Amritpal Singh Gets Relief From Amritsar Court Latest News: ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਬਿਰਧ ਅਤੇ ਬਿਮਾਰ ਦਾਦੀ ਨਾਲ ਰਾਬਤਾ ਕਾਇਮ ਕਰਨ ਲਈ ਅਦਾਲਤ ਤੋਂ ਰਾਹਤ ਮਿਲੀ ਹੈ। ਅੰਮ੍ਰਿਤਸਰ ਦੀ ਅਦਾਲਤ ਨੇ ਉਨ੍ਹਾਂ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਪਰਿਵਾਰਕ ਗੱਲਬਾਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਵਧੀਕ ਸੈਸ਼ਨ ਜੱਜ ਬਰਿੰਦਰ ਸਿੰਘ ਦੀ ਅਦਾਲਤ ਵਿੱਚ ਬਚਾਅ ਪੱਖ ਦੇ ਵਕੀਲ ਰਿਤੂਰਾਜ ਸਿੰਘ ਵੱਲੋਂ ਇਹ ਅਰਜ਼ੀ ਦਾਇਰ ਕੀਤੀ ਗਈ ਸੀ। ਵਕੀਲ ਅਨੁਸਾਰ ਅਦਾਲਤ ਨੇ ਨਿਰਦੇਸ਼ ਦਿੱਤੇ ਹਨ ਕਿ 7 ਅਕਤੂਬਰ ਤੋਂ ਅਗਲੇ ਪੰਜ ਦਿਨਾਂ ਦੇ ਅੰਦਰ-ਅੰਦਰ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਦਾਦੀ ਨਾਲ 10 ਮਿੰਟ ਲਈ ਇੱਕ ਵੀਡੀਓ ਕਾਲ ਕਰਵਾਈ ਜਾਵੇ।
ਜ਼ਿਕਰਯੋਗ ਹੈ ਕਿ ਸ਼ੁਰੂਆਤ ਵਿੱਚ ਕਾਨੂੰਨੀ ਟੀਮ ਨੇ ਦਾਦੀ ਦੀ ਗੰਭੀਰ ਹਾਲਤ ਅਤੇ ਹਸਪਤਾਲ ਦਾਖ਼ਲ ਹੋਣ ਦਾ ਹਵਾਲਾ ਦਿੰਦਿਆਂ ਆਰਜ਼ੀ (ਅੰਤਰਿਮ) ਜ਼ਮਾਨਤ ਦੀ ਮੰਗ ਕੀਤੀ ਸੀ ਤਾਂ ਜੋ ਉਹ ਖ਼ੁਦ ਮਿਲਣ ਆ ਸਕਣ। ਪਰ ਅਦਾਲਤੀ ਕਾਰਵਾਈ ਦੌਰਾਨ ਹੀ ਉਨ੍ਹਾਂ ਦੀ ਦਾਦੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ, ਜਿਸ ਮਗਰੋਂ ਅਦਾਲਤ ਨੇ ਸਿੱਧੀ ਮੁਲਾਕਾਤ ਦੀ ਥਾਂ ਆਨਲਾਈਨ ਵੀਡੀਓ ਗੱਲਬਾਤ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਸੁਣਾਇਆ।
ਅਪ੍ਰੈਲ 2023 ਤੋਂ ਜੇਲ੍ਹ ਵਿੱਚ ਹਨ ਬੰਦ
ਅੰਮ੍ਰਿਤਪਾਲ ਸਿੰਘ ਨੂੰ ਅਪ੍ਰੈਲ 2023 ਵਿੱਚ ਕੌਮੀ ਸੁਰੱਖਿਆ ਕਾਨੂੰਨ (NSA) ਤਹਿਤ ਗ੍ਰਿਫ਼ਤਾਰ ਕਰਕੇ ਅਸਾਮ ਦੀ ਡਿਬਰੂਗੜ੍ਹ ਸੈਂਟਰਲ ਜੇਲ੍ਹ ਭੇਜਿਆ ਗਿਆ ਸੀ। ਭਾਵੇਂ ਅਪ੍ਰੈਲ 2026 ਵਿੱਚ ਉਨ੍ਹਾਂ ਦੀ ਐੱਨਐੱਸਏ ਦੀ ਮਿਆਦ ਖ਼ਤਮ ਹੋ ਗਈ ਸੀ, ਪਰ ਸਾਲ 2023 ਦੇ ਅਜਨਾਲਾ ਥਾਣਾ ਹਿੰਸਾ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰੀ ਪਾਏ ਜਾਣ ਕਾਰਨ ਉਹ ਲਗਾਤਾਰ ਜੁਡੀਸ਼ੀਅਲ ਹਿਰਾਸਤ ਅਧੀਨ ਜੇਲ੍ਹ ਵਿੱਚ ਹੀ ਹਨ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਸੁਰੱਖਿਆ ਕਾਰਨਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕਰਨ ਦੀ ਬਜਾਏ ਡਿਬਰੂਗੜ੍ਹ ਵਿੱਚ ਹੀ ਰੱਖਣ ਦੇ ਹੁਕਮ ਬਰਕਰਾਰ ਰੱਖੇ ਹਨ। ਇਸੇ ਦੌਰਾਨ ਅਦਾਲਤ ਵੱਲੋਂ ਮਿਲੀ ਇਸ ਤਾਜ਼ਾ ਇਜਾਜ਼ਤ ਨਾਲ ਸੰਸਦ ਮੈਂਬਰ ਨੂੰ ਦੂਰ ਬੈਠਿਆਂ ਹੀ ਆਪਣੀ ਬਿਮਾਰ ਦਾਦੀ ਦਾ ਹਾਲ-ਚਾਲ ਜਾਣਨ ਦਾ ਮੌਕਾ ਮਿਲੇਗਾ।



