12ਵੀਂ ਜਮਾਤ ਦੇ ਨਤੀਜਿਆਂ ਵਿੱਚ ਲੜਕੀਆਂ ਨੇ 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ।



*• 2.42 ਲੱਖ ਤੋਂ ਵੱਧ ਵਿਦਿਆਰਥੀ ਹੋਏ ਪਾਸ, ਪਾਸ ਪ੍ਰਤੀਸ਼ਤਤਾ 91.46 ਫੀਸਦੀ : ਹਰਜੋਤ ਸਿੰਘ ਬੈਂਸ*

*• ਇਹ ਨਤੀਜੇ ਵਿਦਿਆਰਥੀਆਂ ਦੀ ਮਿਹਨਤ ਅਤੇ ਅਧਿਆਪਕਾਂ ਦੀ ਲਗਨ ਨੂੰ ਦਰਸਾਉਂਦੇ ਹਨ: ਬੈਂਸ*

*• ਸਿੱਖਿਆ ਮੰਤਰੀ ਨੇ ਸਾਰੇ ਸਫਲ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ*

ਚੰਡੀਗੜ੍ਹ, 13 ਮਈ:

ਪੰਜਾਬ ਦੇ ਸਿੱਖਿਆ ਖੇਤਰ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਕਾਇਮ ਕਰਦਿਆਂ ਤਿੰਨ ਵਿਦਿਆਰਥਣਾਂ ਨੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਇਤਿਹਾਸ ਰਚ ਦਿੱਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਅਨੁਸਾਰ ਗੁਰੂਕੁਲ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉੱਭਾ (ਮਾਨਸਾ) ਦੀ ਵਿਦਿਆਰਥਣ ਸੁਪਨੀਤ ਕੌਰ ਨੇ 500/500 ਅੰਕ ਲੈ ਕੇ ਸਾਇੰਸ ਸਟਰੀਮ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਬੀਸੀਐਮ ਸੀਨੀਅਰ ਸੈਕੰਡਰੀ ਸਕੂਲ, ਐਚਐਮ 150, ਜਮਾਲਪੁਰ ਕਲੋਨੀ, ਫੋਕਲ ਪੁਆਇੰਟ, ਲੁਧਿਆਣਾ ਦੀ ਵਿਦਿਆਰਥਣ ਸੁਹਾਨੀ ਚੌਹਾਨ ਨੇ ਹਿਊਮੈਨਟੀਜ਼ ਸਟਰੀਮ ਵਿੱਚ 500/500 ਅੰਕ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਤੇਜਾ ਸਿੰਘ ਸਵੈਵਰਟ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾਪੁਰੀ (ਲੁਧਿਆਣਾ) ਦੀ ਵਿਦਿਆਰਥਣ ਦੀਵਾਨਸ਼ੀ ਨੇ 500/500 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਇਹ ਤਿੰਨੋਂ ਟਾਪਰ ਖੇਡਾਂ ਦੇ ਖੇਤਰ ਵਿੱਚ ਵੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ।

ਕੁੱਲ 2,65,417 ਵਿਦਿਆਰਥੀਆਂ ਨੇ 12ਵੀਂ ਦੀ ਸਾਲਾਨਾ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 2,42,755 ਪਾਸ ਹੋਏ। ਇਸ ਹਿਸਾਬ ਨਾਲ ਪਾਸ ਪ੍ਰਤੀਸ਼ਤਤਾ 91.46 ਫੀਸਦੀ ਰਹੀ। ਕਾਮਰਸ ਸਟਰੀਮ ਵਿੱਚ ਸਭ ਤੋਂ ਵੱਧ 98.78 ਪ੍ਰਤੀਸ਼ਤ ਪਾਸ ਦਰ ਦਰਜ ਕੀਤੀ ਗਈ, ਜਿਸ ਵਿੱਚ 34,496 ਵਿਦਿਆਰਥੀਆਂ ਵਿੱਚੋਂ 34,074 ਵਿਦਿਆਰਥੀ ਪਾਸ ਹੋਏ। ਸਾਇੰਸ ਸਟਰੀਮ ਦੀ ਪਾਸ ਪ੍ਰਤੀਸ਼ਤਤਾ 98.47 ਪ੍ਰਤੀਸ਼ਤ ਰਹੀ, 56,456 ਵਿੱਚੋਂ 55,593 ਵਿਦਿਆਰਥੀ ਪਾਸ ਹੋਏ। ਹਿਊਮੈਨਟੀਜ਼ ਸਟਰੀਮ ਦੇ 1,65,457 ਵਿਦਿਆਰਥੀਆਂ ਵਿੱਚੋਂ 1,45,179 ਪਾਸ ਹੋਏ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 87.74 ਫੀਸਦੀ ਰਹੀ। ਇਸ ਤੋਂ ਇਲਾਵਾ, ਵੋਕੇਸ਼ਨਲ ਸਟਰੀਮ ਵਿੱਚ 87.80 ਪ੍ਰਤੀਸ਼ਤ ਪਾਸ ਪ੍ਰਤੀਸ਼ਤਤਾ ਦਰਜ ਕੀਤੀ ਗਈ, ਜਿਸ ਵਿੱਚ 9,008 ਵਿੱਚੋਂ 7,909 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ।

ਸ: ਹਰਜੋਤ ਬੈਂਸ ਨੇ ਕਿਹਾ, “ਇਹ ਨਤੀਜਾ ਸਾਡੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ, ਸਾਡੇ ਅਧਿਆਪਕਾਂ ਦੇ ਸਮਰਪਣ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਬੇਮਿਸਾਲ ਸੁਧਾਰਾਂ ਨੂੰ ਉਜਾਗਰ ਕਰਦਾ ਹੈ।”

ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਚੋਟੀ ਦੇ ਤਿੰਨ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਬੈਂਸ ਨੇ ਸਾਰੇ ਸਫਲ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸਟਰੀਮ ਵਿੱਚ ਪੂਰੇ ਅੰਕ ਪ੍ਰਾਪਤ ਕੀਤੇ ਗਏ ਹਨ ਜੋ ਕਿ ਸ਼ਲਾਘਾਯੋਗ ਹੈ। ਉਨ੍ਹਾਂ ਨੇ ਬਿਹਤਰ ਨਤੀਜਿਆਂ ਦਾ ਕਾਰਨ ਰਾਜ ਸਰਕਾਰ ਦੀ ਡਿਜੀਟਲ ਕਲਾਸਰੂਮਾਂ, ਅਧਿਆਪਕਾਂ ਦੀ ਸਿਖਲਾਈ ਅਤੇ ਸਿਲੇਬਸ ਨੂੰ ਸਮੇਂ ਸਿਰ ਪੂਰਾ ਕਰਨ ਦੀ ਤਰਜੀਹ ਨੂੰ ਦੱਸਿਆ।

Leave a Comment

Your email address will not be published. Required fields are marked *

Scroll to Top