to Top