ਚੰਡੀਗੜ, 12 ਮਈ – ਹਰਿਆਣਾ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਰਾਜ ਵਿਚ ਹੋਣ ਵਾਲੀਆਂ ਨਗਰ ਨਿਗਮਾਂ ਦੀਆਂ ਆਮ ਅਤੇ ਉਪ ਚੋਣਾਂ ਲਈ ਵੋਟਾਂ ਦੀ ਗਿਣਤੀ ਲਈ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸਬੰਧਤ ਜ਼ਿਲ੍ਹਾ ਚੋਣ ਅਫ਼ਸਰਾਂ ਅਤੇ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਗਿਣਤੀ ਪ੍ਰਕਿਰਿਆ ਨੂੰ ਨਿਰਪੱਖ, ਪਾਰਦਰਸ਼ੀ, ਸ਼ਾਂਤੀਪੂਰਨ ਅਤੇ ਤਰਤੀਬਵਾਰ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ।
ਬੁਲਾਰੇ ਨੇ ਦੱਸਿਆ ਕਿ ਮਿਉਂਸਪਲ ਬਾਡੀ ਚੋਣਾਂ ਲਈ ਵੋਟਾਂ ਦੀ ਗਿਣਤੀ 13 ਮਈ, 2026 ਨੂੰ ਸਵੇਰੇ 8:00 ਵਜੇ ਨਿਰਧਾਰਤ ਗਿਣਤੀ ਕੇਂਦਰਾਂ ‘ਤੇ ਸ਼ੁਰੂ ਹੋਵੇਗੀ। ਗਿਣਤੀ ਪ੍ਰਕਿਰਿਆ ਨਿਰਧਾਰਿਤ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਈ ਜਾਵੇਗੀ ਅਤੇ ਪਾਰਦਰਸ਼ਤਾ ਅਤੇ ਭਰੋਸੇਯੋਗਤਾ ਬਣਾਈ ਰੱਖਣ ਲਈ ਸਬੰਧਤ ਅਧਿਕਾਰੀ ਦੁਆਰਾ ਹਰ ਪੜਾਅ ਦੀ ਨਿਗਰਾਨੀ ਕੀਤੀ ਜਾਵੇਗੀ।
ਬੁਲਾਰੇ ਨੇ ਦੱਸਿਆ ਕਿ ਸਾਰੇ ਗਿਣਤੀ ਕੇਂਦਰਾਂ ‘ਤੇ ਵਿਆਪਕ ਅਤੇ ਮਜ਼ਬੂਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਗਿਣਤੀ ਵਾਲੇ ਸਥਾਨਾਂ ‘ਤੇ ਸਿਰਫ਼ ਅਧਿਕਾਰਤ ਵਿਅਕਤੀਆਂ ਨੂੰ ਹੀ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ। ਕੇਂਦਰਾਂ ‘ਤੇ ਸੀਸੀਟੀਵੀ ਨਿਗਰਾਨੀ, ਬੈਰੀਕੇਡਿੰਗ, ਲੋੜੀਂਦੀ ਪੁਲਿਸ ਫੋਰਸ ਦੀ ਤਾਇਨਾਤੀ ਅਤੇ ਸਾਰੀਆਂ ਬੁਨਿਆਦੀ ਸਹੂਲਤਾਂ ਨੂੰ ਯਕੀਨੀ ਬਣਾਇਆ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਈ.ਵੀ.ਐਮਜ਼ ਨੂੰ ਸਟਰਾਂਗ ਰੂਮਾਂ ਤੋਂ ਗਿਣਤੀ ਕੇਂਦਰਾਂ ਤੱਕ ਲਿਜਾਣ ਸਮੇਂ ਅਤੇ ਗਿਣਤੀ ਪ੍ਰਕਿਰਿਆ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਪੁਲਿਸ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ। ਸਮਾਜ ਵਿਰੋਧੀ ਅਤੇ ਅਣਚਾਹੇ ਅਨਸਰਾਂ ‘ਤੇ ਵੀ ਸਖ਼ਤ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਬੁਲਾਰੇ ਨੇ ਦੱਸਿਆ ਕਿ ਗਿਣਤੀ ਕੇਂਦਰਾਂ ਦੇ ਆਲੇ-ਦੁਆਲੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਜਾਵੇਗਾ ਤਾਂ ਜੋ ਹਥਿਆਰਾਂ ਦੀ ਢੋਆ-ਢੁਆਈ ਅਤੇ ਸ਼ੱਕੀ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ। ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਗਿਣਤੀ ਕੇਂਦਰਾਂ ਦੇ ਨੇੜੇ ਲੋਕਾਂ ਦਾ ਬੇਲੋੜਾ ਇਕੱਠ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਗੜਬੜੀ ਜਾਂ ਰੌਲਾ-ਰੱਪਾ ਪਾਉਣ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਚੌਕਸ ਰਹਿਣ ਅਤੇ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਗਿਣਤੀ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।
ਕਮਿਸ਼ਨ ਨੇ ਸਾਰੇ ਉਮੀਦਵਾਰਾਂ, ਚੋਣ ਏਜੰਟਾਂ ਅਤੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗਿਣਤੀ ਪ੍ਰਕਿਰਿਆ ਦੌਰਾਨ ਅਮਨ-ਕਾਨੂੰਨ ਬਣਾਈ ਰੱਖਣ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਅਤੇ ਕਿਸੇ ਵੀ ਅਫਵਾਹ ‘ਤੇ ਧਿਆਨ ਨਾ ਦੇਣ।
ਬੁਲਾਰੇ ਨੇ ਦੱਸਿਆ ਕਿ ਗਿਣਤੀ ਪ੍ਰਕਿਰਿਆ ਦੌਰਾਨ ਪੈਦਾ ਹੋਣ ਵਾਲੇ ਕਿਸੇ ਵੀ ਮੁੱਦੇ, ਸ਼ਿਕਾਇਤਾਂ ਜਾਂ ਸਵਾਲਾਂ ਦੇ ਸਮੇਂ ਸਿਰ ਹੱਲ ਨੂੰ ਯਕੀਨੀ ਬਣਾਉਣ ਲਈ ਹਰੇਕ ਗਿਣਤੀ ਕੇਂਦਰ ‘ਤੇ ਜਨਰਲ ਅਬਜ਼ਰਵਰ ਅਤੇ ਸਬੰਧਤ ਰਿਟਰਨਿੰਗ ਅਫ਼ਸਰ ਤਾਇਨਾਤ ਕੀਤੇ ਗਏ ਹਨ। ਉਮੀਦਵਾਰ, ਚੋਣ ਏਜੰਟ ਅਤੇ ਹੋਰ ਅਧਿਕਾਰਤ ਵਿਅਕਤੀ ਸਪੱਸ਼ਟੀਕਰਨ ਲੈਣ ਜਾਂ ਕਿਸੇ ਵੀ ਸ਼ੰਕੇ ਅਤੇ ਚਿੰਤਾਵਾਂ ਨੂੰ ਦੂਰ ਕਰਨ ਲਈ ਸਬੰਧਤ ਅਧਿਕਾਰੀਆਂ ਕੋਲ ਪਹੁੰਚ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਹਰਿਆਣਾ ਰਾਜ ਚੋਣ ਕਮਿਸ਼ਨ ਵੱਲੋਂ 10 ਮਈ, 2026 ਨੂੰ ਕਰਵਾਈਆਂ ਗਈਆਂ ਮਿਊਂਸੀਪਲ ਬਾਡੀ ਚੋਣਾਂ ਸ਼ਾਂਤੀਪੂਰਨ, ਨਿਰਪੱਖ ਅਤੇ ਸਫਲਤਾਪੂਰਵਕ ਸੰਪੰਨ ਹੋਈਆਂ ਸਨ। ਅੰਬਾਲਾ, ਪੰਚਕੂਲਾ ਅਤੇ ਸੋਨੀਪਤ ਨਗਰ ਨਿਗਮਾਂ, ਰੇਵਾੜੀ ਨਗਰ ਕੌਂਸਲ ਅਤੇ ਧਾਰੂਹੇੜਾ, ਸਾਂਪਲਾ ਅਤੇ ਉਕਲਾਨਾ ਨਗਰ ਪਾਲਿਕਾਵਾਂ ਲਈ ਵੋਟਿੰਗ ਹੋਈ। ਇਸ ਤੋਂ ਇਲਾਵਾ ਸੂਬੇ ਭਰ ਦੀਆਂ ਵੱਖ-ਵੱਖ ਨਗਰ ਨਿਗਮਾਂ ਦੀਆਂ ਵੱਖ-ਵੱਖ ਵਾਰਡਾਂ ਦੀਆਂ ਜ਼ਿਮਨੀ ਚੋਣਾਂ ਵੀ ਸਫ਼ਲਤਾਪੂਰਵਕ ਕਰਵਾਈਆਂ ਗਈਆਂ।
