Influenza A (H1N1) Causes, Symptoms Latest News: ਮੌਸਮ ਵਿੱਚ ਆ ਰਹੇ ਬਦਲਾਅ ਦੇ ਨਾਲ ਹੀ ਵਾਇਰਲ ਲਾਗ ਅਤੇ ਸਾਹ ਪ੍ਰਣਾਲੀ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਵਧਣ ਲੱਗਦਾ ਹੈ। ਇਹਨਾਂ ਵਿੱਚੋਂ ਹੀ ਇੱਕ ਹੈ ਇਨਫ਼ਲੂਐਂਜ਼ਾ ਏ (H1N1), ਜਿਸ ਨੂੰ ਆਮ ਬੋਲਚਾਲ ਵਿੱਚ ਮੌਸਮੀ ਫ਼ਲੂ ਵਜੋਂ ਜਾਣਿਆ ਜਾਂਦਾ ਹੈ। ਆਮ ਤੌਰ ‘ਤੇ ਤੰਦਰੁਸਤ ਬਾਲਗਾਂ ਵਿੱਚ ਇਹ ਲਾਗ ਸਹੀ ਦੇਖਭਾਲ ਨਾਲ ਆਪਣੇ-ਆਪ ਠੀਕ ਹੋ ਜਾਂਦੀ ਹੈ, ਪਰ ਲੱਛਣਾਂ ਪ੍ਰਤੀ ਲਾਪਰਵਾਹੀ ਵਰਤਣੀ ਭਾਰੀ ਵੀ ਪੈ ਸਕਦੀ ਹੈ।
ਮੁੱਖ ਲੱਛਣਾਂ ਦੀ ਪਛਾਣ ਜ਼ਰੂਰੀ
ਜਦੋਂ ਕੋਈ ਵਿਅਕਤੀ ਇਸ ਵਾਇਰਸ ਦੀ ਲਪੇਟ ਵਿੱਚ ਆਉਂਦਾ ਹੈ, ਤਾਂ ਉਸ ਵਿੱਚ ਹੇਠ ਲਿਖੇ ਮੁੱਖ ਲੱਛਣ ਸਾਹਮਣੇ ਆ ਸਕਦੇ ਹਨ:
-
ਤੇਜ਼ ਬੁਖ਼ਾਰ ਅਤੇ ਠੰਢ ਲੱਗਣਾ
-
ਖੰਘ ਅਤੇ ਗਲੇ ਵਿੱਚ ਖ਼ਰਾਸ਼ ਜਾਂ ਦਰਦ
-
ਸਿਰਦਰਦ ਦੇ ਨਾਲ-ਨਾਲ ਪਿੰਡੇ ਤੇ ਮਾਸਪੇਸ਼ੀਆਂ ਵਿੱਚ ਤੇਜ਼ ਦਰਦ
-
ਬਹੁਤ ਜ਼ਿਆਦਾ ਕਮਜ਼ੋਰੀ ਤੇ ਥਕਾਵਟ ਮਹਿਸੂਸ ਹੋਣਾ
ਘਰੇਲੂ ਸੰਭਾਲ ਤੇ ਬਚਾਅ ਦੇ ਤਰੀਕੇ
ਮਾਹਿਰਾਂ ਮੁਤਾਬਕ ਫ਼ਲੂ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਮਰੀਜ਼ ਨੂੰ ਪੂਰਾ ਆਰਾਮ ਕਰਨਾ ਚਾਹੀਦਾ ਹੈ। ਇਸ ਦੌਰਾਨ ਸਰੀਰ ਵਿੱਚ ਪਾਣੀ ਦੀ ਘਾਟ ਨਾ ਹੋਣ ਦੇਣ ਲਈ ਗਰਮ ਪਾਣੀ, ਸੂਪ ਅਤੇ ਤਰਲ ਪਦਾਰਥਾਂ ਦੀ ਵਰਤੋਂ ਲਾਹੇਵੰਦ ਰਹਿੰਦੀ ਹੈ। ਲੱਛਣਾਂ ਨੂੰ ਦਬਾਉਣ ਲਈ ਬਿਨਾਂ ਡਾਕਟਰੀ ਸਲਾਹ ਦੇ ਤੇਜ਼ ਐਂਟੀਬਾਇਓਟਿਕਸ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਡਾਕਟਰ ਕੋਲ ਕਦੋਂ ਪਹੁੰਚਣਾ ਲਾਜ਼ਮੀ ਹੈ?
ਜੇਕਰ ਆਰਾਮ ਅਤੇ ਦੇਖਭਾਲ ਦੇ ਬਾਵਜੂਦ 5 ਤੋਂ 6 ਦਿਨਾਂ ਤੱਕ ਮਰੀਜ਼ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਹੋਵੇ ਜਾਂ ਬੁਖ਼ਾਰ ਲਗਾਤਾਰ ਬਣਿਆ ਰਹੇ, ਤਾਂ ਬਿਨਾਂ ਦੇਰੀ ਕੀਤੇ ਨੇੜਲੇ ਸਰਕਾਰੀ ਹਸਪਤਾਲ ਜਾਂ ਕਿਸੇ ਮਾਹਿਰ ਡਾਕਟਰ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ।
ਇਹਨਾਂ ਵਰਗਾਂ ਲਈ ਵਿਸ਼ੇਸ਼ ਚੌਕਸੀ ਲੋੜੀਂਦੀ
ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਹੀ ਦਮਾ, ਸ਼ੂਗਰ ਜਾਂ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ ਲੋਕਾਂ ਵਿੱਚ ਇਸ ਵਾਇਰਸ ਕਾਰਨ ਪੇਚੀਦਗੀਆਂ ਵਧਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਅਜਿਹੇ ਮਰੀਜ਼ਾਂ ਵਿੱਚ ਲੱਛਣ ਦਿਸਦੇ ਹੀ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ। ਸਮੇਂ ਸਿਰ ਜਾਂਚ ਅਤੇ ਸਹੀ ਇਲਾਜ ਨਾਲ ਗੰਭੀਰ ਸਥਿਤੀ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ।



