Who is Smit Machchaar, Man Who Saved Hundreds of Lives? ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ (flydubai) ਦੀ ਇੱਕ ਉਡਾਣ ਦੌਰਾਨ ਅਸਮਾਨ ਵਿੱਚ ਵਾਪਰੀ ਖ਼ੌਫ਼ਨਾਕ ਘਟਨਾ ਨੇ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਾਰ ਨੂੰ ਕੌਮਾਂਤਰੀ ਸੁਰਖ਼ੀਆਂ ਵਿੱਚ ਲਿਆ ਦਿੱਤਾ ਹੈ। ਕਾਕਪਿਟ ਅੰਦਰ ਹੋਏ ਅਚਾਨਕ ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਣ ਦੇ ਬਾਵਜੂਦ ਸੂਝ-ਬੂਝ ਨਾਲ ਸੈਂਕੜੇ ਯਾਤਰੀਆਂ ਦੀ ਜ਼ਿੰਦਗੀ ਬਚਾਉਣ ਲਈ ਵਿਸ਼ਵ ਭਰ ਦੇ ਸਿਆਸੀ ਆਗੂ ਉਨ੍ਹਾਂ ਦੀ ਦਲੇਰੀ ਨੂੰ ਸਲਾਮ ਕਰ ਰਹੇ ਹਨ।
ਰਿਪੋਰਟਾਂ ਅਨੁਸਾਰ ਉਡਾਣ ਦੌਰਾਨ ਸਹਿ-ਪਾਇਲਟ (ਕੋ-ਪਾਇਲਟ) ਨੇ ਕਥਿਤ ਤੌਰ ‘ਤੇ ਕੈਪਟਨ ਮੱਛਾਰ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਲਹੂ-ਲੁਹਾਣ ਹੋਣ ਦੇ ਬਾਵਜੂਦ ਉਨ੍ਹਾਂ ਨੇ ਹੌਸਲਾ ਨਹੀਂ ਹਾਰਿਆ ਅਤੇ ਖ਼ਤਰੇ ਦਾ ਅਲਾਰਮ ਵਜਾ ਕੇ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ ਵਿੱਚ ਕਾਮਯਾਬ ਰਹੇ, ਜਿਸ ਕਾਰਨ ਅਮਲੇ ਅਤੇ ਮੁਸਾਫ਼ਰਾਂ ਨੇ ਤੁਰੰਤ ਅੰਦਰ ਆ ਕੇ ਹਮਲਾਵਰ ਨੂੰ ਕਾਬੂ ਕਰ ਲਿਆ। ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਮਗਰੋਂ ਮੱਛਾਰ ਦਾ ਅਪਰੇਸ਼ਨ ਕੀਤਾ ਗਿਆ ਅਤੇ ਹੁਣ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸਾਊਦੀ ਅਧਿਕਾਰੀਆਂ ਨੇ ਮੁਲਜ਼ਮ ਸਹਿ-ਪਾਇਲਟ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਹਾਲਾਂਕਿ ਹਮਲੇ ਦੀ ਅਸਲ ਵਜ੍ਹਾ ਅਜੇ ਸਾਹਮਣੇ ਨਹੀਂ ਆਈ।
ਕੌਣ ਹਨ ਕੈਪਟਨ ਸਮਿਤ ਮੱਛਾਰ?
ਸੋਸ਼ਲ ਮੀਡੀਆ ਪ੍ਰੋਫਾਈਲ ਮੁਤਾਬਕ ਕੈਪਟਨ ਮੱਛਾਰ ਜੂਨ 2022 ਤੋਂ ਫਲਾਈਦੁਬਈ ਵਿੱਚ ਸੇਵਾ ਨਿਭਾ ਰਹੇ ਹਨ ਅਤੇ ਬੋਇੰਗ 737 ਜਹਾਜ਼ਾਂ ਦੇ ਮਾਹਿਰ ਪਾਇਲਟ ਹਨ। ਉਨ੍ਹਾਂ ਕੋਲ ਬੋਇੰਗ 737-800 ਅਤੇ 737 ਮੈਕਸ ਵਰਗੇ ਆਧੁਨਿਕ ਜਹਾਜ਼ ਉਡਾਉਣ ਦਾ ਕਰੀਬ 9,750 ਘੰਟਿਆਂ ਦਾ ਲੰਮਾ ਤਜਰਬਾ ਹੈ।
ਫਲਾਈਦੁਬਈ ਨਾਲ ਜੁੜਨ ਤੋਂ ਪਹਿਲਾਂ ਉਹ ਕਰੀਬ 11 ਸਾਲ ਮੁੰਬਈ ਵਿਖੇ ਸਪਾਈਸਜੈੱਟ ਨਾਲ ਜੁੜੇ ਰਹੇ, ਜਿੱਥੇ ਉਨ੍ਹਾਂ ਨੇ ਬਤੌਰ ਸੀਨੀਅਰ ਕਮਾਂਡਰ ਅਤੇ ਸਾਲ 2020 ਵਿੱਚ ਲਾਈਨ ਟਰੇਨਿੰਗ ਕੈਪਟਨ ਵਜੋਂ ਨਵੇਂ ਪਾਇਲਟਾਂ ਨੂੰ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਸੰਭਾਲੀ। ਸਪਾਈਸਜੈੱਟ ਵਿੱਚ ਮੁੱਖ ਪਾਇਲਟ ਵਜੋਂ ਉਨ੍ਹਾਂ ਨੇ 6,400 ਤੋਂ ਵੱਧ ਘੰਟੇ ਉਡਾਣ ਭਰੀ ਸੀ। ਵਿੱਦਿਅਕ ਪੱਖੋਂ ਉਨ੍ਹਾਂ ਨੇ ਸਾਲ 2008 ਵਿੱਚ ਵੇਲਿੰਗਕਰ ਇੰਸਟੀਚਿਊਟ ਆਫ਼ ਮੈਨੇਜਮੈਂਟ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ (BBA) ਦੀ ਡਿਗਰੀ ਹਾਸਲ ਕੀਤੀ ਸੀ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਭਰਾ ਵੀ ਅਕਾਸਾ ਏਅਰ ਵਿੱਚ ਬਤੌਰ ਪਾਇਲਟ ਸੇਵਾਵਾਂ ਦੇ ਰਹੇ ਹਨ।
ਸੰਸਾਰ ਭਰ ਦੇ ਆਗੂਆਂ ਨੇ ਕੀਤੀ ਬਹਾਦਰੀ ਦੀ ਤਾਰੀਫ਼
ਇਸ ਘਟਨਾ ਤੋਂ ਬਾਅਦ ਭਾਰਤ, ਅਮਰੀਕਾ ਅਤੇ ਇਜ਼ਰਾਈਲ ਦੇ ਸਿਖਰਲੇ ਲੀਡਰਾਂ ਨੇ ਕੈਪਟਨ ਮੱਛਾਰ ਦੀ ਹਿੰਮਤ ਦੀ ਸ਼ਲਾਘਾ ਕੀਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਅਸਲ ਨਾਇਕ ਕਰਾਰ ਦਿੰਦਿਆਂ ਕਿਹਾ ਕਿ ਗੰਭੀਰ ਜ਼ਖ਼ਮੀ ਹਾਲਤ ਵਿੱਚ ਵੀ ਉਨ੍ਹਾਂ ਨੇ ਫਰਜ਼ ਨਿਭਾਉਂਦਿਆਂ ਹਵਾਈ ਮੁਸਾਫ਼ਰਾਂ ਦੀ ਸੁਰੱਖਿਆ ਯਕੀਨੀ ਬਣਾਈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਪਾਇਲਟ ਦੀ ਤੁਰੰਤ ਕਾਰਵਾਈ ਅਤੇ ਬਹਾਦਰੀ ਦੀ ਤਾਰੀਫ਼ ਕੀਤੀ। ਉੱਥੇ ਹੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਜੇਕਰ ਕੈਪਟਨ ਮੱਛਾਰ ਹਮਲਾਵਰ ਦਾ ਮੁਕਾਬਲਾ ਕਰਕੇ ਕਾਕਪਿਟ ਦਾ ਦਰਵਾਜ਼ਾ ਨਾ ਖੋਲ੍ਹਦੇ, ਤਾਂ ਇੱਕ ਭਿਆਨਕ ਹਵਾਈ ਤ੍ਰਾਸਦੀ ਵਾਪਰ ਸਕਦੀ ਸੀ।
ਇਸ ਵੇਲੇ ਜਿੱਥੇ ਕੌਮਾਂਤਰੀ ਜਾਂਚ ਏਜੰਸੀਆਂ ਕਾਕਪਿਟ ਅੰਦਰ ਵਾਪਰੇ ਘਟਨਾਕ੍ਰਮ ਅਤੇ ਸਾਜ਼ਿਸ਼ ਦੀਆਂ ਕੜੀਆਂ ਜੋੜਨ ਵਿੱਚ ਜੁਟੀਆਂ ਹੋਈਆਂ ਹਨ, ਉੱਥੇ ਹੀ ਸਾਰਿਆਂ ਦੀਆਂ ਨਜ਼ਰਾਂ ਕੈਪਟਨ ਸਮਿਤ ਮੱਛਾਰ ਦੇ ਮੁਕੰਮਲ ਸਿਹਤਯਾਬ ਹੋਣ ‘ਤੇ ਟਿਕੀਆਂ ਹੋਈਆਂ ਹਨ।



