Punjab CM Bhagwant Mann, Mawan Dheeyan Satkar Yojana: ਪੰਜਾਬ ਦੀਆਂ ਔਰਤਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਦੂਜੀ ਕਿਸ਼ਤ ਦੀ ਰਾਸ਼ੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਸਿੱਧੀ ਟਰਾਂਸਫਰ ਕਰਨਗੇ। ਇਸ ਪੜਾਅ ਤਹਿਤ ਸੂਬੇ ਦੀਆਂ ਲਗਭਗ 36.87 ਲੱਖ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਕੁੱਲ 1,260 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਮ੍ਹਾਂ ਕਰਵਾਈ ਜਾ ਰਹੀ ਹੈ।
ਇਸ ਸੰਬੰਧੀ ਗੋਇੰਦਵਾਲ ਸਾਹਿਬ ਵਿਖੇ ਇੱਕ ਵਿਸ਼ਾਲ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ ਹੈ, ਜਿੱਥੋਂ ਮੁੱਖ ਮੰਤਰੀ ਖ਼ੁਦ ਇਹ ਫੰਡ ਰਲੀਜ਼ ਕਰਨਗੇ। ਇਸ ਸਕੀਮ ਅਧੀਨ ਤਿੰਨ ਮਹੀਨਿਆਂ ਦੀ ਇਕੱਠੀ ਸਹਾਇਤਾ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। ਜਨਰਲ ਸ਼੍ਰੇਣੀ ਅਧੀਨ ਆਉਂਦੀਆਂ ਮਹਿਲਾਵਾਂ ਨੂੰ 3,000 ਰੁਪਏ (1,000 ਰੁਪਏ ਪ੍ਰਤੀ ਮਹੀਨਾ) ਅਤੇ ਅਨੁਸੂਚਿਤ ਜਾਤੀ (SC) ਭਾਈਚਾਰੇ ਨਾਲ ਸਬੰਧਤ ਯੋਗ ਔਰਤਾਂ ਨੂੰ 4,500 ਰੁਪਏ (1,500 ਰੁਪਏ ਪ੍ਰਤੀ ਮਹੀਨਾ) ਦੀ ਮਾਲੀ ਇਮਦਾਦ ਮਿਲੇਗੀ।
ਸਰਕਾਰੀ ਅੰਕੜਿਆਂ ਮੁਤਾਬਕ ਇਸ ਦੂਜੀ ਕਿਸ਼ਤ ਤੋਂ ਬਾਅਦ ਹੁਣ ਤੱਕ ਕੁੱਲ 73.99 ਲੱਖ ਲਾਭਪਾਤਰੀ ਔਰਤਾਂ ਨੂੰ ਲਾਭ ਮਿਲ ਚੁੱਕਾ ਹੈ ਅਤੇ ਇਸ ਯੋਜਨਾ ‘ਤੇ ਸਰਕਾਰ ਵੱਲੋਂ ਖ਼ਰਚੀ ਗਈ ਕੁੱਲ ਰਕਮ ਲਗਭਗ 2,562 ਕਰੋੜ ਰੁਪਏ ਤੱਕ ਪਹੁੰਚ ਜਾਵੇਗੀ।
ਪਹਿਲੀ ਕਿਸ਼ਤ ਵੰਡੇ ਜਾਣ ਤੋਂ ਬਾਅਦ ਸਰਕਾਰ ਨੇ ਪੜਤਾਲ ਕਰਕੇ ਹੋਰ ਯੋਗ ਬੀਬੀਆਂ ਦੇ ਨਾਂ ਵੀ ਇਸ ਸੂਚੀ ਵਿੱਚ ਸ਼ਾਮਲ ਕੀਤੇ ਸਨ। ਨਤੀਜੇ ਵਜੋਂ, ਅੱਜ ਦੇ ਤਬਾਦਲੇ ਵਿੱਚ ਪੁਰਾਣੀਆਂ ਲਾਭਪਾਤਰੀਆਂ ਦੇ ਨਾਲ-ਨਾਲ ਨਵੀਆਂ ਜੁੜੀਆਂ ਔਰਤਾਂ ਨੂੰ ਵੀ ਲਾਹਾ ਮਿਲੇਗਾ। ਸਰਕਾਰ ਦਾ ਮੰਨਣਾ ਹੈ ਕਿ ਬੈਂਕ ਖਾਤਿਆਂ ਵਿੱਚ ਸਿੱਧੇ ਪੈਸੇ ਪੈਣ ਨਾਲ ਪਰਿਵਾਰਾਂ ਨੂੰ ਘਰੇਲੂ ਖ਼ਰਚੇ ਨਜਿੱਠਣ ਵਿੱਚ ਵੱਡੀ ਰਾਹਤ ਮਿਲਦੀ ਹੈ।
ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵੱਲ ਵਧ ਰਹੇ ਸਿਆਸੀ ਮਾਹੌਲ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਚਲਾਈਆਂ ਜਾ ਰਹੀਆਂ ਲੋਕ-ਭਲਾਈ ਸਕੀਮਾਂ ਸੂਬੇ ਦੀ ਸਿਆਸਤ ਵਿੱਚ ਖ਼ਾਸ ਥਾਂ ਰੱਖਦੀਆਂ ਹਨ। ਗੋਇੰਦਵਾਲ ਸਾਹਿਬ ਦੇ ਇਕੱਠ ਵਿੱਚ ਮੁੱਖ ਮੰਤਰੀ ਮਹਿਲਾ ਸਸ਼ਕਤੀਕਰਨ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਗਾਰੰਟੀਆਂ ਨੂੰ ਹੋਰ ਮਜ਼ਬੂਤੀ ਨਾਲ ਲੋਕਾਂ ਸਾਹਮਣੇ ਰੱਖਣਗੇ। ਇੰਨੀ ਵੱਡੀ ਰਕਮ ਦੀ ਵੰਡ ਜਿੱਥੇ ਆਮ ਘਰਾਂ ਦੇ ਬਜਟ ਨੂੰ ਸਹਾਰਾ ਦੇਵੇਗੀ, ਉੱਥੇ ਹੀ ਸੂਬੇ ਦੀ ਆਰਥਿਕਤਾ ਅਤੇ ਚੋਣ ਸਰਗਰਮੀਆਂ ਵਿੱਚ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।



