LPU Students Protest: ਐੱਲਪੀਯੂ ਕੈਂਪਸ ’ਚ ਅੱਧੀ ਰਾਤ ਵਿਦਿਆਰਥੀਆਂ ਦਾ ਜ਼ੋਰਦਾਰ ਪ੍ਰਦਰਸ਼ਨ; ਕਥਿਤ ਜਬਰ-ਜ਼ਨਾਹ ਮਾਮਲੇ ਵਿੱਚ ਪੁਲਿਸ ਵੱਲੋਂ ਪਰਚਾ ਦਰਜ ਕਰਨ ਦੀ ਕਾਰਵਾਈ ਸ਼ੁਰੂ

LPU Students Protest: ਐੱਲਪੀਯੂ ਕੈਂਪਸ ’ਚ ਅੱਧੀ ਰਾਤ ਵਿਦਿਆਰਥੀਆਂ ਦਾ ਜ਼ੋਰਦਾਰ ਪ੍ਰਦਰਸ਼ਨ; ਕਥਿਤ ਜਬਰ-ਜ਼ਨਾਹ ਮਾਮਲੇ ਵਿੱਚ ਪੁਲਿਸ ਵੱਲੋਂ ਪਰਚਾ ਦਰਜ ਕਰਨ ਦੀ ਕਾਰਵਾਈ ਸ਼ੁਰੂ
LPU Students Protest in Jalandhar Over Alleged Gang Rape: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੀ ਇੱਕ ਹੋਸਟਲ ਵਾਸੀ ਵਿਦਿਆਰਥਣ ਨਾਲ ਕਥਿਤ ਬਲਾਤਕਾਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੈਂਪਸ ਵਿੱਚ ਹਾਲਾਤ ਤਣਾਅਪੂਰਨ ਹੋ ਗਏ। ਘਟਨਾ ਤੋਂ ਖ਼ਫ਼ਾ ਹੋਏ ਸੈਂਕੜੇ ਵਿਦਿਆਰਥੀ ਦੇਰ ਰਾਤ ਸੜਕਾਂ ‘ਤੇ ਉੱਤਰ ਆਏ ਅਤੇ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਪ੍ਰਾਪਤ ਵੇਰਵਿਆਂ ਮੁਤਾਬਕ ਯੂਨੀਵਰਸਿਟੀ ਦੇ ‘ਜੀ-3’ ਗਰਲਜ਼ ਹੋਸਟਲ ਦੀ ਇੱਕ ਵਿਦਿਆਰਥਣ ਨਾਲ ਵਾਪਰੀ ਇਸ ਘਟਨਾ ਨੂੰ ਲੈ ਕੇ ਵਿਦਿਆਰਥੀਆਂ ਦਾ ਗੁੱਸਾ ਰਾਤ ਕਰੀਬ 2 ਵਜੇ ਫੁੱਟ ਪਿਆ। ਵੱਡੀ ਤਾਦਾਦ ਵਿੱਚ ਇਕੱਠੇ ਹੋਏ ਵਿਦਿਆਰਥੀਆਂ ਨੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਵਾਰਦਾਤ ਤਿੰਨ ਦਿਨ ਪਹਿਲਾਂ ਵਾਪਰੀ ਸੀ, ਪ੍ਰੰਤੂ ਸ਼ਿਕਾਇਤ ਦੇ ਬਾਵਜੂਦ ਪੁਲਿਸ ਅਤੇ ਪ੍ਰਬੰਧਕਾਂ ਵੱਲੋਂ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਕੋਈ ਢੁਕਵੀਂ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ।

ਨਾਮਲੂਮ ਵਿਅਕਤੀ ਖ਼ਿਲਾਫ਼ ਕੇਸ ਦਰਜ; ਐੱਸਆਈਟੀ ਕਰੇਗੀ ਜਾਂਚ

ਮੌਕੇ ‘ਤੇ ਪਹੁੰਚੇ ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਗਲਾ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਪੁਲਿਸ ਨੇ ਵਿਦਿਆਰਥੀਆਂ ਦੇ ਬਿਆਨ ਕਲਮਬੰਦ ਕਰ ਲਏ ਹਨ ਅਤੇ ਐੱਫ.ਆਈ.ਆਰ. ਦਰਜ ਕਰਨ ਦੀ ਪ੍ਰਕਿਰਿਆ ਵਿੱਢ ਦਿੱਤੀ ਗਈ ਹੈ। ਮੁਲਜ਼ਮ ਦੀ ਪਛਾਣ ਸਪੱਸ਼ਟ ਨਾ ਹੋਣ ਕਾਰਨ ਮੁੱਢਲੇ ਤੌਰ ‘ਤੇ ਇਹ ਕੇਸ ਅਣਪਛਾਤੇ ਵਿਅਕਤੀ ਖ਼ਿਲਾਫ਼ ਦਰਜ ਕੀਤਾ ਜਾ ਰਿਹਾ ਹੈ।
ਡੀਆਈਜੀ ਨੇ ਸਪੱਸ਼ਟ ਕੀਤਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇੱਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਜਾਵੇਗਾ। ਜਾਂਚ ਅਧਿਕਾਰੀ ਸੀਸੀਟੀਵੀ ਫੁਟੇਜ, ਫ਼ੋਰੈਂਸਿਕ ਨਮੂਨਿਆਂ ਅਤੇ ਮੋਬਾਈਲ ਡਾਟਾ ਵਰਗੇ ਵਿਗਿਆਨਕ ਸਬੂਤਾਂ ਦੇ ਆਧਾਰ ‘ਤੇ ਸੱਚਾਈ ਸਾਹਮਣੇ ਲਿਆਉਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਪੜਤਾਲ ਦੌਰਾਨ ਵਿਦਿਆਰਥੀ ਨੁਮਾਇੰਦਿਆਂ ਨੂੰ ਵੀ ਵਿਸ਼ਵਾਸ ਵਿੱਚ ਲਿਆ ਜਾਵੇਗਾ।

ਹੋਸਟਲ ਸੁਰੱਖਿਆ ਅਤੇ ਸਹੂਲਤਾਂ ’ਤੇ ਵੀ ਸਵਾਲ

ਇਸ ਰੋਸ ਮੁਜ਼ਾਹਰੇ ਦੌਰਾਨ ਵਿਦਿਆਰਥੀਆਂ ਨੇ ਕੈਂਪਸ ਦੇ ਲੜਕੇ ਅਤੇ ਲੜਕੀਆਂ ਦੇ ਹੋਸਟਲਾਂ ਦੀ ਸੁਰੱਖਿਆ ਪ੍ਰਣਾਲੀ ਅਤੇ ਉੱਥੇ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਨੂੰ ਲੈ ਕੇ ਵੀ ਗੰਭੀਰ ਸਵਾਲ ਚੁੱਕੇ। ਪੁਲਿਸ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਸ਼ਾਂਤ ਕਰਵਾਉਂਦਿਆਂ ਭਰੋਸਾ ਦਿੱਤਾ ਕਿ ਐੱਫ.ਆਈ.ਆਰ. ਦੀ ਕਾਪੀ ਉਨ੍ਹਾਂ ਨੂੰ ਸੌਂਪੀ ਜਾਵੇਗੀ। ਇਸ ਤੋਂ ਇਲਾਵਾ ਹੋਸਟਲ ਪ੍ਰਬੰਧਾਂ ਨਾਲ ਜੁੜੇ ਮਸਲਿਆਂ ਦੇ ਹੱਲ ਲਈ ਵਿਦਿਆਰਥੀ ਆਗੂਆਂ ਅਤੇ ਯੂਨੀਵਰਸਿਟੀ ਮੈਨੇਜਮੈਂਟ ਵਿਚਾਲੇ ਦੁਪਹਿਰ ਵੇਲੇ ਇੱਕ ਅਹਿਮ ਬੈਠਕ ਸੱਦੀ ਗਈ ਹੈ ਤਾਂ ਜੋ ਕੈਂਪਸ ਅੰਦਰ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

Leave a Comment

Your email address will not be published. Required fields are marked *

Scroll to Top