BRICS 2026: ਬ੍ਰਿਕਸ ਸੰਮੇਲਨ ਮਗਰੋਂ ਵਿਦੇਸ਼ੀ ਆਗੂਆਂ ਦੇ ਬਿਮਾਰ ਪੈਣ ਦੀਆਂ ਅਫ਼ਵਾਹਾਂ ਵਿਦੇਸ਼ ਮੰਤਰਾਲੇ ਵੱਲੋਂ ਰੱਦ; ਪੋਸਟਾਂ ਨੂੰ ਦੱਸਿਆ ਮਨਘੜਤ

BRICS Summit 2026, Foreign Leaders Falling Ill? ਨਵੀਂ ਦਿੱਲੀ ਵਿੱਚ ਹਾਲ ਹੀ ਵਿੱਚ ਹੋਏ ਬ੍ਰਿਕਸ (BRICS) ਸਿਖ਼ਰ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਕਈ ਵਿਦੇਸ਼ੀ ਮੁਖੀਆਂ ਦੇ ਅਚਾਨਕ ਬਿਮਾਰ ਹੋਣ ਬਾਰੇ ਸੋਸ਼ਲ ਮੀਡੀਆ ‘ਤੇ ਚੱਲ ਰਹੇ ਦਾਅਵਿਆਂ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ (MEA) ਨੇ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਮੰਤਰਾਲੇ ਨੇ ਇਨ੍ਹਾਂ ਆਨਲਾਈਨ ਪੋਸਟਾਂ ਨੂੰ ਗੁਮਰਾਹਕੁੰਨ ਅਤੇ ਝੂਠੀਆਂ ਕਰਾਰ ਦਿੰਦਿਆਂ ਲੋਕਾਂ ਨੂੰ ਅਜਿਹੀਆਂ ਗ਼ੈਰ-ਪ੍ਰਮਾਣਿਤ ਅਫ਼ਵਾਹਾਂ ਫੈਲਾਉਣ ਤੋਂ ਬਚਣ ਦੀ ਤਾਕੀਦ ਕੀਤੀ ਹੈ।
ਵਿਦੇਸ਼ ਮੰਤਰਾਲੇ ਦੀ ਫ਼ੈਕਟ-ਚੈੱਕ ਟੀਮ ਨੇ ਸੋਸ਼ਲ ਮੀਡੀਆ ਮੰਚ ‘ਐਕਸ’ (X) ‘ਤੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਇੰਟਰਨੈੱਟ ‘ਤੇ ਘੁੰਮ ਰਹੇ ਇਹ ਸੰਦੇਸ਼ ਪੂਰੀ ਤਰ੍ਹਾਂ ਫ਼ਰਜ਼ੀ ਹਨ। ਇਹ ਵਿਵਾਦ ਦਰਅਸਲ ਉਦੋਂ ਸ਼ੁਰੂ ਹੋਇਆ ਜਦੋਂ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਭਾਰਤ ਫੇਰੀ ਤੋਂ ਵਾਪਸ ਮੁੜਨ ਮਗਰੋਂ ਕੁਝ ਦਿਨਾਂ ਲਈ ਆਪਣੇ ਜਨਤਕ ਰੁਝੇਵਿਆਂ ਤੋਂ ਲਾਂਭੇ ਹੋ ਗਏ।
ਦੱਖਣੀ ਅਫ਼ਰੀਕੀ ਰਾਸ਼ਟਰਪਤੀ ਦਫ਼ਤਰ ਮੁਤਾਬਕ, ਰਾਮਾਫੋਸਾ ਦੀ ਸਿਹਤ ਕੁਝ ਨਾਸਾਜ਼ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਸੀ। ਉਹ ਸੋਮਵਾਰ ਨੂੰ ਬ੍ਰਿਕਸ ਬੈਠਕ ਤੋਂ ਪਰਤੇ ਸਨ ਅਤੇ ਉਦੋਂ ਤੋਂ ਆਰਾਮ ਕਰ ਰਹੇ ਹਨ, ਜਦਕਿ ਸਰਕਾਰੀ ਕੰਮਕਾਜ ਹੋਰਨਾਂ ਅਧਿਕਾਰੀਆਂ ਰਾਹੀਂ ਨਿਰਵਿਘਨ ਚੱਲ ਰਿਹਾ ਹੈ। ਇਸੇ ਦੌਰਾਨ ਦੱਖਣੀ ਅਫ਼ਰੀਕਾ ਦੇ ਉਪ-ਰਾਸ਼ਟਰਪਤੀ ਪਾਲ ਮਾਸ਼ਾਤੀਲੇ ਵੀ ਇੱਕ ਮਾਮੂਲੀ ਸਰਜਰੀ ਤੋਂ ਬਾਅਦ ਸਿਹਤਯਾਬ ਹੋ ਰਹੇ ਸਨ। ਇਨ੍ਹਾਂ ਦੋਵੇਂ ਘਟਨਾਵਾਂ ਨੂੰ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਨਵੀਂ ਦਿੱਲੀ ਦੇ ਬ੍ਰਿਕਸ ਸੰਮੇਲਨ ਨਾਲ ਜੋੜ ਕੇ ਮਨਘੜਤ ਕਹਾਣੀਆਂ ਘੜਨੀਆਂ ਸ਼ੁਰੂ ਕਰ ਦਿੱਤੀਆਂ।
ਇਸ ਤੋਂ ਇਲਾਵਾ, ਇੰਟਰਨੈੱਟ ‘ਤੇ ਅਜਿਹੇ ਦਾਅਵੇ ਵੀ ਉੱਭਰੇ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਤਬੀਅਤ ਖ਼ਰਾਬ ਹੋਣ ਕਾਰਨ ਸੰਮੇਲਨ ਅੱਧ ਵਿਚਾਲੇ ਛੱਡ ਕੇ ਵਿਸ਼ੇਸ਼ ਉਡਾਣ ਰਾਹੀਂ ਵਾਪਸ ਚੀਨ ਚਲੇ ਗਏ ਸਨ। ਹਾਲਾਂਕਿ, ਇਹ ਦਾਅਵਾ ਵੀ ਬਿਲਕੁਲ ਬੇਬੁਨਿਆਦ ਸਾਬਤ ਹੋਇਆ ਹੈ। ਸ਼ੀ ਜਿਨਪਿੰਗ 12 ਸਤੰਬਰ ਨੂੰ ਨਵੀਂ ਦਿੱਲੀ ਸੰਮੇਲਨ ਵਿੱਚ ਮੌਜੂਦ ਸਨ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਮੁਲਾਕਾਤ ਵੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਭਾਰਤ ਨੇ 12 ਅਤੇ 13 ਸਤੰਬਰ ਨੂੰ ਨਵੀਂ ਦਿੱਲੀ ਵਿੱਚ 18ਵੇਂ ਬ੍ਰਿਕਸ ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਕੀਤੀ ਸੀ, ਜਿਸ ਵਿੱਚ 11 ਮੈਂਬਰੀ ਵਿਸਤ੍ਰਿਤ ਸਮੂਹ ਦੇ ਆਗੂਆਂ ਨੇ ਆਲਮੀ ਮਾਮਲਿਆਂ, ਆਰਥਿਕ ਸਹਿਯੋਗ ਅਤੇ ਅੰਤਰਰਾਸ਼ਟਰੀ ਚੁਣੌਤੀਆਂ ‘ਤੇ ਵਿਆਪਕ ਚਰਚਾ ਕੀਤੀ। ਸੰਮੇਲਨ ਦੀ ਸਮਾਪਤੀ ‘ਨਵੀਂ ਦਿੱਲੀ ਐਲਾਨਨਾਮੇ’ ਨੂੰ ਅਪਣਾਉਣ ਨਾਲ ਹੋਈ ਸੀ।
ਵਿਦੇਸ਼ ਮੰਤਰਾਲੇ ਨੇ ਜ਼ੋਰ ਦੇ ਕੇ ਕਿਹਾ ਕਿ ਵੱਡੇ ਕੌਮਾਂਤਰੀ ਸਮਾਗਮਾਂ ਅਤੇ ਵਿਦੇਸ਼ੀ ਮਹਿਮਾਨਾਂ ਨਾਲ ਜੁੜੇ ਮਾਮਲਿਆਂ ਵਿੱਚ ਸੋਸ਼ਲ ਮੀਡੀਆ ਦੇ ਗ਼ੈਰ-ਜ਼ਿੰਮੇਵਾਰਾਨਾ ਪ੍ਰਚਾਰ ‘ਤੇ ਵਿਸ਼ਵਾਸ ਕਰਨ ਦੀ ਬਜਾਏ ਸਿਰਫ਼ ਅਧਿਕਾਰਤ ਅਤੇ ਪ੍ਰਮਾਣਿਤ ਜਾਣਕਾਰੀ ‘ਤੇ ਹੀ ਭਰੋਸਾ ਕੀਤਾ ਜਾਣਾ ਚਾਹੀਦਾ ਹੈ।

Leave a Comment

Your email address will not be published. Required fields are marked *

Scroll to Top