ਨਮੋਸ਼ੀ ਭਰੀ ਹਾਰ ਤੋਂ ਦੁਖੀ ਹੋਈ ਵਿਰੋਧੀ ਧਿਰ ਲੋਕਾਂ ਦੇ ਸਪੱਸ਼ਟ ਫ਼ਤਵੇ ਦੇ ਬਾਵਜੂਦ ਪੰਜਾਬ ਦੀਆਂ ਸਭ ਤੋਂ ਸ਼ਾਂਤਮਈ ਨਿਗਮ ਚੋਣਾਂ ‘ਤੇ ਸਵਾਲ ਚੁੱਕ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ


* ਵਿਰੋਧੀ ਪਾਰਟੀ ਨੂੰ ਲੋਕਾਂ ਵੱਲੋਂ ਬੁਰੀ ਤਰ੍ਹਾਂ ਨਕਾਰਿਆ ਜਾਣਾ ਹਜ਼ਮ ਨਹੀਂ ਹੋ ਰਿਹਾ; ਪਿਛਲੇ 4 ਸਾਲਾਂ ‘ਚ ਹਰ ਚੋਣ ‘ਚ ‘ਆਪ’ ਦੀ ਜਿੱਤ ਲੋਕਾਂ ਦਾ ਲੋਕ-ਪੱਖੀ ਸ਼ਾਸਨ ‘ਤੇ ਭਰੋਸਾ ਦਰਸਾਉਂਦੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

* ਆਜ਼ਾਦ ਉਮੀਦਵਾਰਾਂ ਨੇ ਵੀ ਭਾਜਪਾ ਨਾਲੋਂ ਵੱਧ ਸੀਟਾਂ ਜਿੱਤੀਆਂ; 2027 ‘ਚ ਕਾਂਗਰਸ, ਅਕਾਲੀ ਤੇ ਭਾਜਪਾ ਦੂਜੇ, ਤੀਜੇ ਅਤੇ ਚੌਥੇ ਸਥਾਨ ਲਈ ਲੜਨਗੇ ਜਦਕਿ ‘ਆਪ’ ਆਸਾਨੀ ਨਾਲ ਸਰਕਾਰ ਬਣਾ ਲਵੇਗੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ*
ਚੰਡੀਗੜ੍ਹ, 30 ਮਈ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਨਗਰ ਨਿਗਮ ਚੋਣਾਂ ‘ਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਚੋਣਾਂ ‘ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਮੁੱਖ ਮੰਤਰੀ ਨੇ ਇਨ੍ਹਾਂ ਚੋਣਾਂ ਨੂੰ ਸੂਬੇ ਦੀਆਂ ਹੁਣ ਤੱਕ ਦੀਆਂ ਸਭ ਤੋਂ ਸ਼ਾਂਤੀਪੂਰਨ, ਆਜ਼ਾਦ ਅਤੇ ਪਾਰਦਰਸ਼ੀ ਸਥਾਨਕ ਚੋਣਾਂ ਦੱਸਿਆ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਸਰਕਾਰ ਨੇ ਸਥਾਨਕ ਚੋਣਾਂ ਨੂੰ ਆਜ਼ਾਦ, ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਨੂੰ ਯਕੀਨੀ ਬਣਾਇਆ ਹੈ। ਸੂਬਾ ਸਰਕਾਰ ਦੇ ਮੁਲਾਜ਼ਮ ਸ਼ਲਾਘਾ ਦੇ ਹੱਕਦਾਰ ਹਨ, ਜਿਨ੍ਹਾਂ ਨੇ ਇਨ੍ਹਾਂ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਈ ਹੈ ਪਰ ਵਿਰੋਧੀ ਧਿਰ ਹੁਣ ਆਪਣੀ ਹਾਰ ਨੂੰ ਹਜ਼ਮ ਨਹੀਂ ਕਰ ਪਾ ਰਹੀ ਹੈ ਅਤੇ ਇਸ ਦੇ ਨਤੀਜੇ ਨੂੰ ਹਜ਼ਮ ਨਹੀਂ ਕਰ ਰਹੀ ਹੈ।”
ਉਨ੍ਹਾਂ ਕਿਹਾ ਕਿ ਚੋਣਾਂ ਦੀ ਨਿਰਪੱਖਤਾ ਇਸ ਗੱਲ ਤੋਂ ਜ਼ਾਹਰ ਹੁੰਦੀ ਹੈ ਕਿ ਕਈ ਵਾਰਡਾਂ ਅਤੇ ਲੋਕਲ ਬਾਡੀਜ਼ ਵਿੱਚ ਵਿਰੋਧੀ ਉਮੀਦਵਾਰ ਵੀ ਜਿੱਤੇ ਹਨ, ਜਿਨ੍ਹਾਂ ਵਿੱਚ ਬਹੁਤ ਹੀ ਘੱਟ ਫਰਕ (ਘੱਟ ਵੋਟਾਂ) ਨਾਲ ਹੋਏ ਮੁਕਾਬਲੇ ਵੀ ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ, “ਇਨ੍ਹਾਂ ਚੋਣਾਂ ਦੀ ਪਾਰਦਰਸ਼ਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਈ ਹਲਕਿਆਂ ਵਿੱਚ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੇ ਸੀਟਾਂ ਜਿੱਤੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਬਹੁਤ ਘੱਟ ਫਰਕ ਨਾਲ ਜਿੱਤੀਆਂ ਹਨ। ਇਹ ਲੋਕਾਂ ਦੀ ਅਸਲ ਇੱਛਾ ਨੂੰ ਦਰਸਾਉਂਦਾ ਹੈ।”
ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਪੰਜਾਬ ਦੇ ਲੋਕਾਂ ਵੱਲੋਂ ਵਾਰ-ਵਾਰ ਨਕਾਰ ਦਿੱਤਾ ਗਿਆ ਹੈ ਕਿਉਂਕਿ ਉਹ ਕੋਈ ਵੀ ਸਕਾਰਾਤਮਕ ਏਜੰਡਾ ਪੇਸ਼ ਕਰਨ ਵਿੱਚ ਨਾਕਾਮ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਦੇ ਲੋਕ ‘ਆਪ’ ਅਤੇ ਇਸ ਦੀਆਂ ਲੋਕ ਪੱਖੀ ਨੀਤੀਆਂ ਨਾਲ ਚਟਾਨ ਵਾਂਗ ਖੜ੍ਹੇ ਹਨ। ਅਸੀਂ ਹਰ ਉਪ-ਚੋਣ, ਪੰਚਾਇਤੀ ਚੋਣਾਂ, ਜ਼ਿਲ੍ਹਾ ਪ੍ਰੀਸ਼ਦ ਚੋਣਾਂ, ਨਗਰ ਨਿਗਮ ਚੋਣਾਂ ਅਤੇ ਹੋਰ ਚੋਣ ਮੁਕਾਬਲੇ ਲੋਕਾਂ ਦੇ ਸਰਗਰਮ ਸਮਰਥਨ ਨਾਲ ਜਿੱਤੇ ਹਨ। ਇਹ ਨਤੀਜੇ ਦਰਸਾਉਂਦੇ ਹਨ ਕਿ ਸਾਡੀ ਸਰਕਾਰ ਵਿੱਚ ਪੰਜਾਬੀਆਂ ਦਾ ਅਥਾਹ ਵਿਸ਼ਵਾਸ ਹੈ।
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਿੱਪਣੀ ਕਰਦਿਆਂ ਕਿਹਾ, “ਕੇਵਲ ਸਿੰਘ ਢਿੱਲੋਂ ਨੂੰ ਹਮੇਸ਼ਾ ਹੀ ਕੈਪਟਨ ਅਮਰਿੰਦਰ ਸਿੰਘ ਦਾ ਕਰੀਬੀ ਮੰਨਿਆ ਜਾਂਦਾ ਸੀ। ਹੁਣ ਦੋਵੇਂ ਆਗੂ ਵੱਖ-ਵੱਖ ਰਾਹਾਂ ‘ਤੇ ਚੱਲਦੇ ਜਾਪਦੇ ਹਨ ਅਤੇ ਇਸ ਤਬਦੀਲੀ ਬਾਰੇ ਸਿਰਫ਼ ਉਹ ਹੀ ਜਾਣਦੇ ਹਨ। ਇਹ ਭੇਤ ਬਣਿਆ ਹੋਇਆ ਹੈ ਕਿ ਦੋਵਾਂ ਵਿਚਾਲੇ ਆਪਸੀ ਗਰਮਜੋਸ਼ੀ ਕਿਉਂ ਖ਼ਤਮ ਹੋਈ।”
ਪਿਛਲੀਆਂ ਸਿਆਸੀ ਘਟਨਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸੰਗਰੂਰ ਤੋਂ ਚੋਣ ਲੜਨ ਸਮੇਂ ਕੇਵਲ ਸਿੰਘ ਢਿੱਲੋਂ ਦਾ ਸਾਥ ਦਿੱਤਾ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਆਜ਼ਾਦ ਉਮੀਦਵਾਰਾਂ ਨੇ ਵੀ ਭਾਜਪਾ ਨਾਲੋਂ ਵੱਧ ਸੀਟਾਂ ਜਿੱਤੀਆਂ ਹਨ। ਪੰਜਾਬ ਦੇ ਲੋਕਾਂ ਨੇ ਭਾਜਪਾ ਨੂੰ ਪੰਜਵੇਂ ਨੰਬਰ ‘ਤੇ ਧੱਕ ਦਿੱਤਾ ਹੈ। ਇਹ ਫਤਵਾ ਸਪੱਸ਼ਟ ਤੌਰ ‘ਤੇ ਲੋਕਾਂ ਵੱਲੋਂ ਇਸ ਦੇ ਨਾਂਹ-ਪੱਖੀ ਏਜੰਡੇ ਨੂੰ ਰੱਦ ਕਰਨ ਦਾ ਪ੍ਰਤੀਕ ਹੈ।”
ਸੂਬੇ ਦੀ ਭਵਿੱਖੀ ਸਿਆਸੀ ਸਥਿਤੀ ‘ਤੇ ਭਰੋਸਾ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਕਿਹਾ, “ਇਹ ਸਪੱਸ਼ਟ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ, ਅਕਾਲੀ ਅਤੇ ਭਾਜਪਾ ਦੂਜੇ, ਤੀਜੇ ਅਤੇ ਚੌਥੇ ਸਥਾਨ ਲਈ ਲੜਨਗੀਆਂ, ਜਦਕਿ ‘ਆਪ’ ਲੋਕਾਂ ਦੇ ਅਸ਼ੀਰਵਾਦ ਅਤੇ ਸਮਰਥਨ ਨਾਲ ਸਰਕਾਰ ਬਣਾਏਗੀ।”

Leave a Comment

Your email address will not be published. Required fields are marked *

Scroll to Top