ਧੂਰੀ ਜਨ ਸਭਾ ਦੀਆਂ ਖਾਲੀ ਸੀਟਾਂ ਭਾਜਪਾ ਦਾ ਅਸਲੀ ਸ਼ੀਸ਼ਾ ਦਿਖਾਉਂਦੀਆਂ ਹਨ, ਪੰਜਾਬ ਵਿੱਚ ਨਫ਼ਰਤ ਦੀ ਰਾਜਨੀਤੀ ਲਈ ਕੋਈ ਥਾਂ ਨਹੀਂ: ਹਰਪਾਲ ਚੀਮਾ*
ਪੰਜਾਬ 750 ਅੰਨਦਾਤਿਆਂ ਦੀ ਸ਼ਹਾਦਤ ਨੂੰ ਨਹੀਂ ਭੁੱਲ ਸਕਦਾ, ਕਿਸਾਨਾਂ ‘ਤੇ ਜ਼ੁਲਮ ਕਰਨ ਵਾਲੀ ਭਾਜਪਾ ਨੂੰ ਲੋਕ ਕਦੇ ਮੁਆਫ਼ ਨਹੀਂ ਕਰਨਗੇ: ਚੀਮਾ*
*ਭਾਜਪਾ ਕਿਸਾਨ ਵਿਰੋਧੀ ਹੀ ਨਹੀਂ ਸਗੋਂ ਪੰਜਾਬ ਵਿਰੋਧੀ ਵੀ ਹੈ, ਹਮੇਸ਼ਾ ਸਾਡੇ ਹੱਕ ਖੋਹਣ ਦੀ ਕੋਸ਼ਿਸ਼ ਕੀਤੀ: ਚੀਮਾ*
ਚੰਡੀਗੜ੍ਹ, 7 ਜੂਨ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੀ ਧੂਰੀ ਜਨ ਸਭਾ ਨੂੰ ਲੈ ਕੇ ਭਾਜਪਾ ‘ਤੇ ਤਿੱਖਾ ਹਮਲਾ ਕੀਤਾ ਹੈ। ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਧੂਰੀ ਦੀ ਜਨ ਸਭਾ ਵਿੱਚ ਭਾਜਪਾ ਨੂੰ ਉਸਦਾ ਅਸਲੀ ਸ਼ੀਸ਼ਾ ਦਿਖਾ ਦਿੱਤਾ ਹੈ। ਬੇਸ਼ੱਕ ਹਰਿਆਣਾ ਦੇ ਮੁੱਖ ਮੰਤਰੀ ਪੰਜਾਬ ਵਿੱਚ ਜਨਤਕ ਮੀਟਿੰਗ ਕਰਨ ਗਏ ਸਨ ਪਰ ਉਨ੍ਹਾਂ ਨੂੰ ਜਨਤਾ ਦੀ ਥਾਂ ਖਾਲੀ ਕੁਰਸੀਆਂ ਦੀਆਂ ਕਤਾਰਾਂ ਹੀ ਨਜ਼ਰ ਆਈਆਂ।
ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਸੈਣੀ ਉਨ੍ਹਾਂ ਹੀ ਖਾਲੀ ਸੀਟਾਂ ਨੂੰ ਸੰਬੋਧਨ ਕਰਕੇ ਵਾਪਸ ਪਰਤੇ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਭਾਜਪਾ ਲਈ ਕੋਈ ਥਾਂ ਨਹੀਂ ਬਚੀ ਹੈ। ਭਾਜਪਾ ਦੇ ਆਗੂ ਪੰਜਾਬ ਵਿੱਚ ਚਾਹੇ ਜਿੰਨੇ ਮਰਜ਼ੀ ਘੁੰਮਣ ਫਿਰਨ ਪਰ ਪੰਜਾਬ ਦੇ ਜਾਗਰੂਕ ਲੋਕ ਉਨ੍ਹਾਂ ਨੂੰ ਕਦੇ ਮੂੰਹ ਨਹੀਂ ਲਾਉਣਗੇ।
ਭਾਜਪਾ ਦੇ ਲੋਕ ਵਿਰੋਧੀ ਚਿਹਰੇ ਦਾ ਪਰਦਾਫਾਸ਼ ਕਰਦਿਆਂ ਚੀਮਾ ਨੇ ਕਿਹਾ ਕਿ ਪੰਜਾਬ ਦਾ ਹਰ ਬੱਚਾ ਜਾਣਦਾ ਹੈ ਕਿ ਭਾਰਤੀ ਜਨਤਾ ਪਾਰਟੀ ਜ਼ਾਲਮ ਪਾਰਟੀ ਹੈ, ਜਿਸ ਨੇ ਆਪਣੇ ਹੰਕਾਰ ਵਿੱਚ ਪੰਜਾਬ ਦੇ 750 ਤੋਂ ਵੱਧ ਅੰਨਦਾਤਾਵਾਂ ਦੀਆਂ ਜਾਨਾਂ ਲੈ ਲਈਆਂ ਹਨ। ਇਹ ਸਾਡੇ ਬਹਾਦਰ ਕਿਸਾਨ ਸਨ, ਜਿਨ੍ਹਾਂ ਨੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਆਪਣੀ ਸ਼ਹਾਦਤ ਦਿੱਤੀ। ਪੰਜਾਬ ਦੇ ਲੋਕ ਆਪਣੇ ਸ਼ਹੀਦ ਕਿਸਾਨ ਭਰਾਵਾਂ ਦੀ ਕੁਰਬਾਨੀ ਨੂੰ ਕਦੇ ਨਹੀਂ ਭੁੱਲ ਸਕਦੇ ਅਤੇ ਕਿਸਾਨਾਂ ‘ਤੇ ਜ਼ੁਲਮ ਕਰਨ ਵਾਲੀ ਭਾਜਪਾ ਨੂੰ ਕਦੇ ਮੁਆਫ ਨਹੀਂ ਕਰ ਸਕਦੇ।
ਕੇਂਦਰੀ ਲੀਡਰਸ਼ਿਪ ਅਤੇ ਭਾਜਪਾ ਦੀਆਂ ਨੀਤੀਆਂ ‘ਤੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਕਿਸਾਨ ਵਿਰੋਧੀ ਹੀ ਨਹੀਂ ਸਗੋਂ ਪੰਜਾਬ ਵਿਰੋਧੀ ਵੀ ਹੈ। ਇਹ ਉਹੀ ਪਾਰਟੀ ਹੈ ਜੋ ਹਮੇਸ਼ਾ ਸਾਡੇ ਪਾਣੀਆਂ ਨੂੰ ਲੁੱਟਣਾ ਚਾਹੁੰਦੀ ਹੈ ਅਤੇ ਪੰਜਾਬ ਦੇ ਹੱਕ ਖੋਹਣ ਲਈ ਉਤਾਵਲੀ ਰਹਿੰਦੀ ਹੈ। ਇਨ੍ਹਾਂ ਨੇ ਆਪਣੀਆਂ ਗਲਤ ਨੀਤੀਆਂ ਨਾਲ ਨਾ ਸਿਰਫ਼ ਪੰਜਾਬ ਨਾਲ ਮਤਰੇਏ ਪਿਤਾ ਵਾਲਾ ਸਲੂਕ ਕੀਤਾ ਹੈ, ਸਗੋਂ ਪੂਰੇ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰ ਦਿੱਤਾ ਹੈ। ਪੰਜਾਬ ਦੇ ਲੋਕਾਂ ਨੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਪੰਜਾਬ ਦੀ ਧਰਤੀ ‘ਤੇ ਨਫ਼ਰਤ ਅਤੇ ਜ਼ੁਲਮ ਦੀ ਰਾਜਨੀਤੀ ਲਈ ਕੋਈ ਥਾਂ ਨਹੀਂ ਹੈ।
