ਪੰਜਾਬ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ; ‘ਈਡੀ ਪਾਰਟੀ’ (ਭਾਜਪਾ) ਪੰਜਵੇਂ ਸਥਾਨ ‘ਤੇ ਖਿਸਕ ਗਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
* ਪੰਜਾਬੀਆਂ ਨੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦਾ ‘ਸਫਾਇਆ’ ਕੀਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
* ਧੂਰੀ ਦੀਆਂ 21 ਵਿੱਚੋਂ 19 ਸੀਟਾਂ ‘ਤੇ ‘ਆਪ’ ਦੀ ਹੂੰਝਾ ਫੇਰੂ ਜਿੱਤ, ਭਾਜਪਾ, ਅਕਾਲੀ ਦਲ ਤੇ ਕਾਂਗਰਸ ਦੇ ਮਨ ‘ਚ : ਮੁੱਖ ਮੰਤਰੀ ਭਗਵੰਤ ਸਿੰਘ ਮਾਨ।
* ਮੁਫਤ ਬਿਜਲੀ, ਬਿਹਤਰ ਅਤੇ ਮੁਫਤ ਸਿਹਤ ਸਹੂਲਤਾਂ, ਬਿਹਤਰ ਸਕੂਲ ਅਤੇ ਰੁਜ਼ਗਾਰ ਦੇ ਮੌਕਿਆਂ ਰਾਹੀਂ ਲੋਕ ‘ਕੰਮ ਦੀ ਰਾਜਨੀਤੀ’ ਦੀ ਮੋਹਰ ਲਗਾਉਂਦੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਪੰਜਾਬ ਨੇ ਸੰਕੇਤ ਦਿੱਤੇ ਹਨ ਕਿ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ‘ਆਪ’ 2022 ਦਾ ਰਿਕਾਰਡ ਤੋੜੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
* ਕੋਈ ਪੱਖਪਾਤ ਨਹੀਂ ਹੋਵੇਗਾ; ਪੰਜਾਬ ਦੇ ਹਰ ਸ਼ਹਿਰ, ਕਸਬੇ ਅਤੇ ਪਿੰਡ ਵਿੱਚ ਬਰਾਬਰ ਵਿਕਾਸ ਹੋਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਚੰਡੀਗੜ੍ਹ, 29 ਮਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸ਼ਾਨਦਾਰ ਜਿੱਤ ਨੂੰ ਪੰਜਾਬ ਸਰਕਾਰ ਦੇ ਵਿਕਾਸ-ਮੁਖੀ ਸ਼ਾਸਨ ਮਾਡਲ ਉੱਤੇ ਫੈਸਲਾਕੁੰਨ ਮੋਹਰ ਅਤੇ ਵਿਰੋਧੀ ਧਿਰ ਦੀ ਨਫ਼ਰਤ ਭਰੀ, ਫੁੱਟ ਪਾਊ ਅਤੇ ਨਕਾਰਾਤਮਕ ਰਾਜਨੀਤੀ ਨੂੰ ਪੂਰੀ ਤਰ੍ਹਾਂ ਰੱਦ ਕਰਨ ਵਾਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਪੂਰੀ ਤਰ੍ਹਾਂ ਸਫਾਇਆ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਫੈਸਲਾ ਮੁਫਤ ਬਿਜਲੀ, ਮਿਆਰੀ ਸਿੱਖਿਆ, ਬਿਹਤਰ ਅਤੇ ਮੁਫਤ ਸਿਹਤ ਸਹੂਲਤਾਂ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਹੋਰ ਲੋਕ ਭਲਾਈ ਸਕੀਮਾਂ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਧੂਰੀ ਵਿੱਚ ਪਾਰਟੀ ਨੇ 21 ਵਿੱਚੋਂ 19 ਸੀਟਾਂ ਜਿੱਤ ਕੇ ਪੰਜਾਬ ਭਰ ਵਿੱਚ ‘ਆਪ’ ਦੇ ਦਬਦਬੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਤੀਜਿਆਂ ਨੇ ਭਾਜਪਾ (“ਈਡੀ ਪਾਰਟੀ” ਵਜੋਂ ਜਾਣੀ ਜਾਂਦੀ ਹੈ) ਨੂੰ ਪੰਜਵੇਂ ਸਥਾਨ ‘ਤੇ ਧੱਕ ਦਿੱਤਾ ਹੈ ਅਤੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਪੰਜਾਬ ਪੂਰੀ ਤਰ੍ਹਾਂ ਪ੍ਰਦਰਸ਼ਨ ਦੀ ਰਾਜਨੀਤੀ ਨਾਲ ਖੜ੍ਹਾ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਹ ਫਤਵਾ ਇਸ ਗੱਲ ਦਾ ਵੀ ਸੰਕੇਤ ਹੈ ਕਿ ‘ਆਪ’ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ 2022 ਦੀ ਆਪਣੀ ਇਤਿਹਾਸਕ ਜਿੱਤ ਦੇ ਰਿਕਾਰਡ ਨੂੰ ਪਾਰ ਕਰਨ ਦੀ ਰਾਹ ‘ਤੇ ਹੈ। ਇਸ ਦੇ ਨਾਲ ਹੀ ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਦੇ ਹਰ ਸ਼ਹਿਰ, ਕਸਬੇ ਅਤੇ ਪਿੰਡ ਦਾ ਬਿਨਾਂ ਕਿਸੇ ਪੱਖਪਾਤ ਦੇ ਬਰਾਬਰ ਵਿਕਾਸ ਕਰਵਾਇਆ ਜਾਵੇਗਾ।
ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਦੇ ਲੋਕਾਂ ਨੇ ਫਿਰਕੂ ਤਾਕਤਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਅਤੇ ਧਰਮ ਨਿਰਪੱਖਤਾ ਅਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਸਖ਼ਤ ਫਤਵਾ ਦਿੱਤਾ ਹੈ। ਅੱਤ ਦੀ ਗਰਮੀ ਦੇ ਬਾਵਜੂਦ ਲੋਕ ਜਮਹੂਰੀਅਤ ਦੀ ਰਾਖੀ ਲਈ ਵੋਟਾਂ ਪਾਉਣ ਲਈ ਬਾਹਰ ਨਿਕਲੇ, ਜੋ ਕਿ ਬਹੁਤ ਹੀ ਉਤਸ਼ਾਹਜਨਕ ਸੰਕੇਤ ਹੈ।”
ਪਿਛਲੇ ਚਾਰ ਸਾਲਾਂ ਦੌਰਾਨ ਪਾਰਟੀ ਦੀ ਚੋਣ ਕਾਰਗੁਜ਼ਾਰੀ ‘ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਮਾਜ ਦੇ ਹਰ ਵਰਗ ਦੇ ਲੋਕ ਲਗਾਤਾਰ ‘ਆਪ’ ਅਤੇ ਇਸ ਦੀਆਂ ਨੀਤੀਆਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ, “ਆਪ ਨੇ ਲਗਭਗ 13,000 ਪੰਚਾਇਤਾਂ ਵਿੱਚੋਂ 11,000 ਤੋਂ ਵੱਧ ਪੰਚਾਇਤੀ ਸੀਟਾਂ ਜਿੱਤੀਆਂ ਸਨ। ਜਲੰਧਰ ਲੋਕ ਸਭਾ ਸੀਟ, ਚਾਰ ਵਿਧਾਨ ਸਭਾ ਸੀਟਾਂ, ਜ਼ਿਲ੍ਹਾ ਪ੍ਰੀਸ਼ਦਾਂ, ਬਲਾਕ ਸੰਮਤੀ ਅਤੇ ਹੁਣ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਉਪ ਚੋਣਾਂ ਨੇ ਸਾਬਤ ਕਰ ਦਿੱਤਾ ਹੈ ਕਿ ‘ਆਪ’ ਲਈ ਜਨਤਾ ਦਾ ਸਮਰਥਨ ਲਗਾਤਾਰ ਵੱਧ ਰਿਹਾ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੀ ਸਾਂਝੀ ਤਾਕਤ ਵੀ ‘ਆਪ’ ਨੂੰ ਮਿਲੇ ਸਮਰਥਨ ਨਾਲ ਮੇਲ ਨਹੀਂ ਖਾਂ ਸਕੀ। ਉਨ੍ਹਾਂ ਕਿਹਾ, “ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ, ਜਿਸ ਨੂੰ ਮੈਂ ਈਡੀ ਪਾਰਟੀ ਕਹਿੰਦਾ ਹਾਂ, ਸਾਰੇ ਮਿਲ ਕੇ ‘ਆਪ’ ਦੀਆਂ ਜਿੱਤੀਆਂ ਸੀਟਾਂ ਦੀ ਗਿਣਤੀ ਤੱਕ ਨਹੀਂ ਪਹੁੰਚ ਸਕੇ। ਲੋਕਾਂ ਨੇ ਉਨ੍ਹਾਂ ਦੇ ਨਾਂਹ-ਪੱਖੀ ਅਤੇ ਫੁੱਟ ਪਾਊ ਏਜੰਡੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਇੱਥੋਂ ਤੱਕ ਕਿ ਸ਼ਹਿਰੀ ਖੇਤਰਾਂ ਵਿੱਚ, ਜਿਨ੍ਹਾਂ ਨੂੰ ਭਾਜਪਾ ਆਪਣਾ ਰਵਾਇਤੀ ਵੋਟ ਬੈਂਕ ਮੰਨਦੀ ਹੈ, ਵੋਟਰਾਂ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ।”
ਭਾਜਪਾ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਭਾਜਪਾ 1000 ਤੋਂ ਵੱਧ ਸੀਟਾਂ ‘ਤੇ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੀ। ਇੰਨਾ ਪ੍ਰਚਾਰ ਕਰਨ ਦੇ ਬਾਵਜੂਦ ਇਨ੍ਹਾਂ ਚੋਣਾਂ ‘ਚ ਪੰਜਵੇਂ ਨੰਬਰ ‘ਤੇ ਆ ਗਈ ਹੈ। ਕਈ ਥਾਵਾਂ ‘ਤੇ ਆਜ਼ਾਦ ਉਮੀਦਵਾਰਾਂ ਨੇ ਵੀ ਭਾਜਪਾ ਨਾਲੋਂ ਜ਼ਿਆਦਾ ਸੀਟਾਂ ਜਿੱਤੀਆਂ ਹਨ। ਅਜਿਹਾ ਲੱਗ ਰਿਹਾ ਸੀ ਜਿਵੇਂ ਭਾਜਪਾ ‘ਨੋਟਾ’ ‘ਤੇ ਹੀ ਚੋਣ ਲੜ ਰਹੀ ਹੋਵੇ।”
ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਨੇ ਚੋਣਾਂ ਵਿੱਚ ਵਿਆਪਕ ਫ਼ਤਵਾ ਜਿੱਤਿਆ ਹੈ ਅਤੇ ਪਾਰਟੀ ਵਰਕਰਾਂ ਵੱਲੋਂ ਕੀਤੇ ਅਣਥੱਕ ਯਤਨਾਂ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ, “ਇਨ੍ਹਾਂ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ 2027 ਵਿੱਚ ‘ਆਪ’ ਦਾ ਰਾਹ ਮਜ਼ਬੂਤ ਹੋ ਰਿਹਾ ਹੈ। ਲੋਕਾਂ ਨੇ ਉਨ੍ਹਾਂ ਲੋਕਾਂ ਨੂੰ ਵੀ ਸਬਕ ਸਿਖਾਇਆ ਹੈ, ਜਿਨ੍ਹਾਂ ਨੇ ‘ਆਪ’ ਆਗੂਆਂ ਅਤੇ ਵਰਕਰਾਂ ਨੂੰ ਪ੍ਰੇਸ਼ਾਨ ਕਰਨ ਲਈ ਈਡੀ ਅਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕੀਤੀ।”
ਪਾਰਟੀ ਛੱਡਣ ਵਾਲੇ ‘ਆਪ’ ਦੇ ਸਾਬਕਾ ਰਾਜ ਸਭਾ ਮੈਂਬਰਾਂ ‘ਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪਾਰਟੀ ਦੀ ਪਿੱਠ ‘ਚ ਛੁਰਾ ਮਾਰਨ ਵਾਲਿਆਂ ਨੂੰ ਲੋਕਾਂ ਨੇ ਜਵਾਬ ਦੇ ਦਿੱਤਾ ਹੈ। ਉਨ੍ਹਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਅਤੇ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕੀ ਹਾਸਲ ਕੀਤਾ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ ਹੈ।”
ਹਲਕਾਵਾਰ ਨਤੀਜਿਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਪੰਜਾਬ ਭਰ ਵਿੱਚ ‘ਆਪ’ ਨੂੰ ਮਿਲੇ ਭਾਰੀ ਸਮਰਥਨ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, “ਪੰਜਾਬ ਕਾਂਗਰਸ ਪ੍ਰਧਾਨ ਦੇ ਗ੍ਰਹਿ ਹਲਕੇ ਗਿੱਦੜਬਾਹਾ ਵਿੱਚ ‘ਆਪ’ ਨੇ 19 ਵਿੱਚੋਂ 17 ਸੀਟਾਂ ਜਿੱਤੀਆਂ ਹਨ। ਬਰਨਾਲਾ, ਜੋ ਕਿ ਪੰਜਾਬ ਭਾਜਪਾ ਦੇ ਨਵੇਂ ਨਿਯੁਕਤ ਪ੍ਰਧਾਨ ਨਾਲ ਸਬੰਧਤ ਹੈ, ਮੁਕਾਬਲੇ ਵਿੱਚ ਕਿਤੇ ਵੀ ਨਹੀਂ ਸੀ, ਜਦਕਿ ‘ਆਪ’ ਨੇ 50 ਵਿੱਚੋਂ 37 ਸੀਟਾਂ ਜਿੱਤੀਆਂ ਸਨ।”
