ਵਿਜੀਲੈਂਸ ਬਿਊਰੋ ਨੇ ਇੱਕ ਨਿੱਜੀ ਵਿਅਕਤੀ ਨੂੰ 5000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ



ਚੰਡੀਗੜ੍ਹ, 3 ਜੂਨ, 2026:

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਇੱਕ ਨਿੱਜੀ ਵਿਅਕਤੀ ਸਰਬਜੀਤ ਸਿੰਘ ਉਰਫ਼ ਬਿੱਟੂ ਵਾਸੀ ਹੈਬੋਵਾਲ ਕਲਾਂ, ਲੁਧਿਆਣਾ ਨੂੰ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਨੂੰ ਨਿਊ ਬਾਬਾ ਦੀਪ ਸਿੰਘ ਨਗਰ, ਲੁਧਿਆਣਾ ਦੇ ਵਸਨੀਕ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਕਾਬੂ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਪਿਤਾ ਨੇ ਕੁਲਦੀਪ ਕੁਮਾਰ ਵਾਸੀ ਸਾਹਨੇਵਾਲ ਤੋਂ ਸਾਈਕਲ ਮਾਰਕੀਟ ਵਿੱਚ 60 ਵਰਗ ਗਜ਼ ਦਾ ਪਲਾਟ ਖਰੀਦਣ ਦਾ ਸਮਝੌਤਾ ਕੀਤਾ ਸੀ ਅਤੇ ਅਸੀਂ ਉਸ ਜਗ੍ਹਾ ਦਾ ਕਬਜ਼ਾ ਵੀ ਲੈ ਲਿਆ ਸੀ। ਸਾਲ 2020 ਵਿੱਚ ਉਸ ਨੂੰ ਪਤਾ ਲੱਗਾ ਕਿ ਸ਼ਿਕਾਇਤਕਰਤਾ ਦੇ ਮਾਮੇ ਦੇ ਲੜਕੇ ਗੁਰਜੀਤ ਸਿੰਘ ਉਰਫ਼ ਰਿੰਪੀ ਨੇ ਕੁਲਵੰਤ ਸਿੰਘ ਨਾਮਕ ਵਿਅਕਤੀ ਤੋਂ ਉਕਤ ਜ਼ਮੀਨ ਦੀ ਜਾਅਲੀ ਰਜਿਸਟਰੀ ਕਰਵਾ ਲਈ ਹੈ। ਇਸ ਰਜਿਸਟਰੀ ਵਿੱਚ ਦਰਜ ਖਸਰਾ ਨੰਬਰ ਸਾਈਕਲ ਮਾਰਕੀਟ ਲੁਧਿਆਣਾ ਦਾ ਨਹੀਂ ਬਲਕਿ ਚੰਦਨ ਨਗਰ ਲੁਧਿਆਣਾ ਦਾ ਸੀ। ਕੁਲਵੰਤ ਸਿੰਘ ਦਾ ਪਤਾ ਲਗਾਉਣ ‘ਤੇ ਉਸ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਉਸ ਨੇ ਸਾਈਕਲ ਬਾਜ਼ਾਰ ‘ਚ ਕੋਈ ਵੀ ਦੁਕਾਨ ਗੁਰਜੀਤ ਸਿੰਘ ਉਰਫ਼ ਰਿੰਪੀ ਨੂੰ ਨਹੀਂ ਵੇਚੀ | ਕੁਲਵੰਤ ਸਿੰਘ ਨੇ ਇਹ ਵੀ ਦੱਸਿਆ ਕਿ ਉਸ ਦਾ ਇੱਕ ਜਾਣਕਾਰ ਸਰਬਜੀਤ ਸਿੰਘ ਉਰਫ਼ ਬਿੱਟੂ ਹੈ ਜੋ ਰਾਏਕੋਟ ਤਹਿਸੀਲ ਦਫ਼ਤਰ ਵਿੱਚ ਗ੍ਰੇਡ-4 ਦਾ ਮੁਲਾਜ਼ਮ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਉਕਤ ਜ਼ਮੀਨ ਦੀ ਰਜਿਸਟਰੀ ਆਪਣੇ ਨਾਂ ਕਰਵਾਉਣਾ ਚਾਹੁੰਦਾ ਸੀ। ਇਸ ਸਬੰਧੀ ਸ਼ਿਕਾਇਤਕਰਤਾ ਨੇ ਬਿੱਟੂ ਨਾਲ ਗੱਲ ਕੀਤੀ ਤਾਂ ਬਿੱਟੂ ਨੇ ਦੱਸਿਆ ਕਿ ਉਸ ਦਾ ਅਧਿਕਾਰੀਆਂ ਨਾਲ ਚੰਗਾ ਰਵੱਈਆ ਹੈ ਅਤੇ ਉਨ੍ਹਾਂ ਨਾਲ ਗੱਲ ਕਰਕੇ ਉਹ ਪੀਰੂਬੰਦਾ ਸਾਈਕਲ ਮਾਰਟ ਮੁਰਾਦਪੁਰਾ ਵਿਖੇ ਰਜਿਸਟ੍ਰੇਸ਼ਨ ਕਰਵਾ ਦੇਣਗੇ। ਜਿਸ ਦੀ ਕੀਮਤ 3,50,000 ਰੁਪਏ ਬਣਦੀ ਸੀ ਅਤੇ ਉਸ ਨੇ 25,000 ਰੁਪਏ ਐਡਵਾਂਸ ਲੈ ਕੇ ਪਹਿਲੀ ਕਿਸ਼ਤ ਵਜੋਂ 5000 ਰੁਪਏ ਰਿਸ਼ਵਤ ਦੀ ਮੰਗ ਕੀਤੀ।

ਰਿਸ਼ਵਤ ਦੇਣ ਤੋਂ ਇਨਕਾਰ ਕਰਦਿਆਂ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਕੋਲ ਪਹੁੰਚ ਕੀਤੀ। ਉਸ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਓਰੋ ਦੀ ਟੀਮ ਨੇ ਕਥਿਤ ਦੋਸ਼ੀ ਸਰਬਜੀਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ ਸ਼ਿਕਾਇਤਕਰਤਾ ਪਾਸੋਂ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

——

Leave a Comment

Your email address will not be published. Required fields are marked *

Scroll to Top