ਬਟਾਲਾ ਦੇ ਪਿੰਡ ਕਿਲਾ ਲਾਲ ਸਿੰਘ ਦਾ ਸਾਬਕਾ ਅਕਾਲੀ ਆਗੂ ਜਸਬੀਰ ਸਿੰਘ ਗਿੱਲ ਆਪਣੇ ਘਰ ਦੇ ਵਿਹੜੇ ਵਿੱਚ ਸੈਰ ਕਰ ਰਿਹਾ ਸੀ।
ਸਵੇਰੇ 5:25 ਵਜੇ ਦੇ ਕਰੀਬ ਦੋ ਅਣਪਛਾਤੇ ਹਮਲਾਵਰ ਮੋਟਰਸਾਈਕਲ ‘ਤੇ ਆਏ ਅਤੇ ਉਨ੍ਹਾਂ ਨੇ ਗਲੀ ਤੋਂ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ‘ਚ ਗਿੱਲ ਵਾਲ-ਵਾਲ ਬਚ ਗਏ।
ਸਾਬਕਾ ਸਰਪੰਚ ਅਨੁਸਾਰ ਉਸ ਨੂੰ ਪਹਿਲਾਂ ਵੀ ਗੈਂਗਸਟਰਾਂ ਵੱਲੋਂ ਧਮਕੀਆਂ ਮਿਲੀਆਂ ਸਨ। ਦੋ ਨਕਾਬਪੋਸ਼ ਹਮਲਾਵਰ ਬਾਈਕ ‘ਤੇ ਆਏ ਅਤੇ ਗੇਟ ਦੇ ਬਾਹਰੋਂ ਉਸ ‘ਤੇ ਚਾਰ ਗੋਲੀਆਂ ਚਲਾਈਆਂ; ਜਦੋਂ ਉਸ ਨੇ ਜਵਾਬੀ ਫਾਇਰਿੰਗ ਕੀਤੀ ਤਾਂ ਹਮਲਾਵਰ ਫ਼ਰਾਰ ਹੋ ਗਏ। ਘਟਨਾ ਦੌਰਾਨ ਇਕ ਗੋਲੀ ਉਸ ਦੀ ਗੱਡੀ ਦੇ ਟਾਇਰ ਵਿਚ ਜਾ ਵੱਜੀ।
ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਕਿਲਾ ਲਾਲ ਸਿੰਘ ਦੇ ਥਾਣਾ ਮੁਖੀ ਇੰਸਪੈਕਟਰ ਪ੍ਰਭਜੋਤ ਸਿੰਘ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਇੰਸਪੈਕਟਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਅਜੇ ਤੱਕ ਕਿਸੇ ਗੈਂਗਸਟਰ ਜਾਂ ਸੰਗਠਨ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
