Iran US War Latest News Today: ਪੱਛਮੀ ਏਸ਼ੀਆ ਦੇ ਸਮੁੰਦਰੀ ਪਾਣੀਆਂ ਵਿੱਚ ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਖਹਿਬਾਜ਼ੀ ਹੁਣ ਸਿੱਧੀ ਜੰਗੀ ਝੜਪ ਦਾ ਰੂਪ ਧਾਰਨ ਕਰ ਚੁੱਕੀ ਹੈ। ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਵੱਲੋਂ ਖਾੜੀ ਖੇਤਰ ‘ਚ ਗਸ਼ਤ ਕਰ ਰਹੇ ਦੋ ਅਮਰੀਕੀ ਜੰਗੀ ਬੇੜਿਆਂ ਵੱਲ ਮਿਜ਼ਾਈਲਾਂ ਦਾਗ਼ਣ ਤੋਂ ਬਾਅਦ, ਵਾਸ਼ਿੰਗਟਨ ਨੇ ਜਵਾਬੀ ਕਦਮ ਚੁੱਕਦਿਆਂ ਈਰਾਨੀ ਤੇਲ ਲਿਜਾਣ ਵਾਲੇ ਤਿੰਨ ਵੱਡੇ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਹੈ।
ਅਮਰੀਕੀ ਕੇਂਦਰੀ ਕਮਾਂਡ (ਸੈਂਟਕਾਮ) ਮੁਤਾਬਕ ਖਾਰਗ ਟਾਪੂ ਨੇੜੇ ਲੰਗਰ ਅੰਦਾਜ਼ ਇੱਕ ਪ੍ਰਮੁੱਖ ਟੈਂਕਰ ‘ਤੇ ਵੀ ਹਮਲਾ ਕੀਤਾ ਗਿਆ ਹੈ। ਇਹ ਟਾਪੂ ਤਹਿਰਾਨ ਦੇ ਕੱਚੇ ਤੇਲ ਦੀ ਵਿਦੇਸ਼ੀ ਵਿਕਰੀ ਲਈ ਜੀਵਨ ਰੇਖਾ ਮੰਨਿਆ ਜਾਂਦਾ ਹੈ। ਕਮਾਂਡਰ ਐਡਮਿਰਲ ਬ੍ਰੈਡ ਕੂਪਰ ਨੇ ਸਖ਼ਤ ਸ਼ਬਦਾਂ ਵਿੱਚ ਤਾੜਨਾ ਕੀਤੀ ਕਿ ਸਮੁੰਦਰੀ ਜਲ-ਮਾਰਗਾਂ ‘ਤੇ ਅਮਰੀਕੀ ਜਾਇਦਾਦਾਂ ਨੂੰ ਨਿਸ਼ਾਨਾ ਬਣਾਉਣ ਦਾ ਖ਼ਮਿਆਜ਼ਾ ਈਰਾਨ ਨੂੰ ਵੱਡੇ ਫ਼ੌਜੀ ਅਤੇ ਆਰਥਿਕ ਨੁਕਸਾਨ ਦੇ ਰੂਪ ਵਿੱਚ ਭੁਗਤਣਾ ਪਵੇਗਾ।
ਈਰਾਨ ਵੱਲੋਂ ਵੀ ਜਹਾਜ਼ ਘੇਰਨ ਦੇ ਦਾਅਵੇ, ਖਾਰਗ ਟਾਪੂ ‘ਤੇ ਮੰਡਰਾਇਆ ਖ਼ਤਰਾ
ਤਹਿਰਾਨ ਦੇ ਸਰਕਾਰੀ ਮੀਡੀਆ ਨੇ ਇਨ੍ਹਾਂ ਹਮਲਿਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਖਾਰਗ ਖੇਤਰ ‘ਚ ਇੱਕ ਟੈਂਕਰ ‘ਤੇ ਚਾਰ ਅਮਰੀਕੀ ਮਿਜ਼ਾਈਲਾਂ ਡਿੱਗੀਆਂ, ਹਾਲਾਂਕਿ ਜਹਾਜ਼ ਦੇ ਚਾਲਕ ਦਲ ਨੂੰ ਬਿਨਾਂ ਕਿਸੇ ਜਾਨੀ ਨੁਕਸਾਨ ਦੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਦੂਜੇ ਪਾਸੇ, IRGC ਨੇਵੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਵੀ ਅਣ-ਅਧਿਕਾਰਤ ਪਾਣੀਆਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਅਮਰੀਕਾ ਨਾਲ ਜੁੜੇ ਤਿੰਨ ਜਹਾਜ਼ਾਂ ਅਤੇ ਤੇਲ ਟੈਂਕਰਾਂ ਨੂੰ ਘੇਰਿਆ ਹੈ।
ਦੋਵਾਂ ਧਿਰਾਂ ਵਿਚਾਲੇ ਇਹ ਗਹਿਗੱਚ ਟਕਰਾਅ ਖ਼ਾਸ ਕਰਕੇ ਖਾਰਗ ਟਾਪੂ ਦੇ ਭਵਿੱਖ ‘ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਪਹਿਲਾਂ ਵੀ ਅਮਰੀਕੀ ਸਦਰ ਡੋਨਾਲਡ ਟਰੰਪ ਵੱਲੋਂ ਇਸ ਟਾਪੂ ਦੇ ਖ਼ਾਤਮੇ ਨਾਲ ਸਬੰਧਤ ਵੀਡੀਓ ਸਾਂਝੀ ਕਰਨ ਮਗਰੋਂ ਈਰਾਨੀ ਧਿਰ ਨੇ ਵੱਡੇ ਹਮਲੇ ਦੀ ਚਿਤਾਵਨੀ ਦਿੱਤੀ ਸੀ।
ਗਲੋਬਲ ਬਾਜ਼ਾਰ ‘ਚ ਹਾਹਾਕਾਰ: ਬ੍ਰੈਂਟ ਕਰੂਡ 96 ਡਾਲਰ ਤੋਂ ਪਾਰ
ਸਟ੍ਰੇਟ ਆਫ਼ ਹਾਰਮੁਜ਼—ਜਿੱਥੋਂ ਦੁਨੀਆ ਦਾ ਕਰੀਬ ਪੰਜਵਾਂ ਹਿੱਸਾ ਤੇਲ ਲੰਘਦਾ ਹੈ—ਦੇ ਆਸ-ਪਾਸ ਤਣਾਅ ਭੜਕਣ ਦਾ ਸਿੱਧਾ ਅਸਰ ਕੌਮਾਂਤਰੀ ਊਰਜਾ ਬਾਜ਼ਾਰਾਂ ‘ਤੇ ਪਿਆ ਹੈ। ਮਾਲਵਾਹਕ ਬੇੜਿਆਂ ਦੀ ਆਵਾਜਾਈ ਰੁਕਣ ਦੇ ਡਰੋਂ ਬ੍ਰੈਂਟ ਕਰੂਡ ਦੀਆਂ ਕੀਮਤਾਂ ਛਾਲ ਮਾਰ ਕੇ $96.28 ਪ੍ਰਤੀ ਬੈਰਲ ‘ਤੇ ਪੁੱਜ ਗਈਆਂ ਹਨ, ਜੋ ਪਿਛਲੇ ਡੇਢ ਮਹੀਨੇ ਦੌਰਾਨ ਸਭ ਤੋਂ ਉੱਚਾ ਪੱਧਰ ਹੈ।
ਜੇਕਰ ਇਹ ਜਲ-ਮਾਰਗੀ ਟਕਰਾਅ ਹੋਰ ਡੂੰਘਾ ਹੁੰਦਾ ਹੈ, ਤਾਂ ਇਸ ਦਾ ਅਸਰ ਸਿਰਫ਼ ਦੋਵਾਂ ਮੁਲਕਾਂ ਤੱਕ ਸੀਮਤ ਨਹੀਂ ਰਹੇਗਾ, ਸਗੋਂ ਪੂਰੀ ਦੁਨੀਆ ਵਿੱਚ ਮਹਿੰਗਾਈ ਅਤੇ ਤੇਲ ਦੀ ਕਿੱਲਤ ਦਾ ਇੱਕ ਨਵਾਂ ਸੰਕਟ ਪੈਦਾ ਹੋ ਸਕਦਾ ਹੈ।



