ਨੌਜਵਾਨ ਪੀੜੀ ਨੂੰ ਆਪਣੇ ਮਹਾਨ ਇਤਿਹਾਸ ਨਾਲ ਜੋੜਨ ਦੀ ਬਹੁਤ ਲੋੜ ਹੈ – ਗੁਲਾਬ ਚੰਦ ਕਟਾਰੀਆ – ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜਨਮ ਸ਼ਤਾਬਦੀ ਸਮਾਗਮ ਦਿੱਲੀ ਫਤਹਿ ਦਿਵਸ ਨੂੰ ਸਮਰਪਿਤ ਰਾਜਪਾਲ ਕਟਾਰੀਆ ਪਟਿਆਲਾ/ਨਾਭਾ, 17 ਮਈ : ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਹੈ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਇਤਿਹਾਸ ਅਤੇ ਕੌਮ ਦੀ ਪੂਰਨ ਸੇਵਾ ਹੋ ਨਿਬੜਦੀ ਹੈ। ਰਾਜਪਾਲ ਕਟਾਰੀਆ ਅੱਜ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਨਾਭਾ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 303ਵੇਂ ਜਨਮ ਦਿਵਸ ਨੂੰ ਸਮਰਪਿਤ ਦਿੱਲੀ ਫਤਿਹ ਦਿਵਸ ਨੂੰ ਸਮਰਪਿਤ ਉਨ੍ਹਾਂ ਦੇ ਜਨਮ ਸ਼ਤਾਬਦੀ ਸਮਾਗਮ ਦੌਰਾਨ ਨਾਭਾ ਵਿਖੇ ਕਰਵਾਏ ਗਏ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪੁੱਜੇ। ਇਸ ਮੌਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਮਹਾਨ ਇਤਿਹਾਸ ਨਾਲ ਜੋੜਨ ਦੀ ਬਹੁਤ ਲੋੜ ਹੈ ਤਾਂ ਜੋ ਉਹ ਆਪਣੇ ਵਿਰਸੇ ਅਤੇ ਮਹਾਨ ਸ਼ਖ਼ਸੀਅਤਾਂ ਤੋਂ ਪ੍ਰੇਰਨਾ ਲੈ ਸਕਣ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਮਾਜ ਨੂੰ ਇਕਜੁੱਟ ਕਰਨ ਅਤੇ ਨਵੀਂ ਪੀੜ੍ਹੀ ਵਿਚ ਚੰਗਾ ਸੱਭਿਆਚਾਰ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਮਾਗਮ ਦੀ ਸ਼ੁਰੂਆਤ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਬੁੱਤ ਨੂੰ ਸ਼ਰਧਾਂਜਲੀ ਭੇਟ ਕਰਕੇ ਕੀਤੀ ਗਈ। ਸੰਤ ਨਰਿੰਦਰ ਸਿੰਘ ਜੀ ਅਲਹੋਰਾਂ ਵਾਲਿਆਂ ਨੇ ਰਾਜਪਾਲ ਵੱਲੋਂ ਕੁਫ਼ਰ ਵਿਰੋਧੀ ਕਾਨੂੰਨ ‘ਤੇ ਦਸਤਖ਼ਤ ਕਰਨ ‘ਤੇ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਭਗਵੰਤ ਸਿੰਘ ਰਾਮਗੜ੍ਹੀਆ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਇਤਿਹਾਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਮਹਾਨ ਯੋਧੇ ਹੀ ਨਹੀਂ ਸਨ ਸਗੋਂ ਕੌਮ ਦੇ ਗੌਰਵ ਤੇ ਸ਼ਾਨ ਦੇ ਪ੍ਰਤੀਕ ਵੀ ਸਨ। ਉਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਪੰਜਾਬ ਅਤੇ ਸਿੱਖ ਇਤਿਹਾਸ ਵਿੱਚ ਵਿਲੱਖਣ ਯੋਗਦਾਨ ਪਾਇਆ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਣਾ ਸਾਡੀ ਜ਼ਿੰਮੇਵਾਰੀ ਹੈ। ਅਵਤਾਰ ਸਿੰਘ ਨੰਦਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ “ਰਾਮਗੜ੍ਹੀਆ ਚੇਅਰ” ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਵਿਦਿਆਰਥੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਰਾਮਗੜ੍ਹੀਆ ਦੇ ਇਤਿਹਾਸ, ਸੱਭਿਆਚਾਰ ਅਤੇ ਯੋਗਦਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਮਿਲ ਸਕੇ। ਉਨ੍ਹਾਂ ਕਿਹਾ ਕਿ ਇਤਿਹਾਸ ਨੂੰ ਸੰਭਾਲਣਾ ਅਤੇ ਇਸ ਦੀ ਸਹੀ ਜਾਣਕਾਰੀ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਮੇਂ ਦੀ ਮੁੱਖ ਲੋੜ ਹੈ। ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਰਜਿ: ਨਾਭਾ ਦੇ ਅਹੁਦੇਦਾਰਾਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਮਾਜਿਕ ਏਕਤਾ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ | ਇਸ ਮੌਕੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਮੈਨੇਜਰ ਚਰਨ ਸਿੰਘ, ਮਲਕੀਤ ਕੰਬਾਈਨ, ਹਰੀ ਸਿੰਘ, ਅਵਤਾਰ ਸਿੰਘ ਨੰਦਾ, ਮੋਹਨ ਸਿੰਘ ਮਲੇਰਕੋਟਲਾ, ਪ੍ਰੇਮ ਸਿੰਘ, ਗੁਰਚਰਨ ਸਿੰਘ, ਪਰਮਜੀਤ ਕੰਠ, ਹਰਮਿੰਦਰ ਸਿੰਘ ਨੀਟਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਅਤੇ ਬਜ਼ੁਰਗ ਹਾਜ਼ਰ ਸਨ।
