ਮੋਹਾਲੀ, 15 ਜੂਨ 2026: ਪੰਜਾਬ ਯੂਥ ਕਾਂਗਰਸ ਨੇ ਅੱਜ ਨੀਟ ਪ੍ਰੀਖਿਆ ਵਿੱਚ ਗੰਭੀਰ ਬੇਨਿਯਮੀਆਂ ਅਤੇ ਪੇਪਰ ਲੀਕ ਦੇ ਦੋਸ਼ਾਂ ਨੂੰ ਲੈ ਕੇ ਭਾਜਪਾ ਸਰਕਾਰ ਖਿਲਾਫ ਵਿਸ਼ਾਲ ਮਸ਼ਾਲ ਮਾਰਚ ਕੱਢਿਆ। ਇਹ ਮਾਰਚ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਫੇਜ਼-8 ਮੋਹਾਲੀ ਵਿਖੇ ਇੰਡੀਅਨ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਉਦੈ ਭਾਨੂ ਚਿੱਬ ਜੀ ਦੀ ਅਗਵਾਈ ਹੇਠ ਕੱਢਿਆ ਗਿਆ।
ਇਸ ਰੋਸ ਮੁਜ਼ਾਹਰੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ, ਪੰਜਾਬ ਯੂਥ ਕਾਂਗਰਸ ਇੰਚਾਰਜ ਡਾ: ਸਮ੍ਰਿਤੀ ਰੰਜਨ ਲੈਨਕਾ ਜੀ ਸਮੇਤ ਪੰਜਾਬ ਯੂਥ ਕਾਂਗਰਸ ਦੇ ਅਹੁਦੇਦਾਰਾਂ, ਜਿਲ੍ਹਾ ਪ੍ਰਧਾਨਾਂ, ਵਿਧਾਨ ਸਭਾ ਪ੍ਰਧਾਨਾਂ ਅਤੇ ਵੱਡੀ ਗਿਣਤੀ ਵਿੱਚ ਯੂਥ ਕਾਂਗਰਸ ਦੇ ਵਰਕਰ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਕਾਰਜਕਾਲ ਵਿੱਚ ਵਾਰ-ਵਾਰ ਪੇਪਰ ਲੀਕ ਹੋਣ ਅਤੇ ਪ੍ਰੀਖਿਆਵਾਂ ਵਿੱਚ ਬੇਨਿਯਮੀਆਂ ਨੇ ਨੌਜਵਾਨਾਂ ਵਿੱਚ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਲਾਂ ਦੀ ਮਿਹਨਤ ਅਤੇ ਕੁਰਬਾਨੀ ਦੇਣ ਵਾਲੇ ਵਿਦਿਆਰਥੀ ਨਿਰਪੱਖ ਅਤੇ ਪਾਰਦਰਸ਼ੀ ਪ੍ਰੀਖਿਆ ਪ੍ਰਣਾਲੀ ਦੇ ਹੱਕਦਾਰ ਹਨ, ਨਾ ਕਿ ਸਰਕਾਰੀ ਅਸਫਲਤਾਵਾਂ ਕਾਰਨ ਬੇਇਨਸਾਫ਼ੀ।
ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਭਾਰਤੀ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਉਦੈ ਭਾਨੂ ਚਿੱਬ ਜੀ ਨੇ ਕਿਹਾ ਕਿ NEET ਪੇਪਰ ਲੀਕ ਸਿਰਫ ਇੱਕ ਪ੍ਰੀਖਿਆ ਵਿੱਚ ਬੇਨਿਯਮਤਾ ਨਹੀਂ ਹੈ ਬਲਕਿ ਦੇਸ਼ ਭਰ ਦੇ ਲੱਖਾਂ ਵਿਦਿਆਰਥੀਆਂ ਦੇ ਸੁਪਨਿਆਂ, ਮਿਹਨਤ ਅਤੇ ਭਵਿੱਖ ‘ਤੇ ਸਿੱਧਾ ਹਮਲਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇ ਕਾਰਜਕਾਲ ਵਿੱਚ ਪੇਪਰ ਲੀਕ, ਪ੍ਰੀਖਿਆ ਵਿੱਚ ਘੁਟਾਲੇ ਅਤੇ ਭਰਤੀ ਪ੍ਰਕਿਰਿਆ ਵਿੱਚ ਬੇਨਿਯਮੀਆਂ ਦੀਆਂ ਵਾਰ-ਵਾਰ ਵਾਪਰ ਰਹੀਆਂ ਘਟਨਾਵਾਂ ਨੇ ਪ੍ਰੀਖਿਆ ਪ੍ਰਣਾਲੀ ਵਿੱਚ ਵਿਦਿਆਰਥੀਆਂ ਦੇ ਵਿਸ਼ਵਾਸ ਨੂੰ ਢਾਹ ਲਾਈ ਹੈ। ਦੇਸ਼ ਦੇ ਨੌਜਵਾਨ ਪਹਿਲਾਂ ਹੀ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ ਅਤੇ ਅਜਿਹੀਆਂ ਘਟਨਾਵਾਂ ਉਨ੍ਹਾਂ ਦੀ ਨਿਰਾਸ਼ਾ ਅਤੇ ਅਸੁਰੱਖਿਆ ਨੂੰ ਵਧਾ ਰਹੀਆਂ ਹਨ।
ਸ਼੍ਰੀ ਉਦੈ ਭਾਨੂ ਚਿੱਬ ਜੀ ਨੇ NEET ਪੇਪਰ ਲੀਕ ਮਾਮਲੇ ਦੀ ਨਿਰਪੱਖ, ਸੁਤੰਤਰ ਅਤੇ ਸਮਾਂਬੱਧ ਜਾਂਚ ਅਤੇ ਇਸ ਵਿੱਚ ਸ਼ਾਮਲ ਸਾਰੇ ਲੋਕਾਂ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇੰਡੀਅਨ ਯੂਥ ਕਾਂਗਰਸ ਵਿਦਿਆਰਥੀਆਂ ਦੀ ਆਵਾਜ਼ ਬੁਲੰਦ ਕਰਦੀ ਰਹੇਗੀ ਅਤੇ ਇਨਸਾਫ਼ ਮਿਲਣ ਤੱਕ ਉਨ੍ਹਾਂ ਦੇ ਹੱਕਾਂ ਲਈ ਲੜਦੀ ਰਹੇਗੀ।
ਪੰਜਾਬ ਯੂਥ ਕਾਂਗਰਸ ਇੰਚਾਰਜ ਡਾ: ਸਮ੍ਰਿਤੀ ਰੰਜਨ ਲੈਨਕਾ ਜੀ ਨੇ ਕਿਹਾ ਕਿ ਦੇਸ਼ ਦਾ ਭਵਿੱਖ ਨੌਜਵਾਨਾਂ ‘ਤੇ ਨਿਰਭਰ ਕਰਦਾ ਹੈ ਅਤੇ ਮਿਹਨਤੀ ਵਿਦਿਆਰਥੀਆਂ ਨਾਲ ਬੇਇਨਸਾਫੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਯੂਥ ਕਾਂਗਰਸ ਵਿਦਿਆਰਥੀਆਂ ਦੇ ਹੱਕਾਂ ਦੀ ਰਾਖੀ ਲਈ ਸੜਕਾਂ ਤੋਂ ਲੈ ਕੇ ਹਰ ਪਲੇਟਫਾਰਮ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗੀ।
ਮਸ਼ਾਲ ਮਾਰਚ ਦੌਰਾਨ ਯੂਥ ਕਾਂਗਰਸ ਦੇ ਵਰਕਰਾਂ ਨੇ ਭਾਜਪਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਵਿਦਿਆਰਥੀਆਂ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ।
