PM Narendra Modi Birthday: 76ਵੇਂ ਜਨਮ ਦਿਨ ‘ਤੇ ‘ਆਸ਼ੀਰਵਾਦ ਕਾ ਦੀਆ’ ਗੀਤ ਵਾਲੀ ਵੀਡੀਓ ਦੇਖ ਭਾਵੁਕ ਹੋਏ ਪੀਐੱਮ ਮੋਦੀ; ਸਿਰਜਕਾਂ ਦਾ ਕੀਤਾ ਧੰਨਵਾਦ

PM Narendra Modi Birthday Video Latest News Today: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਪਣੇ 76ਵੇਂ ਜਨਮ ਦਿਨ ਮੌਕੇ ਇੱਕ ਖ਼ਾਸ ਸੰਗੀਤਮਈ ਵੀਡੀਓ ਦੀ ਸ਼ਲਾਘਾ ਕੀਤੀ ਹੈ, ਜਿਸ ਵਿੱਚ ਦੇਸ਼ ਭਰ ਦੇ ਆਮ ਲੋਕਾਂ ਨਾਲ ਉਨ੍ਹਾਂ ਦੀਆਂ ਨਿੱਘੀਆਂ ਮੁਲਾਕਾਤਾਂ ਅਤੇ ਸੰਵਾਦ ਦੇ ਪਲਾਂ ਨੂੰ ਖ਼ੂਬਸੂਰਤ ਢੰਗ ਨਾਲ ਪਰੋਇਆ ਗਿਆ ਹੈ।

“ਆਸ਼ੀਰਵਾਦ ਕਾ ਦੀਆ” ਗੀਤ ‘ਤੇ ਆਧਾਰਿਤ ਇਹ ਵੀਡੀਓ ਪ੍ਰਧਾਨ ਮੰਤਰੀ ਨਾਲ ਨਾਗਰਿਕਾਂ ਦੇ ਰਾਬਤੇ ਦੇ ਨਾਲ-ਨਾਲ ਆਵਾਸ, ਸਿਹਤ ਸੰਭਾਲ, ਬਿਜਲੀ ਅਤੇ ਰਸੋਈ ਗੈਸ ਵਰਗੇ ਖੇਤਰਾਂ ਵਿੱਚ ਸਰਕਾਰੀ ਯੋਜਨਾਵਾਂ ਰਾਹੀਂ ਲੋਕਾਂ ਦੇ ਜੀਵਨ ਵਿੱਚ ਆਏ ਬਦਲਾਅ ਨੂੰ ਉਜਾਗਰ ਕਰਦੀ ਹੈ। ਵੀਡੀਓ ਦੇ ਇੱਕ ਭਾਵੁਕ ਦ੍ਰਿਸ਼ ਵਿੱਚ ਇੱਕ ਔਰਤ ਰਵਾਇਤੀ ਦੀਵਾ ਜਗਾਉਂਦੀ ਨਜ਼ਰ ਆਉਂਦੀ ਹੈ। ਜਦੋਂ ਉਸ ਦੀ ਧੀ ਇਸ ਦਾ ਕਾਰਨ ਪੁੱਛਦੀ ਹੈ, ਤਾਂ ਉਹ ਕਹਿੰਦੀ ਹੈ ਕਿ ਇਹ ਦੀਵਾ ਉਸ ਸ਼ਖ਼ਸ ਲਈ ਇੱਕ ਅਸੀਸ ਹੈ ਜਿਸ ਨੇ ਉਸ ਦੇ ਪਰਿਵਾਰ ਦੀ ਜ਼ਿੰਦਗੀ ਵਿੱਚ ਉਜਾਲਾ ਲਿਆਂਦਾ। ਨਿੱਜੀ ਲਾਭਪਾਤਰੀਆਂ ਤੋਂ ਇਲਾਵਾ, ਇਸ ਵਿੱਚ ਖੇਤੀਬਾੜੀ, ਉਦਯੋਗ, ਸਿੱਖਿਆ ਅਤੇ ਸਿਹਤ ਖੇਤਰ ਨਾਲ ਜੁੜੇ ਵੱਡੇ ਬੁਨਿਆਦੀ ਢਾਂਚੇ ਅਤੇ ਵਿਕਾਸ ਪ੍ਰੋਜੈਕਟਾਂ ਦੀ ਝਲਕ ਵੀ ਪੇਸ਼ ਕੀਤੀ ਗਈ ਹੈ।

ਸੋਸ਼ਲ ਮੀਡੀਆ ਮੰਚ ‘ਐਕਸ’ (X) ‘ਤੇ ਪ੍ਰਤੀਕਿਰਿਆ ਦਿੰਦਿਆਂ ਪੀਐੱਮ ਮੋਦੀ ਨੇ ਇਸ ਪੇਸ਼ਕਸ਼ ਨੂੰ ਆਪਣੇ ਲਈ ਬੇਹੱਦ ਖ਼ਾਸ ਅਤੇ ਦਿਲ ਨੂੰ ਛੂਹ ਲੈਣ ਵਾਲਾ ਦੱਸਿਆ। ਉਨ੍ਹਾਂ ਲਿਖਿਆ ਕਿ ਗੀਤ ਰਾਹੀਂ ਪ੍ਰਗਟਾਏ ਗਏ ਪਿਆਰ ਤੇ ਸਨੇਹ ਨੇ ਉਨ੍ਹਾਂ ਦਾ ਮਨ ਮੋਹ ਲਿਆ ਹੈ ਅਤੇ ਲੋਕਾਂ ਵੱਲੋਂ ਮਿਲਿਆ ਹਰ ਆਸ਼ੀਰਵਾਦ ਦੇਸ਼ ਦੀ ਸੇਵਾ ਨਿਰੰਤਰ ਜਾਰੀ ਰੱਖਣ ਦੇ ਉਨ੍ਹਾਂ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਦਾ ਹੈ।

ਇਸ ਗੀਤ ਨੂੰ ਗਾਇਕਾ ਸਨੇਹਾ ਸ਼ੰਕਰ ਨੇ ਆਪਣੀ ਆਵਾਜ਼ ਦਿੱਤੀ ਹੈ ਅਤੇ ਸੰਗੀਤ ਅਮਨ ਪੰਤ ਵੱਲੋਂ ਤਿਆਰ ਕੀਤਾ ਗਿਆ ਹੈ। ਪੰਤ ਅਨੁਸਾਰ ਇਹ ਗੀਤ ਪੀਐੱਮ ਮੋਦੀ ਦੀ ਦਹਾਕਿਆਂ ਲੰਮੀ ਲੋਕ-ਸੇਵਾ ਨੂੰ ਇੱਕ ਸੰਗੀਤਮਈ ਸ਼ਰਧਾਂਜਲੀ ਵਜੋਂ ਤਿਆਰ ਕੀਤਾ ਗਿਆ ਸੀ।

ਦੂਜੇ ਪਾਸੇ, ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦਾ ਜਨਮ ਦਿਨ ਦੇਸ਼ ਭਰ ਵਿੱਚ ਸਮਾਜ ਸੇਵਾ ਅਤੇ ਭਲਾਈ ਕਾਰਜਾਂ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਪਾਰਟੀ ਨੇ ਵਿਆਪਕ “ਸੇਵਾ ਦਿਵਸ” ਪਹਿਲਕਦਮੀ ਤਹਿਤ ਮਹੀਨਾ ਭਰ ਚੱਲਣ ਵਾਲੇ “ਸੇਵਾ ਸੰਕਲਪ ਅਭਿਆਨ” ਦੀ ਸ਼ੁਰੂਆਤ ਕੀਤੀ ਹੈ, ਜਿਸ ਅਧੀਨ ਵੱਖ-ਵੱਖ ਥਾਵਾਂ ‘ਤੇ ਲੋਕ ਭਲਾਈ ਦੇ ਪ੍ਰੋਗਰਾਮ ਉਲੀਕੇ ਗਏ ਹਨ। ਇਸ ਤੋਂ ਇਲਾਵਾ “ਆਸ਼ੀਰਵਾਦ ਕਾ ਦੀਆ” ਮੁਹਿੰਮ ਤਹਿਤ 500 ਤੋਂ ਵੱਧ ਥਾਵਾਂ ‘ਤੇ ਦੀਪਮਾਲਾ ਦੇ ਪ੍ਰੋਗਰਾਮ ਰੱਖੇ ਗਏ ਹਨ। ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਵੀ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਕਾਮਯਾਬੀ ਲਈ ਆਪੋ-ਆਪਣੇ ਘਰਾਂ ਵਿੱਚ ਦੀਵੇ ਜਗਾਉਣ।

17 ਸਤੰਬਰ 1950 ਨੂੰ ਗੁਜਰਾਤ ਦੇ ਵਡਨਗਰ ਵਿਖੇ ਜਨਮੇ ਨਰਿੰਦਰ ਮੋਦੀ ਅੱਜ 76 ਵਰ੍ਹਿਆਂ ਦੇ ਹੋ ਗਏ ਹਨ। ਇਸ ਵਰ੍ਹੇ ਉਨ੍ਹਾਂ ਦਾ ਜਨਮ ਦਿਨ ਸਿਆਸੀ ਸਮਾਗਮਾਂ, ਸਮਾਜ ਸੇਵੀ ਗਤੀਵਿਧੀਆਂ ਅਤੇ ਉਨ੍ਹਾਂ ਦੇ ਜਨਤਕ ਜੀਵਨ ਨੂੰ ਦਰਸਾਉਂਦੇ ਸੱਭਿਆਚਾਰਕ ਸਮਾਗਮਾਂ ਦੇ ਸੁਮੇਲ ਵਜੋਂ ਮਨਾਇਆ ਜਾ ਰਿਹਾ ਹੈ।

Leave a Comment

Your email address will not be published. Required fields are marked *

Scroll to Top