LPU Students Protest: ਯੂਨੀਵਰਸਿਟੀ ਨੇ ਬਲਾਤਕਾਰ ਦੇ ਦਾਅਵਿਆਂ ਨੂੰ ਨਕਾਰਿਆ; ਸੋਸ਼ਲ ਮੀਡੀਆ ਅਫ਼ਵਾਹਾਂ ਦੀ ਪੁਲਿਸ ਵੱਲੋਂ ਪੜਤਾਲ

LPU Students Protest: ਯੂਨੀਵਰਸਿਟੀ ਨੇ ਬਲਾਤਕਾਰ ਦੇ ਦਾਅਵਿਆਂ ਨੂੰ ਨਕਾਰਿਆ; ਸੋਸ਼ਲ ਮੀਡੀਆ ਅਫ਼ਵਾਹਾਂ ਦੀ ਪੁਲਿਸ ਵੱਲੋਂ ਪੜਤਾਲ

LPU Issues Statement Over Students Protest Amid Allegations Of Gang Rape: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਵਿੱਚ ਦੇਰ ਰਾਤ ਵਿਦਿਆਰਥੀਆਂ ਦੇ ਵੱਡੇ ਰੋਸ ਪ੍ਰਦਰਸ਼ਨ ਤੋਂ ਬਾਅਦ ਪੈਦਾ ਹੋਏ ਤਣਾਅ ਦਰਮਿਆਨ ਯੂਨੀਵਰਸਿਟੀ ਪ੍ਰਬੰਧਕਾਂ ਨੇ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਬਲਾਤਕਾਰ ਦੀਆਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਇਨ੍ਹਾਂ ਨੂੰ ਮਹਿਜ਼ ਮਨਘੜਤ ਅਫ਼ਵਾਹ ਕਰਾਰ ਦਿੱਤਾ ਹੈ।

ਦਰਅਸਲ, ਇਹ ਵਿਵਾਦ ਉਸ ਸਮੇਂ ਭੜਕਿਆ ਜਦੋਂ ਇੰਟਰਨੈੱਟ ਮੀਡੀਆ ਰਾਹੀਂ ਇਹ ਦਾਅਵਾ ਫੈਲਾਇਆ ਗਿਆ ਕਿ ਇੱਕ ਬਾਹਰੀ ਵਿਅਕਤੀ ਨੇ ਹੋਸਟਲ ਵਾਸੀ ਵਿਦਿਆਰਥਣ ਦਾ ਕਥਿਤ ਜਿਨਸੀ ਸ਼ੋਸ਼ਣ ਕੀਤਾ ਹੈ। ਇਸ ਖ਼ਬਰ ਦੇ ਫੈਲਦਿਆਂ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਕੈਂਪਸ ਦੇ ਅੰਦਰ ਇਕੱਠੇ ਹੋ ਗਏ ਅਤੇ ਦੋਸ਼ਾਂ ਦੀ ਨਿਰਪੱਖ ਜਾਂਚ ਤੇ ਤੁਰੰਤ ਕਾਰਵਾਈ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਯੂਨੀਵਰਸਿਟੀ ਪ੍ਰਸ਼ਾਸਨ ਨੇ ਇੱਕ ਬਿਆਨ ਜਾਰੀ ਕਰਦਿਆਂ ਸਪੱਸ਼ਟ ਕੀਤਾ ਕਿ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਾਣਬੁੱਝ ਕੇ ਝੂਠਾ ਪ੍ਰਚਾਰ ਕਰਕੇ ਅਦਾਰੇ ਦੇ ਅਕਸ ਨੂੰ ਢਾਹ ਲਾਉਣ ਅਤੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪ੍ਰਬੰਧਕਾਂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਦੇ ਗ਼ੈਰ-ਪ੍ਰਮਾਣਿਤ ਸੁਨੇਹਿਆਂ ‘ਤੇ ਯਕੀਨ ਕਰਨ ਦੀ ਬਜਾਏ ਸਿਰਫ਼ ਅਧਿਕਾਰਤ ਜਾਣਕਾਰੀ ‘ਤੇ ਹੀ ਭਰੋਸਾ ਕਰਨ।

ਰੋਸ ਪ੍ਰਦਰਸ਼ਨ ਹਿੰਸਕ ਹੋਇਆ, ਹਾਈਵੇਅ ਜਾਮ

ਰਾਤ ਵੇਲੇ ਪ੍ਰਦਰਸ਼ਨ ਨੇ ਹਿੰਸਕ ਮੋੜ ਲੈ ਲਿਆ। ਗੁੱਸੇ ਵਿੱਚ ਆਏ ਵਿਦਿਆਰਥੀਆਂ ਵੱਲੋਂ ਕੈਂਪਸ ਦੇ ਮੁੱਖ ਗੇਟ ਅਤੇ ਹੋਰ ਹਿੱਸਿਆਂ ਵਿੱਚ ਭੰਨ-ਤੋੜ ਕੀਤੀ ਗਈ, ਜਦਕਿ ਇੱਕ ਗੱਡੀ ਨੂੰ ਅੱਗ ਲਗਾਏ ਜਾਣ ਦੀ ਵੀ ਸੂਚਨਾ ਮਿਲੀ। ਵਿਦਿਆਰਥੀ ਬਾਹਰ ਨਿਕਲ ਕੇ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ ਅਤੇ ਲੁਧਿਆਣਾ-ਜਲੰਧਰ ਮਾਰਗ ‘ਤੇ ਧਰਨਾ ਲਗਾ ਕੇ ਬੈਠ ਗਏ, ਜਿਸ ਕਾਰਨ ਲੰਬਾ ਟ੍ਰੈਫਿਕ ਜਾਮ ਲੱਗ ਗਿਆ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਕਪੂਰਥਲਾ ਦੇ ਐੱਸਐੱਸਪੀ ਗੌਰਵ ਤੂਰਾ ਭਾਰੀ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪੁੱਜੇ ਅਤੇ ਸਥਿਤੀ ਨੂੰ ਕੰਟਰੋਲ ਵਿੱਚ ਕਰਨ ਲਈ ਵਿਦਿਆਰਥੀ ਆਗੂਆਂ ਨਾਲ ਰਾਬਤਾ ਕਾਇਮ ਕੀਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਕੋਲ ਜਬਰ-ਜ਼ਨਾਹ ਸਬੰਧੀ ਕੋਈ ਵੀ ਰਸਮੀ ਸ਼ਿਕਾਇਤ ਦਰਜ ਨਹੀਂ ਸੀ ਕਰਵਾਈ ਗਈ। ਪੁਲਿਸ ਨੂੰ ਇਸ ਘਟਨਾਕ੍ਰਮ ਬਾਰੇ ਤਾਂ ਹੀ ਪਤਾ ਲੱਗਾ ਜਦੋਂ ਕੈਂਪਸ ਵਿੱਚ ਰੋਸ ਫੈਲ ਗਿਆ।

ਵਾਇਰਲ ਪੋਸਟਾਂ ਦੇ ਸਰੋਤ ਦੀ ਜਾਂਚ ਸ਼ੁਰੂ

ਪੁਲਿਸ ਪ੍ਰਸ਼ਾਸਨ ਨੇ ਹੁਣ ਉਨ੍ਹਾਂ ਸੋਸ਼ਲ ਮੀਡੀਆ ਅਕਾਊਂਟਾਂ ਅਤੇ ਸੁਨੇਹਿਆਂ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਰਾਹੀਂ ਇਹ ਅਫ਼ਵਾਹ ਫੈਲਾਈ ਗਈ ਸੀ। ਅਧਿਕਾਰੀਆਂ ਮੁਤਾਬਕ ਫ਼ਿਲਹਾਲ ਕਥਿਤ ਜਬਰ-ਜ਼ਨਾਹ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ ਕਿਸੇ ਸ਼ੱਕੀ ਦੋਸ਼ੀ ਦੀ ਪਛਾਣ ਸਾਹਮਣੇ ਆਈ ਹੈ। ਪੁਲਿਸ ਟੀਮਾਂ ਜਾਮ ਕੀਤੇ ਗਏ ਰੂਟਾਂ ਨੂੰ ਖੁੱਲ੍ਹਵਾਉਣ ਅਤੇ ਕੈਂਪਸ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧ ਪੁਖ਼ਤਾ ਕਰਨ ਵਿੱਚ ਜੁਟੀਆਂ ਹੋਈਆਂ ਹਨ, ਜਦਕਿ ਸਾਈਬਰ ਸੈੱਲ ਵਾਇਰਲ ਸੁਨੇਹਿਆਂ ਦੇ ਮੂਲ ਸਰੋਤ ਦਾ ਪਤਾ ਲਗਾ ਰਿਹਾ ਹੈ।

Leave a Comment

Your email address will not be published. Required fields are marked *

Scroll to Top