Nepal Floods Alert As Dam formed due to landslide in Chaulani River in Darchula: ਨੇਪਾਲ ਦੇ ਦਾਰਚੁਲਾ ਜ਼ਿਲ੍ਹੇ ਅੰਦਰ ਪਹਾੜ ਡਿੱਗਣ ਕਾਰਨ ਇੱਕ ਵਾਰ ਫਿਰ ਅਚਾਨਕ ਹੜ੍ਹ (ਫ਼ਲੈਸ਼ ਫਲੱਡ) ਆਉਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਇਹ ਖੇਤਰ ਪਹਿਲਾਂ ਹੀ ਭਿਆਨਕ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੀ ਮਾਰ ਹੇਠੋਂ ਉੱਭਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਤਾਜ਼ਾ ਮਾਮਲਾ ਅਪੀ ਹਿਮਾਲ ਦਿਹਾਤੀ ਨਗਰਪਾਲਿਕਾ ਦੇ ਭੱਟੜ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਪਹਾੜੀ ਤੋਂ ਵੱਡੀ ਮਾਤਰਾ ਵਿੱਚ ਮਲਬਾ ਅਤੇ ਵੱਡੀਆਂ ਚੱਟਾਨਾਂ ਹੇਠਾਂ ਵਹਿ ਰਹੇ ਚੌਲਾਨੀ ਦਰਿਆ ਵਿੱਚ ਆ ਡਿੱਗੀਆਂ ਹਨ। ਇਸ ਕਾਰਨ ਦਰਿਆ ਦਾ ਕੁਦਰਤੀ ਵਹਾਅ ਕਾਫ਼ੀ ਹੱਦ ਤੱਕ ਰੁਕ ਗਿਆ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਾੜੀ ਦੀ ਸਥਿਤੀ ਅਜੇ ਵੀ ਅਸਥਿਰ ਬਣੀ ਹੋਈ ਹੈ ਅਤੇ ਹੋਰ ਮਲਬਾ ਡਿੱਗਣ ਦਾ ਖ਼ਦਸ਼ਾ ਬਰਕਰਾਰ ਹੈ। ਜੇਕਰ ਚੱਟਾਨਾਂ ਦਾ ਹੋਰ ਹਿੱਸਾ ਦਰਿਆ ਵਿੱਚ ਡਿੱਗਦਾ ਹੈ ਤਾਂ ਪਾਣੀ ਦਾ ਵਹਾਅ ਪੂਰੀ ਤਰ੍ਹਾਂ ਠੱਪ ਹੋ ਸਕਦਾ ਹੈ, ਜਿਸ ਨਾਲ ਪਿਛਲੇ ਪਾਸੇ ਪਾਣੀ ਦੀ ਇੱਕ ਵੱਡੀ ਝੀਲ ਬਣ ਜਾਵੇਗੀ।
Today, a large landslide has partially blocked the Chaulani River in Api Himal Rural Municipality, Darchula District, Sudurpashchim Province, Nepal.
Authorities are urging residents downstream to remain alert amid the risk of sudden flooding. pic.twitter.com/7UuxGPsDjg
— Weather Monitor (@WeatherMonitors) September 4, 2026
ਪ੍ਰਸ਼ਾਸਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਆਰਜ਼ੀ ਬੰਨ੍ਹ ਅਚਾਨਕ ਟੁੱਟਦਾ ਹੈ, ਤਾਂ ਹੇਠਲੇ ਇਲਾਕਿਆਂ ਵੱਲ ਪਾਣੀ ਦਾ ਭਿਆਨਕ ਵਹਾਅ ਵਧੇਗਾ, ਜਿਸ ਨਾਲ ਦਰਿਆ ਦੇ ਕੰਢਿਆਂ ‘ਤੇ ਵਸੀਆਂ ਬਸਤੀਆਂ ਪਲਾਂ ਵਿੱਚ ਡੁੱਬ ਸਕਦੀਆਂ ਹਨ।
ਦਾਰਚੁਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਦਰਿਆ ਕੰਢੇ ਰਹਿਣ ਵਾਲੇ ਲੋਕਾਂ ਨੂੰ ਅਤਿ ਦੀ ਚੌਕਸੀ ਵਰਤਣ ਅਤੇ ਪਾਣੀ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਹੈ। ਲੋਕਾਂ ਨੂੰ ਪ੍ਰਸ਼ਾਸਨਿਕ ਹਦਾਇਤਾਂ ‘ਤੇ ਲਗਾਤਾਰ ਨਜ਼ਰ ਰੱਖਣ ਅਤੇ ਹਾਲਾਤ ਵਿਗੜਨ ਦੀ ਸੂਰਤ ਵਿੱਚ ਫ਼ੌਰੀ ਤੌਰ ‘ਤੇ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ।
ਖ਼ਤਰੇ ਦੇ ਮੱਦੇਨਜ਼ਰ ਸੁਰੱਖਿਆ ਬਲਾਂ ਨੂੰ ਪ੍ਰਭਾਵਿਤ ਖੇਤਰ ਵਿੱਚ ਤਾਇਨਾਤ ਕਰ ਦਿੱਤਾ ਗਿਆ ਹੈ ਤਾਂ ਜੋ ਉਹ ਪਾਣੀ ਦੇ ਪੱਧਰ ‘ਤੇ ਨਿਗ੍ਹਾ ਰੱਖ ਸਕਣ ਅਤੇ ਸਥਾਨਕ ਲੋਕਾਂ ਨੂੰ ਸਮੇਂ ਸਿਰ ਸੁਚੇਤ ਕਰ ਸਕਣ। ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਐਮਰਜੈਂਸੀ ਰਾਹਤ ਟੀਮਾਂ ਨੂੰ ਵੀ ਤਿਆਰ-ਬਰ-ਤਿਆਰ ਰੱਖਿਆ ਗਿਆ ਹੈ।
ਇਸ ਤਾਜ਼ਾ ਜ਼ਮੀਨ ਖਿਸਕਣ ਨੇ ਨੇਪਾਲ ਦੇ ਉਨ੍ਹਾਂ ਇਲਾਕਿਆਂ ਵਿੱਚ ਚਿੰਤਾ ਹੋਰ ਵਧਾ ਦਿੱਤੀ ਹੈ ਜੋ ਪਹਿਲਾਂ ਹੀ ਖ਼ਰਾਬ ਮੌਸਮ ਅਤੇ ਉਫ਼ਾਨ ‘ਤੇ ਚੱਲ ਰਹੇ ਦਰਿਆਵਾਂ ਦੀ ਮਾਰ ਝੱਲ ਰਹੇ ਹਨ। ਪ੍ਰਸ਼ਾਸਨ ਕਮਜ਼ੋਰ ਪਹਾੜੀ ਢਲਾਣਾਂ ‘ਤੇ ਲਗਾਤਾਰ ਕਰੜੀ ਨਜ਼ਰ ਰੱਖ ਰਿਹਾ ਹੈ।



