Punjab CM Bhagwant Mann’s Japan Tour Denied by Centre: ਕੇਂਦਰ ਸਰਕਾਰ ਵੱਲੋਂ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਸਿਆਸੀ ਮਨਜ਼ੂਰੀ (ਪੋਲੀਟੀਕਲ ਕਲੀਅਰੈਂਸ) ਰੱਦ ਕੀਤੇ ਜਾਣ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਾਪਾਨ ਦੌਰਾ ਰੱਦ ਹੋ ਗਿਆ ਹੈ। ਉਹ ਉੱਥੇ ਚੱਲ ਰਹੀਆਂ ਏਸ਼ੀਆਈ ਖੇਡਾਂ ਦੌਰਾਨ ਭਾਰਤੀ ਪੁਰਸ਼ ਹਾਕੀ ਟੀਮ ਦਾ ਅਹਿਮ ਸੈਮੀਫ਼ਾਈਨਲ ਮੁਕਾਬਲਾ ਦੇਖਣ ਜਾਣ ਵਾਲੇ ਸਨ।
ਮੁੱਖ ਮੰਤਰੀ ਨੇ ਬੁੱਧਵਾਰ ਨੂੰ ਜਾਪਾਨ ਲਈ ਰਵਾਨਾ ਹੋਣਾ ਸੀ। ਦਰਅਸਲ, ਏਸ਼ੀਅਨ ਹਾਕੀ ਫੈਡਰੇਸ਼ਨ ਨੇ ਆਇਚੀ-ਨਾਗੋਆ ਏਸ਼ੀਅਨ ਖੇਡਾਂ ਦੇ ਆਖ਼ਰੀ ਪੜਾਅ ਦੇ ਮੈਚਾਂ—ਜਿਸ ਵਿੱਚ 30 ਸਤੰਬਰ ਤੇ 1 ਅਕਤੂਬਰ ਦੇ ਸੈਮੀਫ਼ਾਈਨਲ ਅਤੇ 2 ਤੇ 3 ਅਕਤੂਬਰ ਦੇ ਫਾਈਨਲ ਮੁਕਾਬਲੇ ਸ਼ਾਮਲ ਹਨ—ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਰਸਮੀ ਸੱਦਾ ਭੇਜਿਆ ਸੀ। ਪੰਜਾਬ ਸਰਕਾਰ ਦੇ ਸੂਤਰਾਂ ਅਨੁਸਾਰ ਕੇਂਦਰੀ ਏਜੰਸੀਆਂ ਨੇ ਦਲੀਲ ਦਿੱਤੀ ਕਿ ਕੌਮਾਂਤਰੀ ਪੱਧਰ ਦੇ ਵੱਡੇ ਖੇਡ ਸਮਾਗਮ ਦੌਰਾਨ ਕਿਸੇ ਸੂਬੇ ਦੇ ਮੁੱਖ ਮੰਤਰੀ ਲਈ ਵੀਆਈਪੀ (VIP) ਸੁਰੱਖਿਆ ਪ੍ਰਬੰਧਾਂ ਦਾ ਪ੍ਰਬੰਧਨ ਕਰਨਾ ਚੁਣੌਤੀਪੂਰਨ ਹੋਵੇਗਾ।
ਇਹ ਦੌਰਾ ਪੰਜਾਬ ਲਈ ਵਿਸ਼ੇਸ਼ ਮਹੱਤਵ ਰੱਖਦਾ ਸੀ ਕਿਉਂਕਿ ਏਸ਼ੀਆਈ ਖੇਡਾਂ ਦੀ 20 ਮੈਂਬਰੀ ਭਾਰਤੀ ਹਾਕੀ ਟੀਮ ਵਿੱਚੋਂ ਅੱਠ ਖਿਡਾਰੀ ਪੰਜਾਬ ਨਾਲ ਸਬੰਧ ਰੱਖਦੇ ਹਨ। ਮਾਨ ਖ਼ੁਦ ਮੈਦਾਨ ਵਿੱਚ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨਾ ਚਾਹੁੰਦੇ ਸਨ। ਇਸ ਤੋਂ ਇਲਾਵਾ, ਪੰਜਾਬ ਵਿੱਚ 27 ਅਕਤੂਬਰ ਤੋਂ 5 ਨਵੰਬਰ ਦਰਮਿਆਨ ਜਲੰਧਰ ਅਤੇ ਮੋਹਾਲੀ ਵਿਖੇ ‘ਪੁਰਸ਼ ਏਸ਼ੀਅਨ ਚੈਂਪੀਅਨਜ਼ ਟਰਾਫੀ’ ਕਰਵਾਈ ਜਾਣੀ ਹੈ। ਫੈਡਰੇਸ਼ਨ ਦੀ ਸੋਚ ਸੀ ਕਿ ਪੰਜਾਬ ਦਾ ਵਫ਼ਦ ਜਾਪਾਨ ਵਿੱਚ ਵੱਡੇ ਪੱਧਰ ‘ਤੇ ਖੇਡ ਪ੍ਰਬੰਧਾਂ ਦੇ ਤਜਰਬੇ ਨੂੰ ਨੇੜਿਓਂ ਦੇਖ ਸਕਦਾ ਹੈ, ਜਿਸ ਨਾਲ ਘਰੇਲੂ ਟੂਰਨਾਮੈਂਟ ਦੀਆਂ ਤਿਆਰੀਆਂ ਵਿੱਚ ਮਦਦ ਮਿਲਦੀ।
ਜ਼ਿਕਰਯੋਗ ਹੈ ਕਿ ਇਹ ਤੀਜਾ ਮੌਕਾ ਹੈ ਜਦੋਂ ਕੇਂਦਰ ਨੇ ਭਗਵੰਤ ਮਾਨ ਦੇ ਵਿਦੇਸ਼ ਦੌਰੇ ਨੂੰ ਹਰੀ ਝੰਡੀ ਨਹੀਂ ਦਿੱਤੀ। ਇਸ ਤੋਂ ਪਹਿਲਾਂ ਅਗਸਤ 2024 ਵਿੱਚ ਪੈਰਿਸ ਓਲੰਪਿਕ ਦੌਰਾਨ ਭਾਰਤੀ ਹਾਕੀ ਟੀਮ ਦਾ ਮੈਚ ਦੇਖਣ ਜਾਣ ਵੇਲੇ ਵੀ ਉਨ੍ਹਾਂ ਦੀ ਫੇਰੀ ਰੋਕ ਦਿੱਤੀ ਗਈ ਸੀ, ਜਿਸ ‘ਤੇ ਤਿੱਖੀ ਸਿਆਸੀ ਬਹਿਸ ਛਿੜੀ ਸੀ। ਇਸੇ ਤਰ੍ਹਾਂ ਜਨਵਰੀ 2026 ਵਿੱਚ ‘ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ’ ਲਈ ਬਰਤਾਨੀਆ (UK) ਅਤੇ ਇਜ਼ਰਾਈਲ ਜਾਣ ਦੀ ਯੋਜਨਾ ਨੂੰ ਵੀ ਪ੍ਰਵਾਨਗੀ ਨਹੀਂ ਸੀ ਮਿਲੀ। ਹਾਲਾਂਕਿ, ਦਸੰਬਰ 2025 ਵਿੱਚ ਉਹ ਨਿਵੇਸ਼ ਮੁਹਿੰਮ ਤਹਿਤ ਜਾਪਾਨ ਅਤੇ ਦੱਖਣੀ ਕੋਰੀਆ ਦੇ ਸਫ਼ਲ ਸਰਕਾਰੀ ਦੌਰੇ ਕਰ ਚੁੱਕੇ ਹਨ।
ਕੇਂਦਰ ਦੇ ਤਾਜ਼ਾ ਇਨਕਾਰ ਕਾਰਨ ਹੁਣ ਮੁੱਖ ਮੰਤਰੀ ਜਾਪਾਨ ਨਹੀਂ ਜਾ ਸਕਣਗੇ, ਜਦਕਿ ਪੰਜਾਬ ਖੇਡ ਵਿਭਾਗ ਦੇ ਅਧਿਕਾਰੀ ਸੂਬੇ ਵਿੱਚ ਹੋਣ ਵਾਲੇ ਆਗਾਮੀ ਕੌਮਾਂਤਰੀ ਹਾਕੀ ਟੂਰਨਾਮੈਂਟ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਹਨ।


