ਪੰਜਾਬ ਨਿਊਜ਼: ਹਰਭਜਨ ਸਿੰਘ ਈਟੀਓ ਵੱਲੋਂ ਪੰਜਾਬ ਭਰ ਦੇ ਸੜਕੀ ਵਿਕਾਸ ਕਾਰਜਾਂ ਦਾ ਜਾਇਜ਼ਾ, ਮਾਨਸੂਨ ਸੀਜ਼ਨ ਤੋਂ ਪਹਿਲਾਂ ਸਖ਼ਤ ਨਿਗਰਾਨੀ ਦੇ ਨਿਰਦੇਸ਼ *ਲੋਕ ਨਿਰਮਾਣ ਮੰਤਰੀ ਵੱਲੋਂ ਸਾਰੇ ਸੜਕੀ ਪ੍ਰਾਜੈਕਟਾਂ ਦੀ ਰੋਜ਼ਾਨਾ ਨਿਗਰਾਨੀ ਅਤੇ ਸਮੇਂ ਸਿਰ ਮੁਕੰਮਲ ਕਰਨ ਦੇ ਹੁਕਮ* ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ: ਹਰਭਜਨ ਸਿੰਘ ਈਟੀਓ ਨੇ ਅੱਜ ਪੀਆਰਬੀਡੀਬੀ ਦਫ਼ਤਰ, ਐਸ.ਏ.ਐਸ.ਨਗਰ (ਮੁਹਾਲੀ) ਵਿਖੇ ਹੋਈ ਮੀਟਿੰਗ ਦੌਰਾਨ ਪੰਜਾਬ ਭਰ ਦੇ ਸੜਕੀ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 45000 ਕਿਲੋਮੀਟਰ ਸੜਕਾਂ ਦੇ ਨਿਰਮਾਣ ਅਤੇ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ। ਮੀਟਿੰਗ ਦੌਰਾਨ ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਰਾਜ ਮਾਰਗਾਂ ਅਤੇ ਲਿੰਕ ਸੜਕਾਂ ਨਾਲ ਸਬੰਧਤ ਚੱਲ ਰਹੇ ਕੰਮਾਂ ਦਾ ਹਲਕੇ ਅਤੇ ਡਵੀਜ਼ਨ ਵਾਰ ਸਥਿਤੀ ਦਾ ਜਾਇਜ਼ਾ ਲਿਆ। ਮਿੱਥੇ ਸਮੇਂ ਵਿੱਚ ਕੰਮ ਮੁਕੰਮਲ ਕਰਨ ’ਤੇ ਜ਼ੋਰ ਦਿੰਦਿਆਂ ਕੈਬਨਿਟ ਮੰਤਰੀ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰ ਚੱਲ ਰਹੇ ਕੰਮ ਨੂੰ ਮਾਨਸੂਨ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇੰਜਨੀਅਰ-ਇਨ-ਚੀਫ਼ ਸ੍ਰੀ ਗਗਨਦੀਪ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਰੋਜ਼ਾਨਾ ਆਧਾਰ ‘ਤੇ ਪ੍ਰਗਤੀ ਦੀ ਨਿਗਰਾਨੀ ਕਰਨ ਅਤੇ ਹਰੇਕ ਪ੍ਰੋਜੈਕਟ ਲਈ ਰੋਜ਼ਾਨਾ ਆਧਾਰ ‘ਤੇ ਪ੍ਰਗਤੀ ਮੋਨੀਟਰਿੰਗ ਸ਼ੀਟ ਤਿਆਰ ਕਰਨ ਤਾਂ ਜੋ ਕੋਈ ਵੀ ਕੰਮ ਸਮਾਂ ਸੀਮਾ ਤੋਂ ਖੁੰਝ ਨਾ ਜਾਵੇ। ਉਨ੍ਹਾਂ ਅੱਗੇ ਹਦਾਇਤ ਕੀਤੀ ਕਿ ਨਿਰਮਾਣ ਸਮੱਗਰੀ ਅਤੇ ਹੋਰ ਲੋੜੀਂਦੀ ਸਮੱਗਰੀ ਦਾ ਸਟਾਕ ਕਰਕੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ। ਗੁਣਵੱਤਾ ਨਿਯੰਤਰਣ ‘ਤੇ ਜ਼ੋਰ ਦਿੰਦੇ ਹੋਏ ਲੋਕ ਨਿਰਮਾਣ ਮੰਤਰੀ ਨੇ ਅਧਿਕਾਰੀਆਂ ਨੂੰ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਬਾਰੇ ਯਾਦ ਦਿਵਾਇਆ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਚੰਗੀ ਗੁਣਵੱਤਾ ਵਾਲੇ ਕੰਮ ਕੀਤੇ ਜਾਣ ਤਾਂ ਜੋ ਜਨਤਾ ਦੇ ਪੈਸੇ ਦੀ ਕਿਸੇ ਵੀ ਤਰ੍ਹਾਂ ਨਾਲ ਬਰਬਾਦੀ ਨਾ ਹੋਵੇ। ਉਨ੍ਹਾਂ ਅੱਗੇ ਹਦਾਇਤ ਕੀਤੀ ਕਿ ਸਬੰਧਤ ਅਧਿਕਾਰੀਆਂ ਵੱਲੋਂ ਹਰ ਪੱਧਰ ‘ਤੇ ਨਿਰੰਤਰ ਚੈਕਿੰਗ ਅਤੇ ਨਿਰੀਖਣ ਕੀਤੇ ਜਾਣ ਤਾਂ ਜੋ ਜ਼ਮੀਨੀ ਪੱਧਰ ‘ਤੇ ਉੱਚ ਮਿਆਰਾਂ ਨੂੰ ਸਖ਼ਤੀ ਨਾਲ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਹਰ ਪੜਾਅ ‘ਤੇ ਲੋੜੀਂਦੇ ਸਾਈਨ ਬੋਰਡਾਂ, ਲੇਨ ਮਾਰਕਿੰਗ ਅਤੇ ਗੁਣਵੱਤਾ ਨਿਯੰਤਰਣ ਮਾਪਦੰਡਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ। ਕੈਬਨਿਟ ਮੰਤਰੀ ਨੇ ਸਮੂਹ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਫੰਡਾਂ ਦੀ ਬਕਾਇਆ ਮੰਗਾਂ ਨੂੰ ਤੁਰੰਤ ਦਰਜ ਕਰਕੇ ਅਦਾਇਗੀਆਂ ਕੀਤੀਆਂ ਜਾਣ ਤਾਂ ਜੋ ਕੰਮਾਂ ਦੀ ਪ੍ਰਗਤੀ ਵਿੱਚ ਕੋਈ ਦੇਰੀ ਨਾ ਹੋਵੇ। ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਉਹ ਜਲਦੀ ਹੀ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣਗੇ ਅਤੇ ਮੀਟਿੰਗ ਦੌਰਾਨ ਜਾਰੀ ਹਦਾਇਤਾਂ ਦੀ ਪਾਲਣਾ ਦਾ ਵੀ ਜਾਇਜ਼ਾ ਲੈਣਗੇ। ਮੀਟਿੰਗ ਵਿੱਚ ਹਾਜ਼ਰ ਵਿਭਾਗ ਦੇ ਅਧਿਕਾਰੀ ਇੰਜਨੀਅਰ-ਇਨ-ਚੀਫ਼ ਸ੍ਰੀ ਗਗਨਦੀਪ ਸਿੰਘ, ਚੀਫ਼ ਇੰਜਨੀਅਰ ਸ੍ਰੀ ਅਨਿਲ ਗੁਪਤਾ, ਸ੍ਰੀ ਅਰਸਦੀਪ ਸਿੰਘ ਅਤੇ ਸਮੂਹ ਸੁਪਰਡੈਂਟ ਇੰਜਨੀਅਰ ਹਾਜ਼ਰ ਸਨ।
