Athens Building Blast Latest News Today in Punjabi: ਯੂਨਾਨ (ਗਰੀਸ) ਦੀ ਰਾਜਧਾਨੀ ਏਥਨਜ਼ ਦੇ ਮਸ਼ਹੂਰ ਇਤਿਹਾਸਕ ਅਤੇ ਸੈਰ-ਸਪਾਟਾ ਖੇਤਰ ਪਲਾਕਾ ਵਿਖੇ ਵਾਪਰੇ ਇੱਕ ਭਿਆਨਕ ਧਮਾਕੇ ਦੌਰਾਨ ਦੋ-ਮੰਜ਼ਿਲਾ ਰਿਹਾਇਸ਼ੀ ਇਮਾਰਤ ਪਲਾਂ ਵਿੱਚ ਮਲਬੇ ਦੇ ਢੇਰ ਵਿੱਚ ਤਬਦੀਲ ਹੋ ਗਈ। ਇਸ ਹਾਦਸੇ ਵਿੱਚ 6 ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਿਨ੍ਹਾਂ ਵਿੱਚ ਚਾਰ ਅਮਰੀਕੀ ਨਾਗਰਿਕ ਸ਼ਾਮਲ ਦੱਸੇ ਜਾ ਰਹੇ ਹਨ।
ਸ਼ੁੱਕਰਵਾਰ ਸਵੇਰੇ ਹੋਏ ਇਸ ਧਮਾਕੇ ਦੀ ਆਵਾਜ਼ ਦੂਰ-ਦੂਰ ਤੱਕ ਸੁਣੀ ਗਈ ਅਤੇ ਇਮਾਰਤ ਦੇ ਪਰਖੱਚੇ ਉੱਡਣ ਕਾਰਨ ਮਲਬਾ ਸੜਕਾਂ ‘ਤੇ ਖਿੱਲਰ ਗਿਆ। ਸਥਾਨਕ ਮੀਡੀਆ ਮੁਤਾਬਕ ਮੌਕੇ ਤੋਂ ਮਿਲੇ ਸ਼ਨਾਖ਼ਤੀ ਦਸਤਾਵੇਜ਼ਾਂ ਅਤੇ ਸਮਾਨ ਤੋਂ ਪਤਾ ਲੱਗਾ ਹੈ ਕਿ ਮ੍ਰਿਤਕਾਂ ਵਿੱਚ ਦੋ ਅਮਰੀਕੀ ਔਰਤਾਂ ਅਤੇ ਦੋ ਪੁਰਸ਼ ਸੈਲਾਨੀ ਸ਼ਾਮਲ ਸਨ।
ਗੈਸ ਲੀਕੇਜ ਕਾਰਨ ਧਮਾਕੇ ਦਾ ਖ਼ਦਸ਼ਾ
ਅਧਿਕਾਰੀਆਂ ਦਾ ਮੁੱਢਲਾ ਅੰਦਾਜ਼ਾ ਹੈ ਕਿ ਇਹ ਤਬਾਹੀ ਕਿਸੇ ਵੱਡੀ ਗੈਸ ਪਾਈਪਲਾਈਨ ਜਾਂ ਸਿਲੰਡਰ ਲੀਕੇਜ ਕਾਰਨ ਹੋਈ ਹੈ। ਏਥਨਜ਼ ਦੇ ਮੇਅਰ ਹੈਰਿਸ ਡੂਕਾਸ ਨੇ ਦੱਸਿਆ ਕਿ ਧਮਾਕੇ ਦਾ ਸੇਕ ਆਲੇ-ਦੁਆਲੇ ਦੀਆਂ ਇਮਾਰਤਾਂ ਤੱਕ ਪੁੱਜਾ, ਜਿਸ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਗੁਆਂਢੀ ਮਕਾਨਾਂ ਨੂੰ ਤੁਰੰਤ ਖ਼ਾਲੀ ਕਰਵਾ ਲਿਆ ਗਿਆ। ਅੱਗ ਬੁਝਾਊ ਵਿਭਾਗ ਦੇ ਲਗਭਗ 30 ਕਰਮਚਾਰੀਆਂ ਅਤੇ ਸੁੰਘਣ ਵਾਲੇ ਖੋਜੀ ਕੁੱਤਿਆਂ ਦੀ ਮਦਦ ਨਾਲ ਕਈ ਘੰਟਿਆਂ ਤੱਕ ਮਲਬਾ ਹਟਾ ਕੇ ਸਾਰੀਆਂ 6 ਮ੍ਰਿਤਕ ਦੇਹਾਂ ਨੂੰ ਬਾਹਰ ਕੱਢਿਆ ਗਿਆ।
ਨੇੜਲੀ ਇਮਾਰਤ ’ਚ ਰਹਿ ਰਹੀਆਂ 2 ਔਰਤਾਂ ਜ਼ਖ਼ਮੀ
ਇਸ ਘਟਨਾ ਵਿੱਚ ਨਾਲ ਲੱਗਦੀ ਇਮਾਰਤ ਦੀਆਂ ਦੋ ਔਰਤਾਂ ਜ਼ਖ਼ਮੀ ਹੋਈਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸਥਾਨਕ ਵਸਨੀਕਾਂ ਮੁਤਾਬਕ ਨਾਲ ਦੀ ਇਮਾਰਤ ਵਿੱਚੋਂ ਸੁਰੱਖਿਅਤ ਕੱਢੇ ਗਏ ਲੋਕਾਂ ਵਿੱਚ ਜ਼ਿਆਦਾਤਰ ਬਾਹਰੋਂ ਆਏ ਸੈਲਾਨੀ ਸਨ। ਧਮਾਕੇ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਸੜਕ ‘ਤੇ ਖੜ੍ਹੇ ਕਈ ਵਾਹਨ ਪੂਰੀ ਤਰ੍ਹਾਂ ਨੁਕਸਾਨੇ ਗਏ ਅਤੇ ਨੇੜੇ ਸਥਿਤ ਇੱਕ ਚਰਚ ਨੂੰ ਵੀ ਨੁਕਸਾਨ ਪੁੱਜਾ, ਜਿਸ ਕਾਰਨ ਪਾਦਰੀ ਨੇ ਐਲਾਨ ਕੀਤਾ ਹੈ ਕਿ ਐਤਵਾਰ ਦੀ ਪ੍ਰਾਰਥਨਾ ਸਭਾ ਖੁੱਲ੍ਹੇ ਆਸਮਾਨ ਹੇਠ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਵਿਸ਼ਵ ਪ੍ਰਸਿੱਧ ਐਕਰੋਪੋਲਿਸ ਪਹਾੜੀ ਦੀ ਤਲਹਟੀ ‘ਚ ਵਸਿਆ ਪਲਾਕਾ ਇਲਾਕਾ ਹਮੇਸ਼ਾ ਦੇਸ਼-ਵਿਦੇਸ਼ ਦੇ ਸੈਲਾਨੀਆਂ ਨਾਲ ਭਰਿਆ ਰਹਿੰਦਾ ਹੈ। ਫ਼ਿਲਹਾਲ ਫ਼ੋਰੈਂਸਿਕ ਅਤੇ ਜਾਂਚ ਟੀਮਾਂ ਹਾਦਸੇ ਦੇ ਅਸਲ ਕਾਰਨਾਂ ਦੀ ਪੁਖ਼ਤਾ ਜਾਂਚ ਵਿੱਚ ਜੁਟੀਆਂ ਹੋਈਆਂ ਹਨ।



