ਜੇਲ੍ਹਾਂ ਨੂੰ ਸਜ਼ਾ ਕੇਂਦਰ ਨਹੀਂ, ਸੁਧਾਰ ਕੇਂਦਰ ਬਣਾਉਣ ਦੀ ਲੋੜ : ਸਿਹਤ ਮੰਤਰੀ *ਪਟਿਆਲਾ ਜੇਲ੍ਹ ਟਰੇਨਿੰਗ ਸਕੂਲ ਵਿੱਚ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ* ਅੱਜ ਪਟਿਆਲਾ ਜੇਲ੍ਹ ਟਰੇਨਿੰਗ ਸਕੂਲ ਵਿੱਚ ਕਰਵਾਏ ਗਏ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ‘ਜੇਲ੍ਹਾਂ ਵਿੱਚ ਸਮਾਜਕ ਕਾਰਜ ਦਖਲਅੰਦਾਜ਼ੀ’ ਵਿੱਚ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਜੇਲ੍ਹ ਸੁਧਾਰ, ਕੈਦੀਆਂ ਦੀ ਮਨੋਵਿਗਿਆਨਕ ਸਹਾਇਤਾ, ਨਸ਼ਾ ਮੁਕਤੀ ਦੀਆਂ ਪਹਿਲਕਦਮੀਆਂ ਅਤੇ ਸਮਾਜਿਕ ਪੁਨਰਵਾਸ ਨਾਲ ਸਬੰਧਤ ਅਹਿਮ ਵਿਸ਼ਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਿਖਲਾਈ ਪ੍ਰੋਗਰਾਮ ਵਿੱਚ ਲਗਭਗ 40 ਪ੍ਰਤੀਯੋਗੀਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਜੇਲ੍ਹਾਂ ਦੇ ਅੰਦਰ ਸਮਾਜਿਕ ਕਾਰਜ ਦਖਲਅੰਦਾਜ਼ੀ ਨੂੰ ਮਜ਼ਬੂਤ ਕਰਨਾ ਅਤੇ ਕੈਦੀਆਂ ਦੀ ਮਾਨਸਿਕ, ਭਾਵਨਾਤਮਕ ਅਤੇ ਸਮਾਜਿਕ ਤੰਦਰੁਸਤੀ ਲਈ ਪ੍ਰਭਾਵਸ਼ਾਲੀ ਰਣਨੀਤੀਆਂ ਵਿਕਸਿਤ ਕਰਨਾ ਹੈ। ਬਲਬੀਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜੇਲ੍ਹਾਂ ਨੂੰ ਸਿਰਫ਼ ਸਜ਼ਾਵਾਂ ਦੇ ਕੇਂਦਰਾਂ ਵਜੋਂ ਹੀ ਨਹੀਂ ਸਗੋਂ ਸੁਧਾਰ ਅਤੇ ਮੁੜ ਵਸੇਬੇ ਦੇ ਕੇਂਦਰ ਵਜੋਂ ਵਿਕਸਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੈਦੀਆਂ ਨੂੰ ਸਹੀ ਸੇਧ, ਮਨੋਵਿਗਿਆਨਕ ਸਹਾਇਤਾ ਅਤੇ ਨਸ਼ਾ ਛੁਡਾਊ ਸੇਵਾਵਾਂ ਪ੍ਰਦਾਨ ਕਰਕੇ ਹੀ ਉਨ੍ਹਾਂ ਨੂੰ ਮੁੜ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਸਿਹਤ ਮੰਤਰੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਜੇਲ੍ਹਾਂ ਅੰਦਰ ਮਿਆਰੀ ਨਸ਼ਾ ਛੁਡਾਊ ਅਤੇ ਮਨੋਵਿਗਿਆਨਕ ਭਲਾਈ ਸੇਵਾਵਾਂ ਦੀ ਸ਼ੁਰੂਆਤ ਇਕ ਮਹੱਤਵਪੂਰਨ ਕਦਮ ਹੈ, ਜੋ ਕੈਦੀਆਂ ਦੀ ਸਿਹਤ ਅਤੇ ਮਾਨਸਿਕ ਤੰਦਰੁਸਤੀ ਨੂੰ ਬਿਹਤਰ ਬਣਾਉਣ ਵਿਚ ਸਹਾਈ ਸਿੱਧ ਹੋਵੇਗਾ। ਉਨ੍ਹਾਂ ਅਨੁਸਾਰ ਨਸ਼ਾ ਮੁਕਤੀ ਪ੍ਰੋਗਰਾਮ ਸਿਰਫ਼ ਇਲਾਜ ਹੀ ਨਹੀਂ ਸਗੋਂ ਇੱਕ ਲੰਮੇ ਸਮੇਂ ਦੀ ਸਮਾਜਿਕ ਪੁਨਰਵਾਸ ਪ੍ਰਕਿਰਿਆ ਹੈ, ਜਿਸ ਵਿੱਚ ਪਰਿਵਾਰ, ਸਮਾਜ ਅਤੇ ਪ੍ਰਸ਼ਾਸਨ ਦੀ ਸਾਂਝੀ ਭੂਮਿਕਾ ਜ਼ਰੂਰੀ ਹੈ। ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਜੇਲ੍ਹ ਪ੍ਰਣਾਲੀ ਨੂੰ ਵਧੇਰੇ ਸੰਵੇਦਨਸ਼ੀਲ, ਪ੍ਰਭਾਵਸ਼ਾਲੀ ਅਤੇ ਕੁਸ਼ਲ ਬਣਾਉਣ ਲਈ ਵਚਨਬੱਧ ਹੈ। ਇਸ ਦਿਸ਼ਾ ਵਿੱਚ ਮਨੋਵਿਗਿਆਨਕ ਸੇਵਾਵਾਂ, ਕਾਉਂਸਲਿੰਗ ਪ੍ਰਣਾਲੀ, ਹੁਨਰ ਵਿਕਾਸ ਪ੍ਰੋਗਰਾਮਾਂ ਅਤੇ ਮੁੜ ਵਸੇਬਾ ਸਕੀਮਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ, ਤਾਂ ਜੋ ਕੈਦੀ ਜੇਲ੍ਹ ਤੋਂ ਬਾਹਰ ਆ ਕੇ ਇੱਕ ਜ਼ਿੰਮੇਵਾਰ ਅਤੇ ਉਸਾਰੂ ਜੀਵਨ ਬਤੀਤ ਕਰ ਸਕਣ। ਡਾ: ਬਲਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਸੇਵੀ ਜੇਲ੍ਹ ਸੁਧਾਰ ਪ੍ਰਕਿਰਿਆ ਦੀ ਅਹਿਮ ਕੜੀ ਹਨ ਅਤੇ ਕੈਦੀਆਂ ਦੀ ਮਾਨਸਿਕਤਾ ਵਿੱਚ ਉਸਾਰੂ ਤਬਦੀਲੀ ਲਿਆਉਣ ਵਿੱਚ ਉਨ੍ਹਾਂ ਦੀ ਭੂਮਿਕਾ ਅਹਿਮ ਹੈ। ਅਜਿਹੇ ਸਿਖਲਾਈ ਪ੍ਰੋਗਰਾਮ ਜੇਲ੍ਹ ਪ੍ਰਣਾਲੀ ਵਿੱਚ ਨਵੀਂ ਸੋਚ ਅਤੇ ਮਨੁੱਖੀ-ਕੇਂਦਰਿਤ ਪਹੁੰਚ ਨੂੰ ਉਤਸ਼ਾਹਿਤ ਕਰਦੇ ਹਨ। ਇਸ ਮੌਕੇ ਓ.ਐਸ.ਡੀ ਸ੍ਰੀ ਸ਼ਾਲੀਨ ਮਿੱਤਰਾ, ਸ੍ਰੀ ਹਰਚਰਨ ਗਿੱਲ, ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸ ਪ੍ਰੋ: ਵਿਜੇ ਰਾਘਵਨ, ਪਿ੍ੰਸੀਪਲ ਪੀ.ਜੇ.ਟੀ.ਐਸ. ਪਟਿਆਲਾ ਸ੍ਰੀ ਵਰੁਣ ਸ਼ਰਮਾ ਪੀ.ਪੀ.ਐਸ., ਵਾਈਸ ਪਿ੍ੰਸੀਪਲ ਪੀ.ਜੇ.ਟੀ.ਐਸ ਸ੍ਰੀ ਮੁਕੇਸ਼ ਸ਼ਰਮਾ, ਮੁੱਖ ਭਲਾਈ ਅਫ਼ਸਰ ਜੇਲ੍ਹ ਹੈੱਡਕੁਆਰਟਰ ਪੰਜਾਬ ਸ੍ਰੀ ਐਚ.ਐਸ.ਗਿੱਲ ਪੀ.ਪੀ.ਐਸ., ਐਨ.ਜੀ.ਓਜ਼ ਸਮੇਤ ਹੋਰ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ।
