Ahmedabad Air India Plane Crash Latest News Today: ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਦੇ ਬੋਇੰਗ 787 ਜਹਾਜ਼ ਨਾਲ ਜੁੜੇ ਤਕਨੀਕੀ ਵੇਰਵਿਆਂ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਅਮਰੀਕਾ ਸਥਿਤ ਹਵਾਬਾਜ਼ੀ ਸੁਰੱਖਿਆ ਸੰਸਥਾ ਨੇ ਦੋਸ਼ ਲਾਇਆ ਹੈ ਕਿ ਜਾਂਚਕਰਤਾਵਾਂ ਨੂੰ ਉਡਾਣ ਪ੍ਰਣਾਲੀਆਂ ਵਿੱਚ ਵਾਰ-ਵਾਰ ਆ ਰਹੀਆਂ ਖ਼ਰਾਬੀਆਂ ਬਾਰੇ ਵੱਡੀ ਪੱਧਰ ‘ਤੇ ਡਾਟਾ ਮਿਲਿਆ ਸੀ, ਪਰ ਉਨ੍ਹਾਂ ਨੇ ਇਨ੍ਹਾਂ ਅਹਿਮ ਤੱਥਾਂ ਨੂੰ ਜਨਤਕ ਨਹੀਂ ਕੀਤਾ।
‘ਫਾਊਂਡੇਸ਼ਨ ਫਾਰ ਏਵੀਏਸ਼ਨ ਸੇਫਟੀ’ ਅਨੁਸਾਰ ਬੋਇੰਗ 787 (VT-ANB) ਜਹਾਜ਼ ਨਾਲ ਸਬੰਧਤ ਸੈਂਕੜੇ ਦਸਤਾਵੇਜ਼ਾਂ ਵਿੱਚ ਇਲੈਕਟ੍ਰੀਕਲ, ਇਲੈਕਟ੍ਰਾਨਿਕ ਅਤੇ ਫਲਾਈਟ-ਕੰਪਿਊਟਰ ਪ੍ਰਣਾਲੀਆਂ ਦੀਆਂ ਗੜਬੜੀਆਂ ਦਰਜ ਹਨ। ਸੰਸਥਾ ਦਾ ਕਹਿਣਾ ਹੈ ਕਿ ਇਹ ਸਮੱਗਰੀ ਜੂਨ 2025 ਦੇ ਦਰਦਨਾਕ ਹਾਦਸੇ ਤੋਂ ਪਹਿਲਾਂ ਜਹਾਜ਼ ਦੀ ਅਸਲ ਹਾਲਤ ਅਤੇ ਪੁਰਾਣੇ ਰਿਕਾਰਡ ਨੂੰ ਸਮਝਣ ਵਿੱਚ ਮਦਦਗਾਰ ਹੋ ਸਕਦੀ ਹੈ। ਹਾਲਾਂਕਿ, ਇਹ ਸਿੱਧ ਨਹੀਂ ਹੋਇਆ ਕਿ ਹਾਦਸਾ ਇਨ੍ਹਾਂ ਹੀ ਨੁਕਸਾਂ ਕਾਰਨ ਵਾਪਰਿਆ ਸੀ।
ਜ਼ਿਕਰਯੋਗ ਹੈ ਕਿ ਜੂਨ 2025 ਵਿੱਚ ਏਅਰ ਇੰਡੀਆ ਦੀ ਉਡਾਣ AI-171 ਦੇ ਇਸ ਹਾਦਸੇ ਵਿੱਚ 260 ਲੋਕ ਮਾਰੇ ਗਏ ਸਨ। ਇਸ ਮਾਮਲੇ ਦੀ ਜਾਂਚ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਵੱਲੋਂ ਕੀਤੀ ਜਾ ਰਹੀ ਹੈ। ਫਾਊਂਡੇਸ਼ਨ ਦੇ ਕਾਰਜਕਾਰੀ ਡਾਇਰੈਕਟਰ ਐਡ ਪੀਅਰਸਨ ਨੇ ਸਵਾਲ ਚੁੱਕਿਆ ਹੈ ਕਿ ਏਏਆਈਬੀ ਨੇ ਇਨ੍ਹਾਂ ਤਕਨੀਕੀ ਖਾਮੀਆਂ ਨੂੰ ਜਾਂਚ ਦੀ ਜਨਤਕ ਰਿਪੋਰਟ ਵਿੱਚ ਸ਼ਾਮਲ ਕਿਉਂ ਨਹੀਂ ਕੀਤਾ ਅਤੇ ਇਸ ਆਧਾਰ ‘ਤੇ ਕੋਈ ਅੰਤਰਿਮ ਸੁਰੱਖਿਆ ਚਿਤਾਵਨੀ ਕਿਉਂ ਜਾਰੀ ਨਹੀਂ ਕੀਤੀ ਗਈ।
ਏਏਆਈਬੀ ਨੇ ਤਕਨੀਕੀ ਡਾਟਾ ਮਿਲਣ ਦੀ ਕੀਤੀ ਪੁਸ਼ਟੀ
ਏਏਆਈਬੀ ਨੇ ਮੰਨਿਆ ਹੈ ਕਿ ਫਾਊਂਡੇਸ਼ਨ ਵੱਲੋਂ ਭੇਜੀ ਗਈ ਜਾਣਕਾਰੀ 10 ਜੂਨ ਨੂੰ ਯੂਕੇ ਦੇ ਇੱਕ ਮਾਹਰ ਰਾਹੀਂ ਜਾਂਚ ਟੀਮ ਕੋਲ ਪਹੁੰਚ ਚੁੱਕੀ ਸੀ ਅਤੇ ਟੀਮ ਨੇ ਇਸ ਦੀ ਪੜਤਾਲ ਵੀ ਕੀਤੀ ਸੀ। ਪੀਅਰਸਨ ਦਾ ਕਹਿਣਾ ਹੈ ਕਿ ਸਵਾਲ ਸਿਰਫ਼ ਦਸਤਾਵੇਜ਼ ਮਿਲਣ ਦਾ ਨਹੀਂ, ਸਗੋਂ ਇਹ ਹੈ ਕਿ ਸੁਰੱਖਿਆ ਨਾਲ ਜੁੜੀ ਅਜਿਹੀ ਅਹਿਮ ਜਾਣਕਾਰੀ ਦਾ ਸਹੀ ਮੁਲਾਂਕਣ ਕਰਕੇ ਇਸ ਨੂੰ ਸਾਂਝਾ ਕਿਉਂ ਨਹੀਂ ਕੀਤਾ ਗਿਆ। ਫਾਊਂਡੇਸ਼ਨ ਨੇ ਜਹਾਜ਼ ਦੇ ਏਕਾਰਸ (ACARS) ਅਤੇ ਏਅਰਕ੍ਰਾਫਟ ਹੈਲਥ ਮਾਨੀਟਰਿੰਗ (AHM) ਸਿਸਟਮਾਂ ਦੇ ਡਾਟਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਸ ਵਿੱਚ ਹਾਦਸੇ ਤੋਂ ਠੀਕ ਪਹਿਲਾਂ ਦੀਆਂ ਖ਼ਰਾਬੀਆਂ ਦੇ ਵੇਰਵੇ ਦਰਜ ਹੋ ਸਕਦੇ ਹਨ।
ਅੰਤਰਿਮ ਸੁਰੱਖਿਆ ਕਦਮਾਂ ‘ਤੇ ਬਹਿਸ
ਫਾਊਂਡੇਸ਼ਨ ਨੇ ਦਲੀਲ ਦਿੱਤੀ ਹੈ ਕਿ ਜੇਕਰ ਅਜਿਹੀ ਕੋਈ ਖ਼ਰਾਬੀ ਸਾਹਮਣੇ ਆਈ ਸੀ ਜਿਸ ਨਾਲ ਦੂਜੇ ਜਹਾਜ਼ਾਂ ਨੂੰ ਵੀ ਖ਼ਤਰਾ ਹੋ ਸਕਦਾ ਸੀ, ਤਾਂ ਅੰਤਿਮ ਜਾਂਚ ਰਿਪੋਰਟ ਦੀ ਉਡੀਕ ਕਰਨ ਦੀ ਬਜਾਏ ਤੁਰੰਤ ਅੰਤਰਿਮ ਸੁਰੱਖਿਆ ਕਦਮ ਚੁੱਕੇ ਜਾਣੇ ਚਾਹੀਦੇ ਸਨ। ਸੰਸਥਾ ਨੇ ਮੰਗ ਕੀਤੀ ਹੈ ਕਿ ਜਾਂਚ ਵਿੱਚ ਪੂਰੀ ਪਾਰਦਰਸ਼ਤਾ ਵਰਤੀ ਜਾਵੇ ਅਤੇ ਇਸ ਸਮੱਗਰੀ ਨੂੰ ਰਸਮੀ ਤੌਰ ‘ਤੇ ਜਾਂਚ ਰਿਕਾਰਡ ਦਾ ਹਿੱਸਾ ਬਣਾਇਆ ਜਾਵੇ।
ਜਾਂਚ ਏਜੰਸੀ ਨੇ ਦੋਸ਼ ਨਕਾਰੇ
ਦੂਜੇ ਪਾਸੇ, ਏਏਆਈਬੀ ਨੇ ਸਬੂਤਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਜਾਂਚ ਭਾਰਤੀ ਹਵਾਬਾਜ਼ੀ ਨਿਯਮਾਂ 2025 ਅਤੇ ਕੌਮਾਂਤਰੀ ਮਾਪਦੰਡਾਂ (ICAO Annex 13) ਅਨੁਸਾਰ ਪੂਰੀ ਨਿਰਪੱਖਤਾ ਨਾਲ ਕੀਤੀ ਜਾ ਰਹੀ ਹੈ।
ਇਹ ਵਿਵਾਦ ਫ਼ਿਲਹਾਲ ਹਾਦਸੇ ਦੇ ਅੰਤਿਮ ਕਾਰਨ ਨਾਲੋਂ ਵੱਧ ਜਾਂਚ ਦੀ ਪਾਰਦਰਸ਼ਤਾ ਅਤੇ ਤੱਥਾਂ ਨੂੰ ਸਾਹਮਣੇ ਲਿਆਉਣ ਦੇ ਸਮੇਂ ‘ਤੇ ਕੇਂਦਰਿਤ ਹੈ। ਹੁਣ ਸਾਰੀ ਨਜ਼ਰ ਇਸ ਗੱਲ ‘ਤੇ ਹੈ ਕਿ ਜਾਂਚ ਟੀਮ ਇਨ੍ਹਾਂ ਤਕਨੀਕੀ ਸਬੂਤਾਂ ਦਾ ਕਿਸ ਤਰ੍ਹਾਂ ਮੁਲਾਂਕਣ ਕਰਦੀ ਹੈ ਅਤੇ ਕੀ ਅੰਤਿਮ ਰਿਪੋਰਟ ਤੋਂ ਪਹਿਲਾਂ ਕੋਈ ਨਵਾਂ ਕਦਮ ਚੁੱਕਿਆ ਜਾਂਦਾ ਹੈ ਜਾਂ ਨਹੀਂ।



