South Africa ’ਚ ਖ਼ੂਨੀ ਖੇਡ: ਬਾਰਾਂ ਅੰਦਰ ਅੰਨ੍ਹੇਵਾਹ ਫ਼ਾਇਰਿੰਗ ਕਾਰਨ 27 ਲੋਕਾਂ ਦਾ ਕਤਲ, 26 ਜ਼ਖ਼ਮੀ

South Africa Shooting: ਦੱਖਣੀ ਅਫ਼ਰੀਕਾ ਦੇ ਗੌਟੇਂਗ ਅਤੇ ਵੈਸਟਰਨ ਕੇਪ ਸੂਬਿਆਂ ਵਿੱਚ ਕੁਝ ਘੰਟਿਆਂ ਦੇ ਵਕਫ਼ੇ ਦੌਰਾਨ ਵਾਪਰੀਆਂ ਗੋਲੀਬਾਰੀ ਦੀਆਂ ਦੋ ਭਿਆਨਕ ਵਾਰਦਾਤਾਂ ਨੇ ਪੂਰੇ ਦੇਸ਼ ਨੂੰ ਕੰਬਾ ਕੇ ਰੱਖ ਦਿੱਤਾ ਹੈ। ਮਨੋਰੰਜਨ ਕਲੱਬਾਂ ਤੇ ਬਾਰਾਂ ਵਿੱਚ ਹਥਿਆਰਬੰਦ ਹਮਲਾਵਰਾਂ ਵੱਲੋਂ ਚਲਾਈਆਂ ਗੋਲੀਆਂ ਕਾਰਨ 27 ਵਿਅਕਤੀਆਂ ਦੀ ਜਾਨ ਚਲੀ ਗਈ, ਜਦਕਿ 26 ਹੋਰ ਗੰਭੀਰ ਰੂਪ ਵਿੱਚ ਫੱਟੜ ਹੋ ਗਏ।

ਪਹਿਲੀ ਖ਼ੂਨ-ਖ਼ਰਾਬੇ ਵਾਲੀ ਘਟਨਾ ਸ਼ਨੀਵਾਰ ਦੇਰ ਰਾਤ ਜੋਹਾਨਸਬਰਗ ਦੇ ਪੱਛਮੀ ਇਲਾਕੇ ਵੇਡੇਲਾ ਟਾਊਨਸ਼ਿਪ ਵਿੱਚ ਸਥਿਤ ਇੱਕ ਲੋਕਲ ਬਾਰ ਅੰਦਰ ਵਾਪਰੀ। ਹੱਥਾਂ ਵਿੱਚ ਏਕੇ-47 ਅਸਾਲਟ ਰਾਈਫ਼ਲਾਂ ਅਤੇ ਪਿਸਤੌਲ ਲੈ ਕੇ ਦਾਖ਼ਲ ਹੋਏ ਹਮਲਾਵਰਾਂ ਨੇ ਅੰਦਰ ਮੌਜੂਦ ਗਾਹਕਾਂ ਦੀ ਤਲਾਸ਼ੀ ਲੈ ਕੇ ਉਨ੍ਹਾਂ ਦੇ ਮੋਬਾਈਲ ਫ਼ੋਨ ਖੋਹ ਲਏ ਅਤੇ ਬਾਅਦ ਵਿੱਚ ਬੇਰਹਿਮੀ ਨਾਲ ਗੋਲੀਆਂ ਦੀ ਵਾਛੜ ਕਰ ਦਿੱਤੀ। ਇਸ ਹਮਲੇ ਵਿੱਚ 17 ਲੋਕ ਮੌਕੇ ‘ਤੇ ਹੀ ਦਮ ਤੋੜ ਗਏ ਅਤੇ 15 ਗੰਭੀਰ ਜ਼ਖ਼ਮੀ ਹੋ ਗਏ। ਹਮਲਾਵਰ ਵਾਰਦਾਤ ਮਗਰੋਂ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਫ਼ਰਾਰ ਹੋਣ ਵਿੱਚ ਕਾਮਯਾਬ ਰਹੇ। ਪੁਲਿਸ ਨੇ ਇਸ ਕਾਂਡ ਵਿੱਚ ਸ਼ਾਮਲ 8 ਅਣਪਛਾਤੇ ਮੁਲਜ਼ਮਾਂ ਦੀ ਭਾਲ ਲਈ ਵੱਡੇ ਪੱਧਰ ‘ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਕੇਪ ਟਾਊਨ ਵਿੱਚ ਐਤਵਾਰ ਤੜਕੇ ਦੂਜਾ ਹਮਲਾ, 10 ਮੌਤਾਂ

ਹਾਲੇ ਪਹਿਲੀ ਵਾਰਦਾਤ ਦਾ ਸਹਿਮ ਠੰਢਾ ਨਹੀਂ ਸੀ ਪਿਆ ਕਿ ਐਤਵਾਰ ਤੜਕੇ ਕਰੀਬ 1:46 ਵਜੇ ਕੇਪ ਟਾਊਨ ਦੇ ਲਵਾਂਡਲੇ ਟਾਊਨਸ਼ਿਪ ਸਥਿਤ ਇੱਕ ਹੋਰ ਮਨੋਰੰਜਨ ਕੇਂਦਰ ਨੂੰ ਨਿਸ਼ਾਨਾ ਬਣਾਇਆ ਗਿਆ। ਬੰਦੂਕਧਾਰੀਆਂ ਵੱਲੋਂ ਕੀਤੀ ਅੰਨ੍ਹੇਵਾਹ ਗੋਲੀਬਾਰੀ ਵਿੱਚ 10 ਵਿਅਕਤੀ ਮਾਰੇ ਗਏ ਅਤੇ 11 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਮੁਤਾਬਕ 5 ਪੀੜਤਾਂ ਨੇ ਘਟਨਾ ਵਾਲੀ ਥਾਂ ‘ਤੇ ਹੀ ਦਮ ਤੋੜ ਦਿੱਤਾ, ਜਦਕਿ ਬਾਕੀ 5 ਨੇ ਹਸਪਤਾਲ ਪਹੁੰਚ ਕੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਆਖ਼ਰੀ ਸਾਹ ਲਿਆ।

ਕਤਲਾਂ ਦੇ ਕਾਰਨਾਂ ਦੀ ਜਾਂਚ ਵਿੱਚ ਜੁਟੀ ਪੁਲਿਸ

ਪੁਲਿਸ ਪ੍ਰਸ਼ਾਸਨ ਦੋਵਾਂ ਘਟਨਾਵਾਂ ਦੀ ਵੱਖੋ-ਵੱਖਰੇ ਪਹਿਲੂਆਂ ਤੋਂ ਪੜਤਾਲ ਕਰ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲੇ ਤੱਕ ਇਨ੍ਹਾਂ ਦੋਹਾਂ ਖ਼ੂਨੀ ਹਮਲਿਆਂ ਵਿਚਾਲੇ ਕਿਸੇ ਸਾਂਝੇ ਸਬੰਧ ਜਾਂ ਗੈਂਗਵਾਰ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਅਤੇ ਨਾ ਹੀ ਕਤਲਾਂ ਦੇ ਅਸਲ ਮਕਸਦ ਦਾ ਪਤਾ ਲੱਗ ਸਕਿਆ ਹੈ। ਜਨਤਕ ਥਾਵਾਂ ‘ਤੇ ਹੋਈ ਇਸ ਖ਼ੂਨੀ ਘਟਨਾ ਨੇ ਦੱਖਣੀ ਅਫ਼ਰੀਕਾ ਵਿੱਚ ਗ਼ੈਰ-ਕਾਨੂੰਨੀ ਹਥਿਆਰਾਂ ਦੇ ਪਸਾਰੇ ਅਤੇ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

Leave a Comment

Your email address will not be published. Required fields are marked *

Scroll to Top