ਚੰਡੀਗੜ੍ਹ, 21 ਜੂਨ:
ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਫਿਲੌਰ ਜਿਲ੍ਹਾ ਜਲੰਧਰ ਵਿਖੇ ਤਾਇਨਾਤ ਸਬ-ਇੰਸਪੈਕਟਰ ਅਮਨਦੀਪ ਕੌਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਅੱਜ ਇੱਥੇ ਇਹ ਜਾਣਕਾਰੀ ਸਾਂਝੀ ਕਰਦਿਆਂ ਰਾਜ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਮੁਹੱਲਾ ਚੌਧਰੀਆਂ, ਫਿਲੌਰ ਥਾਣਾ, ਜ਼ਿਲ੍ਹਾ ਜਲੰਧਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਗਿ੍ਫ਼ਤਾਰ ਕੀਤਾ ਗਿਆ ਹੈ |
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਸ ਦੇ ਲੜਕੇ ਨੂੰ ਨਸ਼ੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਕੇ ਮੁਲਜ਼ਮ ਐਸ.ਆਈ. ਨੇ ਥੋੜ੍ਹੇ ਜਿਹੇ ਨਸ਼ੀਲੇ ਪਦਾਰਥਾਂ ਦਾ ਕੇਸ ਦਰਜ ਕਰਨ ਅਤੇ ਜ਼ਮਾਨਤ ਦਿਵਾਉਣ ਲਈ ਉਸ ਦਾ ਮੋਬਾਈਲ ਫੋਨ ਵਾਪਸ ਕਰਨ ਲਈ 20,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਦਬਾਅ ਹੇਠ ਉਹ ਪਹਿਲਾਂ ਹੀ 1000 ਰੁਪਏ ਰਿਸ਼ਵਤ ਦੇ ਚੁੱਕਾ ਸੀ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਸਬੰਧੀ ਸਾਰੀ ਗੱਲਬਾਤ ਵੀ ਰਿਕਾਰਡ ਕਰ ਲਈ ਸੀ।
ਨਜਾਇਜ਼ ਰਿਸ਼ਵਤ ਦੇਣ ਤੋਂ ਅਸਮਰੱਥ, ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਨਾਲ ਸੰਪਰਕ ਕੀਤਾ। ਉਸ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਓਰੋ ਦੀ ਟੀਮ ਨੇ ਦੋਸ਼ੀ ਐਸ.ਆਈ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਪਾਸੋਂ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਸ ਦੇ ਕਬਜ਼ੇ ‘ਚੋਂ ਦਾਗੀ ਕਰੰਸੀ ਨੋਟ ਬਰਾਮਦ ਹੋਏ ਹਨ।
ਇਸ ਸਬੰਧ ਵਿੱਚ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
