*ਪੰਜਾਬ ਪੁਲਿਸ ਦੇ ਮਹਿਲਾ ਹੈਲਪ ਡੈਸਕਾਂ ਨੇ ਪੁਲਿਸ ਸਟੇਸ਼ਨਾਂ ਨੂੰ ਔਰਤਾਂ ਲਈ ਸੁਰੱਖਿਅਤ ਅਤੇ ਵਧੇਰੇ ਪਹੁੰਚਯੋਗ ਸਥਾਨਾਂ ਵਿੱਚ ਬਦਲ ਦਿੱਤਾ ਹੈ: ਡੀਜੀਪੀ ਗੌਰਵ ਯਾਦਵ*
* ਲਿੰਗ ਸੰਵੇਦਨਸ਼ੀਲ ਪੁਲਿਸਿੰਗ ਨੂੰ ਯਕੀਨੀ ਬਣਾਉਣ ਲਈ 424 ਥਾਣਿਆਂ ਵਿੱਚ 848 ਪੰਜਾਬ ਪੁਲਿਸ ਮਹਿਲਾ ਮਿੱਤਰਾਂ ਦੀ ਤਾਇਨਾਤੀ: ਡੀਜੀਪੀ ਗੌਰਵ ਯਾਦਵ*
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਭਰ ਵਿੱਚ ਮਹਿਲਾ ਮਿੱਤਰ ਪਹਿਲਕਦਮੀ ਅਤੇ ਮਹਿਲਾ ਹੈਲਪ ਡੈਸਕਾਂ ਨੂੰ ਮਜ਼ਬੂਤ ਕਰਨ ਲਈ 93 ਇਲੈਕਟ੍ਰਿਕ ਸਕੂਟਰਾਂ ਨੂੰ ਪ੍ਰਵਾਨਗੀ ਦਿੱਤੀ*
ਚੰਡੀਗੜ੍ਹ, 11 ਜੁਲਾਈ 2026:
ਔਰਤਾਂ ਦੀ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਮੁੱਖ ਰੱਖਦਿਆਂ ਪੰਜਾਬ ਪੁਲਿਸ ਵੱਲੋਂ ਸਥਾਪਿਤ ਕੀਤੇ ਗਏ ਵੂਮੈਨ ਹੈਲਪ ਡੈਸਕਾਂ ਨੂੰ ਸੂਬੇ ਭਰ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਇਨ੍ਹਾਂ ਹੈਲਪ ਡੈਸਕਾਂ ਰਾਹੀਂ ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧਾਂ ਨਾਲ ਸਬੰਧਤ ਕੁੱਲ 2,31,677 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਰਾਜ ਪੁਲਿਸ ਨੇ ਸਾਰੇ 424 ਥਾਣਿਆਂ ਵਿੱਚ ਮਹਿਲਾ ਹੈਲਪ ਡੈਸਕ ਸਥਾਪਤ ਕੀਤੇ ਹਨ, ਜਿਨ੍ਹਾਂ ਵਿੱਚ 39 ਵਿਸ਼ੇਸ਼ ਉਦੇਸ਼ ਵਾਲੇ ਪੁਲਿਸ ਸਟੇਸ਼ਨ ਵੀ ਸ਼ਾਮਲ ਹਨ।
1 ਜਨਵਰੀ 2023 ਤੋਂ 30 ਜੂਨ 2026 ਤੱਕ, ਪੰਜਾਬ ਸ਼ਿਕਾਇਤ ਨਿਪਟਾਰਾ (PGD) ਪੋਰਟਲ ਰਾਹੀਂ ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧਾਂ ਨਾਲ ਸਬੰਧਤ 1,33,152 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿੱਚੋਂ ਪੰਜਾਬ ਪੁਲਿਸ ਮਹਿਲਾ ਮਿੱਤਰ ਵੱਲੋਂ ਕੁੱਲ 99,692 ਸ਼ਿਕਾਇਤਾਂ (74.8 ਫੀਸਦੀ) ਦਾ ਨਿਪਟਾਰਾ ਕੀਤਾ ਗਿਆ।
ਹਾਲ ਹੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਜ ਭਰ ਵਿੱਚ ਮਹਿਲਾ ਮਿੱਤਰ ਪਹਿਲਕਦਮੀ ਅਤੇ ਮਹਿਲਾ ਹੈਲਪ ਡੈਸਕਾਂ ਤਹਿਤ ਕੰਮ ਕਰ ਰਹੀਆਂ ਮਹਿਲਾ ਪੁਲਿਸ ਮੁਲਾਜ਼ਮਾਂ ਲਈ 93 ਇਲੈਕਟ੍ਰਿਕ ਸਕੂਟਰ ਮਨਜ਼ੂਰ ਕੀਤੇ ਹਨ।
ਇਨ੍ਹਾਂ ਇਲੈਕਟ੍ਰਿਕ ਸਕੂਟਰਾਂ ਨੂੰ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਪਹਿਲਕਦਮੀ ਦਾ ਉਦੇਸ਼ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਰਾਜ ਦੇ ਹਰ ਕੋਨੇ ਤੱਕ ਪਹੁੰਚਣ ਅਤੇ ਔਰਤਾਂ ਅਤੇ ਬੱਚਿਆਂ ਦੀਆਂ ਸ਼ਿਕਾਇਤਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਦੇ ਯੋਗ ਬਣਾਉਣਾ ਹੈ।
ਇਸ ਮੌਕੇ ‘ਤੇ ਬੋਲਦਿਆਂ ਡੀਜੀਪੀ ਪੰਜਾਬ ਪੁਲਿਸ ਗੌਰਵ ਯਾਦਵ ਨੇ ਕਿਹਾ, “ਇਸ ਪਹਿਲਕਦਮੀ ਨਾਲ ਔਰਤਾਂ ਤੱਕ ਪੁਲਿਸ ਸੇਵਾਵਾਂ ਦੀ ਪਹੁੰਚ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ, ਲਿੰਗ ਸੰਵੇਦਨਸ਼ੀਲ ਪੁਲਿਸਿੰਗ ਨੂੰ ਯਕੀਨੀ ਬਣਾਇਆ ਗਿਆ ਹੈ, ਲੋਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਨਾਲ ਸਬੰਧਤ ਮਾਮਲਿਆਂ ਵਿੱਚ ਸਮੇਂ ਸਿਰ ਦਖਲ ਦਿੱਤਾ ਜਾ ਸਕਦਾ ਹੈ। ਵੂਮੈਨ ਹੈਲਪ ਡੈਸਕਾਂ ਨੇ ਪੁਲਿਸ ਥਾਣਿਆਂ ਨੂੰ ਸੁਰੱਖਿਅਤ ਅਤੇ ਵਧੇਰੇ ਪਹੁੰਚਯੋਗ ਸਥਾਨਾਂ ਵਿੱਚ ਬਦਲ ਦਿੱਤਾ ਹੈ। 424 ਥਾਣਿਆਂ ਵਿੱਚ ਤਾਇਨਾਤ ਕੀਤੇ ਗਏ ਹਨ, ਜੋ ਕਿ ਪੰਜਾਬ ਪੁਲਿਸ ਵਿੱਚ ਵੱਧ ਰਹੇ ਵਿਸ਼ਵਾਸ ਨੂੰ ਦਰਸਾਉਂਦੇ ਹਨ, ਪੰਜਾਬ ਪੁਲਿਸ ਨੇ ਰਾਜ ਦੇ ਹਰ ਪੁਲਿਸ ਸਟੇਸ਼ਨ ਵਿੱਚ ਮਹਿਲਾ ਹੈਲਪ ਡੈਸਕ ਸਥਾਪਤ ਕਰਕੇ ਔਰਤਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇੱਕ ਵਿਆਪਕ ਅਤੇ ਸਮਾਜਕ ਕੇਂਦਰਿਤ ਪਹੁੰਚ ਅਪਣਾਈ ਹੈ।
ਮਹਿਲਾ ਹੈਲਪ ਡੈਸਕ ਦੀ ਸ਼ੁਰੂਆਤ ਤੋਂ ਪਹਿਲਾਂ ਔਰਤਾਂ ਅਤੇ ਬੱਚਿਆਂ ਨਾਲ ਸਬੰਧਤ ਸ਼ਿਕਾਇਤਾਂ ਦਾ ਨਿਪਟਾਰਾ ਮੁੱਖ ਤੌਰ ‘ਤੇ ਪੁਰਸ਼ ਪੁਲਿਸ ਕਰਮਚਾਰੀਆਂ ਦੁਆਰਾ ਕੀਤਾ ਜਾਂਦਾ ਸੀ। ਪੰਜਾਬ ਪੁਲਿਸ ਨੇ ਸਾਲ 2021 ਵਿੱਚ ਪੰਜਾਬ ਪੁਲਿਸ ਮਹਿਲਾ ਮਿੱਤਰ (PPMM) ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਸੀ ਜਿਸਦਾ ਉਦੇਸ਼ ਸ਼ਿਕਾਇਤਾਂ ਦਾਇਰ ਕਰਨ ਲਈ ਵਧੇਰੇ ਆਰਾਮਦਾਇਕ, ਸੰਵੇਦਨਸ਼ੀਲ ਅਤੇ ਪੀੜਤ-ਕੇਂਦ੍ਰਿਤ ਮਾਹੌਲ ਪ੍ਰਦਾਨ ਕਰਨਾ ਹੈ।
ਇਸ ਉਪਰਾਲੇ ਤਹਿਤ ਔਰਤਾਂ, ਬੱਚਿਆਂ ਅਤੇ ਬਜ਼ੁਰਗ ਨਾਗਰਿਕਾਂ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਕੁੱਲ 848 ਪੰਜਾਬ ਪੁਲਿਸ ਮਹਿਲਾ ਮਿੱਤਰਾਂ ਨੂੰ ਵਿਸ਼ੇਸ਼ ਤੌਰ ‘ਤੇ ਤਾਇਨਾਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਪੰਜਾਬ ਪੁਲਿਸ ਇਸ ਵੇਲੇ ਰਾਜ ਵਿੱਚ 10 ਮਹਿਲਾ ਪੁਲਿਸ ਸਟੇਸ਼ਨ ਅਤੇ 15 ਮਹਿਲਾ ਸਹਾਇਤਾ ਕੇਂਦਰ ਚਲਾ ਰਹੀ ਹੈ, ਜੋ ਔਰਤਾਂ ਵਿਰੁੱਧ ਅਪਰਾਧਾਂ ਨਾਲ ਨਜਿੱਠਣ ਲਈ ਵਿਸ਼ੇਸ਼ ਸਹਾਇਤਾ ਪ੍ਰਦਾਨ ਕਰਦੇ ਹਨ। ਇਹ ਕੇਂਦਰ ਔਰਤਾਂ ਨੂੰ ਇੱਕ ਸੁਰੱਖਿਅਤ ਅਤੇ ਗੁਪਤਤਾ ਅਧਾਰਤ ਮਾਹੌਲ ਪ੍ਰਦਾਨ ਕਰਦੇ ਹਨ, ਜਿੱਥੇ ਉਹ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੀਆਂ ਹਨ ਅਤੇ ਬਿਨਾਂ ਕਿਸੇ ਝਿਜਕ ਦੇ ਮਦਦ ਪ੍ਰਾਪਤ ਕਰ ਸਕਦੀਆਂ ਹਨ। ਸਿਖਿਅਤ ਮਹਿਲਾ ਪੁਲਿਸ ਕਰਮਚਾਰੀਆਂ ਦੁਆਰਾ ਚਲਾਏ ਜਾਣ ਵਾਲੇ, ਇਹ ਕੇਂਦਰ ਸ਼ਿਕਾਇਤਾਂ ਦੀ ਸੰਵੇਦਨਸ਼ੀਲ ਸੁਣਵਾਈ, ਕਾਉਂਸਲਿੰਗ, ਕਾਨੂੰਨੀ ਮਾਰਗਦਰਸ਼ਨ ਅਤੇ ਜ਼ਰੂਰੀ ਸਹਾਇਤਾ ਸੇਵਾਵਾਂ ਪ੍ਰਦਾਨ ਕਰਦੇ ਹਨ।
ਡੀਜੀਪੀ ਗੌਰਵ ਯਾਦਵ ਨੇ ਅੱਗੇ ਕਿਹਾ, “ਸਮਰਪਿਤ ਮਹਿਲਾ ਅਧਿਕਾਰੀਆਂ ਦੀ ਮੌਜੂਦਗੀ ਨੇ ਪੀੜਤ ਔਰਤਾਂ ਦਾ ਪੁਲਿਸ ਕੋਲ ਪਹੁੰਚਣ ਦਾ ਭਰੋਸਾ ਵਧਾਇਆ ਹੈ, ਜਿਸ ਨਾਲ ਲਿੰਗ-ਅਧਾਰਤ ਅਪਰਾਧਾਂ ਦੀ ਵੱਧ ਤੋਂ ਵੱਧ ਰਿਪੋਰਟਿੰਗ ਅਤੇ ਪੀੜਤਾਂ ਨੂੰ ਬਿਹਤਰ ਸਹਾਇਤਾ ਮਿਲਦੀ ਹੈ।”
ਪੰਜਾਬ ਪੁਲਿਸ ਨੇ ਨਾ ਸਿਰਫ਼ ਹਰ ਪੁਲਿਸ ਸਟੇਸ਼ਨ ਵਿੱਚ ਮਹਿਲਾ ਹੈਲਪ ਡੈਸਕ ਸਥਾਪਤ ਕੀਤੇ ਹਨ, ਸਗੋਂ ਉਹਨਾਂ ਦੀ ਉਪਯੋਗਤਾ ਅਤੇ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨ ਲਈ ਗੈਰ ਸਰਕਾਰੀ ਸੰਗਠਨਾਂ ਜੇ-ਪਾਲ ਅਤੇ ਹਾਰਟੇਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਇੱਕ ਮੁਲਾਂਕਣ ਪ੍ਰਕਿਰਿਆ ਵੀ ਸ਼ੁਰੂ ਕੀਤੀ ਹੈ।
ਗੁਰਪ੍ਰੀਤ ਦਿਓ, ਐਸਡੀਜੀ, ਕਮਿਊਨਿਟੀ ਅਤੇ ਮਹਿਲਾ ਮਾਮਲੇ, ਨੇ ਕਿਹਾ, “ਇਹ ਹੈਲਪ ਡੈਸਕਾਂ ਨੇ ਪੁਲਿਸ ਅਤੇ ਆਮ ਨਾਗਰਿਕਾਂ ਵਿਚਕਾਰ ਦੂਰੀ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ ਹੈ ਅਤੇ ਪੀੜਤਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਸਿਖਲਾਈ ਪ੍ਰਾਪਤ ਅਤੇ ਸੰਵੇਦਨਸ਼ੀਲ ਮਹਿਲਾ ਪੁਲਿਸ ਅਧਿਕਾਰੀਆਂ ਤੋਂ ਪੁਲਿਸ ਸਹਾਇਤਾ ਪ੍ਰਾਪਤ ਕਰਨਗੇ।”
