Punjab News: ਬਰਿੰਦਰ ਕੁਮਾਰ ਗੋਇਲ ਨੇ ਕੀਤਾ ਹਸਪਤਾਲ ਦਾ ਦੌਰਾ, ਵਿਆਹ ਸਮਾਗਮ ‘ਚ ਖਾਣਾ ਖਾਣ ਤੋਂ ਬਾਅਦ ਬਿਮਾਰ ਹੋਏ ਵਿਅਕਤੀਆਂ ਦੇ ਇਲਾਜ ਦਾ ਲਿਆ ਜਾਇਜ਼ਾ – Patiala News | ਪਟਿਆਲਾ ਦੀ ਸਿਆਸਤ



Punjab News: ਬਰਿੰਦਰ ਕੁਮਾਰ ਗੋਇਲ ਨੇ ਹਸਪਤਾਲ ਦਾ ਦੌਰਾ ਕੀਤਾ, ਵਿਆਹ ਸਮਾਗਮ ਵਿੱਚ ਖਾਣਾ ਖਾਣ ਤੋਂ ਬਾਅਦ ਬਿਮਾਰ ਹੋਏ ਵਿਅਕਤੀਆਂ ਦੇ ਇਲਾਜ ਦਾ ਲਿਆ ਜਾਇਜ਼ਾ *ਅਧਿਕਾਰੀਆਂ ਨੂੰ ਸਰਵੋਤਮ ਡਾਕਟਰੀ ਸਹੂਲਤ ਯਕੀਨੀ ਬਣਾਉਣ ਦੇ ਨਿਰਦੇਸ਼* ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਸਿਵਲ ਹਸਪਤਾਲ ਮੂਨਕ ਦਾ ਦੌਰਾ ਕੀਤਾ ਅਤੇ ਇਲਾਕੇ ਵਿੱਚ ਇੱਕ ਵਿਆਹ ਸਮਾਗਮ ਵਿੱਚ ਖਾਣਾ ਖਾਣ ਤੋਂ ਬਾਅਦ ਬਿਮਾਰ ਹੋਏ ਵਿਅਕਤੀਆਂ ਦੇ ਇਲਾਜ ਦਾ ਜਾਇਜ਼ਾ ਲਿਆ। ਕੈਬਨਿਟ ਮੰਤਰੀ ਨੇ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨਾਲ ਨਿੱਜੀ ਤੌਰ ‘ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲਈ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਾਰੇ ਪ੍ਰਭਾਵਿਤ ਵਿਅਕਤੀਆਂ ਲਈ ਨਿਰਵਿਘਨ ਡਾਕਟਰੀ ਸਹੂਲਤਾਂ ਅਤੇ ਤੁਰੰਤ ਇਲਾਜ ਨੂੰ ਯਕੀਨੀ ਬਣਾਉਣ। ਜ਼ਿਕਰਯੋਗ ਹੈ ਕਿ ਮੂਨਕ ‘ਚ ਵਿਆਹ ਸਮਾਗਮ ‘ਚ ਖਾਣਾ ਖਾ ਕੇ ਔਰਤਾਂ, ਮਰਦ, ਬੱਚੇ ਅਤੇ ਬਜ਼ੁਰਗ ਸਮੇਤ ਕਈ ਵਿਅਕਤੀ ਬਿਮਾਰ ਹੋ ਗਏ ਸਨ। ਘਟਨਾ ਤੋਂ ਬਾਅਦ ਪ੍ਰਭਾਵਿਤ ਵਿਅਕਤੀਆਂ ਨੂੰ ਸਿਵਲ ਹਸਪਤਾਲ ਮੂਨਕ ਵਿਖੇ ਦਾਖਲ ਕਰਵਾਇਆ ਗਿਆ ਜਦਕਿ ਕੁਝ ਨੂੰ ਨਿੱਜੀ ਹਸਪਤਾਲਾਂ ਵਿਚ ਭੇਜ ਦਿੱਤਾ ਗਿਆ, ਜਿੱਥੇ ਉਹ ਇਸ ਸਮੇਂ ਜ਼ੇਰੇ ਇਲਾਜ ਹਨ। ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਸਿਵਲ ਸਰਜਨ ਸੰਗਰੂਰ, ਐਸ.ਡੀ.ਐਮ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਰੀਜਾਂ ਦੇ ਇਲਾਜ ਦੇ ਨਾਲ-ਨਾਲ ਸਾਰੀਆਂ ਲੋੜੀਂਦੀਆਂ ਡਾਕਟਰੀ ਸਹੂਲਤਾਂ ਨੂੰ ਤੁਰੰਤ ਯਕੀਨੀ ਬਣਾਇਆ ਜਾਵੇ। ਉਨ੍ਹਾਂ ਅੱਗੇ ਹਦਾਇਤ ਕੀਤੀ ਕਿ ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਰ ਮਰੀਜ਼ ਦੇ ਪੂਰੀ ਤਰ੍ਹਾਂ ਠੀਕ ਹੋਣ ਤੱਕ ਸਥਿਤੀ ਦੀ 24 ਘੰਟੇ ਨਿਗਰਾਨੀ ਰੱਖਣ। ਇਨ੍ਹਾਂ ਹਦਾਇਤਾਂ ‘ਤੇ ਅਮਲ ਕਰਦਿਆਂ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਇਲਾਜ ਪ੍ਰਬੰਧਾਂ ਅਤੇ ਮੈਡੀਕਲ ਸਹੂਲਤਾਂ ਦੀ ਨਿਗਰਾਨੀ ਲਈ ਹਸਪਤਾਲਾਂ ਵਿੱਚ ਪਹੁੰਚੀਆਂ। ਇਲਾਜ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕੀਤਾ ਗਿਆ ਅਤੇ ਵਿਸ਼ੇਸ਼ ਡਾਕਟਰੀ ਦੇਖਭਾਲ ਪ੍ਰਦਾਨ ਕਰਨ ਲਈ ਵੱਖ-ਵੱਖ ਕਸਬਿਆਂ ਤੋਂ ਡਾਕਟਰਾਂ ਦੀਆਂ ਟੀਮਾਂ ਨੂੰ ਬੁਲਾਇਆ ਗਿਆ। ਕੁਝ ਮਰੀਜ਼ਾਂ ਨੂੰ ਆਧੁਨਿਕ ਇਲਾਜ ਲਈ ਸੰਗਰੂਰ ਰੈਫਰ ਵੀ ਕੀਤਾ ਗਿਆ। ਆਪਣੇ ਦੌਰੇ ਦੌਰਾਨ ਕੈਬਨਿਟ ਮੰਤਰੀ ਨੇ ਹਸਪਤਾਲ ਵਿਖੇ ਕੀਤੇ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ, ਡਾਕਟਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਪੂਰੀ ਘਟਨਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ ਅਤੇ ਚੱਲ ਰਹੀ ਇਲਾਜ ਪ੍ਰਕਿਰਿਆ ਦਾ ਜਾਇਜ਼ਾ ਵੀ ਲਿਆ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਵਿਆਹ ਸਮਾਗਮ ਵਿਚ ਖਾਣਾ ਖਾ ਕੇ 72 ਦੇ ਕਰੀਬ ਵਿਅਕਤੀਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸਾਰੇ ਮਰੀਜ਼ ਹੁਣ ਖਤਰੇ ਤੋਂ ਬਾਹਰ ਹਨ। ਉਨ੍ਹਾਂ ਅੱਗੇ ਦੱਸਿਆ ਕਿ ਕੋਹੜੀਆਂ, ਸੰਗਰੂਰ, ਭਵਾਨੀਗੜ੍ਹ ਅਤੇ ਲਹਿਰਾਗਾਗਾ ਤੋਂ ਡਾਕਟਰਾਂ ਦੀਆਂ ਟੀਮਾਂ ਮਰੀਜ਼ਾਂ ਦੇ ਇਲਾਜ ਲਈ ਸਰਗਰਮੀ ਨਾਲ ਜੁਟੀਆਂ ਹੋਈਆਂ ਹਨ, ਨਾਲ ਹੀ ਪਟਿਆਲਾ ਤੋਂ ਵਿਸ਼ੇਸ਼ ਮੈਡੀਕਲ ਟੀਮ ਵੀ ਮੂਨਕ ਹਸਪਤਾਲ ਪਹੁੰਚ ਰਹੀ ਹੈ। ਸਿਵਲ ਸਰਜਨ, ਸੰਗਰੂਰ ਨਿੱਜੀ ਤੌਰ ‘ਤੇ ਸਮੁੱਚੇ ਆਪ੍ਰੇਸ਼ਨ ਦੀ ਨਿਗਰਾਨੀ ਕਰ ਰਹੇ ਹਨ ਅਤੇ ਡਾਇਰੈਕਟਰ ਸਿਹਤ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਲਾਜ ਪ੍ਰਕਿਰਿਆ ਵਿੱਚ ਕੋਈ ਕਮੀ ਨਾ ਰਹੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਰੀਜ਼ਾਂ ਨੂੰ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਜਾਂ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਤਿੰਨ ਐਂਬੂਲੈਂਸਾਂ ਨੂੰ ਵੀ ਤਿਆਰ ਰੱਖਿਆ ਗਿਆ ਹੈ। ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਨੇ ਮੁਹੱਈਆ ਕਰਵਾਈਆਂ ਜਾ ਰਹੀਆਂ ਮੈਡੀਕਲ ਸਹੂਲਤਾਂ ’ਤੇ ਤਸੱਲੀ ਪ੍ਰਗਟਾਈ। ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਦੁੱਧ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਮਿਲਾਵਟਖੋਰੀ ਵਿਰੁੱਧ ਦੇਸ਼ ਭਰ ਵਿੱਚ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ ਤਾਂ ਜੋ ਖਾਣ-ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟਖੋਰੀ ਕਾਰਨ ਹੋਣ ਵਾਲੀਆਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Comment

Your email address will not be published. Required fields are marked *

Scroll to Top