*ਜਲ ਸਰੋਤ ਮੰਤਰੀ ਬਰਿੰਦਰ ਗੋਇਲ ਅਤੇ ਵਿਧਾਇਕ ਗੁਰਲਾਲ ਘਨੌਰ ਨੇ 26.73 ਕਰੋੜ ਰੁਪਏ ਦੇ ਨਹਿਰੀ ਸਿੰਚਾਈ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ*
*ਘਨੌਰ ਹਲਕੇ ਵਿੱਚ 16,932 ਏਕੜ ਨੂੰ ਨਹਿਰੀ ਸਿੰਚਾਈ ਦਾ ਲਾਭ*
*36.39 ਕਿਲੋਮੀਟਰ ਜ਼ਮੀਨਦੋਜ਼ ਪਾਈਪਲਾਈਨ ਵਿਛਾਈ ਗਈ ਅਤੇ 2.44 ਕਿਲੋਮੀਟਰ ਗਦਾਮ ਰਾਜਬਾਹਾ ਕੰਕਰੀਟਡ*
ਪੰਜਾਬ ‘ਚ ਹੜ੍ਹ ਰੋਕੂ ਕੰਮਾਂ ‘ਤੇ 450 ਕਰੋੜ ਰੁਪਏ ਖਰਚ ਕੀਤੇ ਗਏ: ਬਰਿੰਦਰ ਗੋਇਲ*
*ਚੰਡੀਗੜ੍ਹ/ਘਨੌਰ, 29 ਜੁਲਾਈ:*
ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਅਤੇ ਵਿਧਾਇਕ ਗੁਰਲਾਲ ਘਨੌਰ ਨੇ ਅੱਜ ਪਿੰਡ ਕੋਲੇਮਾਜਰਾ ਵਿਖੇ 26.73 ਕਰੋੜ ਰੁਪਏ ਦੀ ਲਾਗਤ ਵਾਲੇ ਲਿਫਟ ਸਿੰਚਾਈ ਅਧਾਰਿਤ ਨਹਿਰੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਿਸ ਨਾਲ ਘਨੌਰ ਹਲਕੇ ਦੇ 42 ਪਿੰਡਾਂ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਉਨ੍ਹਾਂ ਪਿੰਡਾਂ ਨੂੰ ਨਹਿਰੀ ਸਿੰਚਾਈ ਦੇ ਕੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕੀਤਾ ਹੈ ਜੋ ਕਿ ਨਹਿਰਾਂ ਨੇੜੇ ਹੋਣ ਦੇ ਬਾਵਜੂਦ ਵਾਂਝੇ ਰਹਿ ਗਏ ਸਨ। ਇਹ ਪਹਿਲਕਦਮੀ 16,932 ਏਕੜ ਨੂੰ ਨਹਿਰੀ ਸਿੰਚਾਈ ਅਧੀਨ ਲਿਆਏਗੀ, ਜ਼ਮੀਨੀ ਪਾਣੀ ਦੀ ਸੰਭਾਲ ਵਿੱਚ ਮਦਦ ਕਰੇਗੀ ਅਤੇ ਕਿਸਾਨਾਂ ਦੇ ਸਿੰਚਾਈ ਦੇ ਖਰਚੇ ਘਟਾਏਗੀ।
ਉਨ੍ਹਾਂ ਕਿਹਾ ਕਿ 22.23 ਕਰੋੜ ਰੁਪਏ ਦੀ ਲਾਗਤ ਨਾਲ 36.39 ਕਿਲੋਮੀਟਰ ਜ਼ਮੀਨਦੋਜ਼ ਪਾਈਪ ਲਾਈਨ ਵਿਛਾਈ ਗਈ ਹੈ, ਜਿਸ ਨਾਲ 38 ਪਿੰਡਾਂ ਨੂੰ ਫਾਇਦਾ ਹੋਵੇਗਾ ਅਤੇ ਪਹਿਲੀ ਵਾਰ 15,129 ਏਕੜ ਰਕਬੇ ਨੂੰ ਨਹਿਰੀ ਸਿੰਜਾਈ ਅਧੀਨ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ, 4.50 ਕਰੋੜ ਰੁਪਏ ਦੀ ਲਾਗਤ ਨਾਲ ਘੜਮ ਰਾਜਬਾਹਾ ਦੇ 2.44 ਕਿਲੋਮੀਟਰ ਦੇ ਹਿੱਸੇ ਨੂੰ ਕੰਕਰੀਟ ਕੀਤਾ ਗਿਆ ਹੈ, ਜਿਸ ਨਾਲ ਚਾਰ ਪਿੰਡਾਂ ਦੀ ਹੋਰ 1,803 ਏਕੜ ਜ਼ਮੀਨ ਨੂੰ ਸਿੰਚਾਈ ਮਿਲੇਗੀ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਘਨੌਰ ਹਲਕੇ ਵਿੱਚ ਘੱਗਰ ਦਰਿਆ ਦੇ ਕੰਢੇ ਹੜ੍ਹਾਂ ਤੋਂ ਬਚਾਅ ਲਈ 13 ਕਰੋੜ ਰੁਪਏ ਸਮੇਤ ਸੂਬੇ ਭਰ ਵਿੱਚ ਹੜ੍ਹ ਰੋਕੂ ਕੰਮਾਂ ’ਤੇ 450 ਕਰੋੜ ਰੁਪਏ ਖਰਚ ਕੀਤੇ ਹਨ।
ਵਿਧਾਇਕ ਗੁਰਲਾਲ ਘਨੌਰ ਨੇ ਹਲਕੇ ਵਿੱਚ ਬੇਮਿਸਾਲ ਵਿਕਾਸ ਕਾਰਜ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲਿਫਟ ਸਿੰਚਾਈ ਪ੍ਰਣਾਲੀ ਨਾ ਸਿਰਫ਼ ਧਰਤੀ ਹੇਠਲੇ ਪਾਣੀ ਦੀ ਬਚਤ ਕਰੇਗੀ ਸਗੋਂ ਕਿਸਾਨਾਂ ਲਈ ਖੇਤੀ ਲਾਗਤਾਂ ਨੂੰ ਵੀ ਕਾਫ਼ੀ ਘਟਾਏਗੀ।
ਕਿਸਾਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਨਹਿਰੀ ਸਿੰਚਾਈ ਨੂੰ ਨਿਯਮਤ ਕਰਨ ਦੀ ਉਨ੍ਹਾਂ ਦੀ ਦਹਾਕਿਆਂ ਪੁਰਾਣੀ ਮੰਗ ਆਖਰਕਾਰ ਪੂਰੀ ਹੋ ਗਈ ਹੈ।
