ਪੰਜਾਬ ਨਿਊਜ਼ : ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ 55 ਸਕੂਲੀ ਬੱਸਾਂ ਦੀ ਜਾਂਚ, 4 ਬੱਸਾਂ ਦੇ ਚਲਾਨ ਮਾਲੇਰਕੋਟਲਾ, 17 ਮਈ – ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਜ਼ਿਲ੍ਹੇ ਦੀਆਂ ਵੱਖ-ਵੱਖ ਸਕੂਲੀ ਬੱਸਾਂ ਦੀ ਨਿਯਮਤ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਸੁਰੱਖਿਅਤ ਸਕੂਲ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਸੁਰੱਖਿਅਤ ਬਣਾਇਆ ਜਾ ਸਕੇ। ਇਸੇ ਕੜੀ ਤਹਿਤ ਬਾਲ ਸੁਰੱਖਿਆ ਵਿਭਾਗ ਦੀ ਟੀਮ ਵੱਲੋਂ ਕੁੱਲ 55 ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਬਾਲ ਵਿਭਾਗ ਦੀ ਟੀਮ ਨੇ ਬੱਸਾਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ, ਬੀਮਾ, ਫਿਟਨੈਸ ਸਰਟੀਫਿਕੇਟ, ਪ੍ਰਦੂਸ਼ਣ ਸਰਟੀਫਿਕੇਟ, ਡਰਾਈਵਰ ਲਾਇਸੈਂਸ ਅਤੇ ਨਿਰਧਾਰਤ ਰੂਟ ਵਰਗੇ ਜ਼ਰੂਰੀ ਦਸਤਾਵੇਜ਼ਾਂ ਅਤੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕੀਤੀ। ਇਸ ਤੋਂ ਇਲਾਵਾ ਬੱਸਾਂ ਵਿੱਚ ਫਸਟ ਏਡ ਬਾਕਸ, ਅੱਗ ਬੁਝਾਊ ਯੰਤਰ, ਐਮਰਜੈਂਸੀ ਡੋਰ, ਸਪੀਡ ਗਵਰਨਰ ਅਤੇ ਹੋਰ ਸੁਰੱਖਿਆ ਉਪਕਰਨਾਂ ਦੀ ਵੀ ਜਾਂਚ ਕੀਤੀ ਗਈ। ਇਸ ਜਾਂਚ ਦੌਰਾਨ 4 ਬੱਸਾਂ ਵਿੱਚ ਸੁਰੱਖਿਆ ਵਿੱਚ ਕਮੀਆਂ ਪਾਈਆਂ ਗਈਆਂ, ਜਿਸ ਕਾਰਨ ਇਨ੍ਹਾਂ ਬੱਸਾਂ ਦੇ ਚਲਾਨ ਕੀਤੇ ਗਏ। ਇਹ ਚਲਾਨ ਮੁੱਖ ਤੌਰ ‘ਤੇ ਅੱਗ ਬੁਝਾਊ ਯੰਤਰ ਨਾ ਮਿਲਣ, ਇਕਸਾਰ ਨਿਯਮਾਂ ਦੀ ਉਲੰਘਣਾ ਅਤੇ ਰੂਟ ਦੀਆਂ ਕਮੀਆਂ ਕਾਰਨ ਕੀਤੇ ਗਏ। ਬਾਲ ਸੁਰੱਖਿਆ ਵਿਭਾਗ ਦੀ ਟੀਮ ਨੇ ਸਬੰਧਤ ਸਕੂਲ ਪ੍ਰਬੰਧਕਾਂ ਅਤੇ ਵਾਹਨ ਚਾਲਕਾਂ ਨੂੰ ਇਨ੍ਹਾਂ ਕਮੀਆਂ ਨੂੰ ਤੁਰੰਤ ਦੂਰ ਕਰਨ ਲਈ ਸਖ਼ਤ ਹਦਾਇਤਾਂ ਦਿੱਤੀਆਂ। ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੀ ਟੀਮ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਾ ਕਰਨਾ ਅਤੇ ਸੇਫ਼ ਸਕੂਲ ਵਾਹਨ ਪਾਲਿਸੀ ਦੇ ਸਾਰੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਸਕੂਲਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਚੈਕਿੰਗ ਮੁਹਿੰਮਾਂ ਲਗਾਤਾਰ ਜਾਰੀ ਰਹਿਣਗੀਆਂ ਤਾਂ ਜੋ ਹਰ ਵਿਦਿਆਰਥੀ ਨੂੰ ਸੁਰੱਖਿਅਤ ਅਤੇ ਨਿਰਵਿਘਨ ਆਵਾਜਾਈ ਮੁਹੱਈਆ ਕਰਵਾਈ ਜਾ ਸਕੇ। ਇਸ ਮੌਕੇ ਸਹਾਇਕ ਖੇਤਰੀ ਟਰਾਂਸਪੋਰਟ ਅਫ਼ਸਰ ਸ਼ਹਿਨਾਜ਼ ਪ੍ਰਵੀਨ, ਪੁਲਿਸ ਵਿਭਾਗ ਦੇ ਟਰੈਫ਼ਿਕ ਇੰਚਾਰਜ ਹਰਭਜਨ ਸਿੰਘ, ਗੁਰਮੁਖ ਸਿੰਘ ਲਾਡੀ, ਬਾਲ ਸੁਰੱਖਿਆ ਵਿਭਾਗ ਦੇ ਕਾਨੂੰਨੀ ਅਫ਼ਸਰ ਬਬੀਤਾ ਕੁਮਾਰੀ, ਲਵਪ੍ਰੀਤ ਸਿੰਘ, ਸਮਾਜ ਸੇਵਕ ਗੁਰਜੰਟ ਸਿੰਘ, ਮੀਡੀਆ ਸਹਾਇਕ ਪ੍ਰਗਟ ਸਿੰਘ ਆਦਿ ਹਾਜ਼ਰ ਸਨ |
