Jalandhar Police Arrest Man Wanted by FBI in US Fraud Case: ਸੰਯੁਕਤ ਰਾਜ ਅਮਰੀਕਾ ਦੀ ਜਾਂਚ ਏਜੰਸੀ ਐੱਫ.ਬੀ.ਆਈ. (FBI) ਵੱਲੋਂ ਲੋੜੀਂਦੇ ਇੱਕ ਵਿਅਕਤੀ ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਗੁਪਤ ਆਪਰੇਸ਼ਨ ਦੌਰਾਨ ਦਬੋਚ ਲਿਆ ਹੈ। ਕਾਬੂ ਕੀਤੇ ਮੁਲਜ਼ਮ ਦੀ ਸ਼ਨਾਖ਼ਤ ਮਨਜੀਤ ਸਿੰਘ ਬੇਦੀ ਵਜੋਂ ਹੋਈ ਹੈ। ਬੇਦੀ ‘ਤੇ ਅਮਰੀਕਾ ਵਿੱਚ ਇੱਕ ਕੰਪਨੀ ਦੇ ਜ਼ਰੀਏ ਕਰੀਬ 6 ਲੱਖ ਡਾਲਰ (ਲਗਭਗ 5 ਕਰੋੜ ਰੁਪਏ ਤੋਂ ਵੱਧ) ਦੀ ਵੱਡੀ ਵਿੱਤੀ ਹੇਰਾਫੇਰੀ ਕਰਨ ਦਾ ਦੋਸ਼ ਹੈ।
ਜਾਂਚ ਤੋਂ ਸਾਹਮਣੇ ਆਇਆ ਹੈ ਕਿ ਇਹ ਵਿੱਤੀ ਗੜਬੜੀ ਸਾਲ 2024 ਅਤੇ 2025 ਦਰਮਿਆਨ ਅੰਜਾਮ ਦਿੱਤੀ ਗਈ ਸੀ। ਮਾਮਲਾ ਸਾਹਮਣੇ ਆਉਣ ਮਗਰੋਂ ਅਮਰੀਕੀ ਫੈਡਰਲ ਏਜੰਸੀ ਨੇ ਬੇਦੀ ਨੂੰ ‘ਮੋਸਟ ਵਾਂਟੇਡ’ ਕਰਾਰ ਦਿੰਦਿਆਂ ਉਸ ਦਾ ਪਾਸਪੋਰਟ ਅਤੇ ਹੋਰ ਯਾਤਰਾ ਦਸਤਾਵੇਜ਼ ਜ਼ਮ੍ਹਾ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ। ਹਾਲਾਂਕਿ, ਕਾਨੂੰਨੀ ਸ਼ਿਕੰਜੇ ਤੋਂ ਬਚਣ ਲਈ ਉਹ ਹਦਾਇਤਾਂ ਦੀ ਉਲੰਘਣਾ ਕਰਕੇ ਅਮਰੀਕਾ ਵਿੱਚੋਂ ਫ਼ਰਾਰ ਹੋ ਗਿਆ ਅਤੇ ਚੋਰੀ-ਛਿਪੇ ਭਾਰਤ ਪਰਤ ਆਇਆ। ਉਸ ਦੀ ਗ੍ਰਿਫ਼ਤਾਰੀ ਯਕੀਨੀ ਬਣਾਉਣ ਲਈ ਐੱਫ.ਬੀ.ਆਈ. ਵੱਲੋਂ ਸੂਚਨਾ ਦੇਣ ਵਾਲੇ ਵਾਸਤੇ ਇਨਾਮ ਦਾ ਐਲਾਨ ਵੀ ਕੀਤਾ ਗਿਆ ਸੀ।
ਪੁਲਿਸ ਹੁਣ ਬੇਦੀ ਦੇ ਵਿਦੇਸ਼ ਤੋਂ ਪਰਤਣ ਦੇ ਤੌਰ-ਤਰੀਕਿਆਂ, ਉਸ ਦੇ ਰੂਟ ਅਤੇ ਪੰਜਾਬ ਵਿੱਚ ਬਿਤਾਏ ਸਮੇਂ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ। ਅਧਿਕਾਰੀ ਇਸ ਗੱਲ ਦਾ ਵੀ ਪਤਾ ਲਗਾ ਰਹੇ ਹਨ ਕਿ ਕੀ ਉਹ ਭਾਰਤ ਵਿੱਚ ਰਹਿ ਕੇ ਕਿਸੇ ਹੋਰ ਗ਼ੈਰ-ਕਾਨੂੰਨੀ ਲੈਣ-ਦੇਣ ਜਾਂ ਧੋਖਾਧੜੀ ਦੇ ਮਾਮਲੇ ਵਿੱਚ ਤਾਂ ਸ਼ਾਮਲ ਨਹੀਂ ਰਿਹਾ।
ਕੇਂਦਰੀ ਏਜੰਸੀਆਂ ਨਾਲ ਰਾਬਤਾ ਕਾਇਮ ਕਰਕੇ ਅਮਰੀਕੀ ਨੋਟਿਸਾਂ ਦੀ ਕਾਨੂੰਨੀ ਪ੍ਰਕਿਰਿਆ ਦੀ ਪੁਸ਼ਟੀ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।



