ਚੰਡੀਗੜ੍ਹ, 28 ਜੁਲਾਈ: ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਐਲਾਨ ਕੀਤਾ ਹੈ ਕਿ ਭਲਕੇ (29 ਜੁਲਾਈ) ਗੁਰੂ ਪੂਰਨਿਮਾ ਦੇ ਸ਼ੁਭ ਮੌਕੇ ‘ਤੇ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਰਾਜ ਪੱਧਰ ‘ਤੇ ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਸਮਰਸਤਾ ਸੰਕਲਪ ਅਭਿਆਨ’ ਸ਼ੁਰੂ ਕੀਤਾ ਜਾਵੇਗਾ। ਭਾਜਪਾ ਦੀ ਕੌਮੀ ਲੀਡਰਸ਼ਿਪ ਦੀ ਅਗਵਾਈ ਹੇਠ 29 ਜੁਲਾਈ 2026 (ਗੁਰੂ ਪੂਰਨਿਮਾ) ਤੋਂ 20 ਫਰਵਰੀ 2027 (ਮਾਘ ਪੂਰਨਿਮਾ) ਤੱਕ ਚੱਲਣ ਵਾਲੀ ਇਸ ਦੇਸ਼ ਵਿਆਪੀ ਮੁਹਿੰਮ ਦਾ ਉਦੇਸ਼ ਗੁਰੂ ਰਵਿਦਾਸ ਜੀ ਦੇ ਬਰਾਬਰਤਾ, ਸਵੈਮਾਣ, ਸਮਾਜਿਕ ਸਦਭਾਵਨਾ ਅਤੇ ਸਮਾਜਿਕ ਨਿਆਂ ਦੇ ਅਮਰ ਸੰਦੇਸ਼ ਨੂੰ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਹੈ।
ਢਿੱਲੋਂ ਨੇ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ ਭਲਕੇ 29 ਜੁਲਾਈ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਸਮਰਥਾ ਦੀਪ ਮਹਾਉਤਸਵ ਨਾਲ ਕੀਤੀ ਜਾਵੇਗੀ। ਇਸ ਤਹਿਤ ਪੰਜਾਬ ਭਰ ਦੇ ਗੁਰੂ ਰਵਿਦਾਸ ਮੰਦਰਾਂ ਵਿੱਚ ਦੀਵੇ ਜਗਾਏ ਜਾਣਗੇ ਅਤੇ ਭਜਨ-ਕੀਰਤਨ, ਧਾਰਮਿਕ ਪ੍ਰਵਚਨ, ਸੱਭਿਆਚਾਰਕ ਪ੍ਰੋਗਰਾਮ ਅਤੇ ਲੰਗਰ ਲਗਾਏ ਜਾਣਗੇ। ਇਸ ਤੋਂ ਬਾਅਦ 29 ਜੁਲਾਈ ਤੋਂ 10 ਸਤੰਬਰ ਤੱਕ ਸ੍ਰੀ ਗੁਰੂ ਰਵਿਦਾਸ ਮਹਾਰਾਜ ਕਲਸ਼ ਵੰਦਨ ਅਭਿਆਨ ਚਲਾਇਆ ਜਾਵੇਗਾ, ਜਿਸ ਤਹਿਤ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਵਾਰਾਣਸੀ ਸਥਿਤ ਸੀ੍ਰ ਗੋਵਰਧਨਪੁਰ ਦੀ ਪਵਿੱਤਰ ਮਿੱਟੀ ਨਾਲ ਭਰੇ ਕਲਸ਼ ਨੂੰ ਪੰਜਾਬ ਭਰ ‘ਚ ਸ਼ਰਧਾ ਭਾਵਨਾ ਨਾਲ ਲਿਜਾ ਕੇ ਵੱਖ-ਵੱਖ ਗੁਰੂ ਰਵਿਦਾਸ ਮੰਦਰਾਂ ‘ਚ ਸਮਰਪਿਤ ਕੀਤਾ ਜਾਵੇਗਾ।
ਢਿੱਲੋਂ ਨੇ ਦੱਸਿਆ ਕਿ 29 ਜੁਲਾਈ ਤੋਂ 31 ਅਗਸਤ ਤੱਕ ਸੰਤ ਸੰਪੱਤੀ ਅਭਿਆਨ ਚਲਾਇਆ ਜਾਵੇਗਾ, ਜਿਸ ਤਹਿਤ ਭਾਜਪਾ ਆਗੂ ਤੇ ਕਾਰਕੁਨ ਗੁਰੂ ਰਵਿਦਾਸ ਪਰੰਪਰਾ ਨਾਲ ਜੁੜੇ ਸੰਤ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਲੈਣਗੇ | ਇਸ ਤੋਂ ਬਾਅਦ 5 ਅਕਤੂਬਰ ਤੋਂ 5 ਨਵੰਬਰ ਤੱਕ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਸਮਰਸਤਾ ਯਾਤਰਾ ਕੱਢੀ ਜਾਵੇਗੀ, ਜੋ ਕਿ ਜਲੰਧਰ ਦੇ ਡੇਰਾ ਸੱਚਖੰਡ ਬੱਲਾਂ ਤੋਂ ਵਾਰਾਣਸੀ ਦੇ ਸੀਰ ਗੋਵਰਧਨਪੁਰ ਤੱਕ ਗੁਰੂ ਰਵਿਦਾਸ ਜੀ ਦੇ ਬਰਾਬਰੀ, ਸਮਾਜਿਕ ਸਦਭਾਵਨਾ ਅਤੇ ਰਾਸ਼ਟਰੀ ਏਕਤਾ ਦੇ ਸੰਦੇਸ਼ ਨੂੰ ਲੈ ਕੇ ਜਾਵੇਗੀ। ਇਸ ਤੋਂ ਬਾਅਦ 26 ਨਵੰਬਰ 2026 ਤੋਂ 15 ਜਨਵਰੀ 2027 ਤੱਕ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਵਿਦਿਆਰਥੀ ਹੋਸਟਲ ਸੰਪਰਕ ਅਭਿਆਨ ਚਲਾਇਆ ਜਾਵੇਗਾ, ਜਿਸ ਤਹਿਤ ਵਿਦਿਆਰਥੀਆਂ ਨੂੰ ਹੋਸਟਲਾਂ ਵਿੱਚ ਸਮਰਸਤਾ ਸਮਾਗਮ ਕਰਵਾ ਕੇ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅਤੇ ਵਿਕਸਿਤ ਭਾਰਤ ਦੇ ਸੰਕਲਪ ਤੋਂ ਜਾਣੂ ਕਰਵਾਇਆ ਜਾਵੇਗਾ।
ਪੰਜਾਬ ਵਿੱਚ ‘ਸਮਰਸਤਾ ਸੰਕਲਪ ਅਭਿਆਨ’ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਪਹਿਲਾਂ ਹੀ ਡਾ: ਜਗਮੋਹਨ ਸਿੰਘ ਰਾਜੂ, ਆਈ.ਏ.ਐਸ. (ਸੇਵਾਮੁਕਤ) ਅਤੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਦੀ ਕਨਵੀਨਰਸ਼ਿਪ ਹੇਠ ਇੱਕ ਸੂਬਾ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿੱਚ ਸਾਬਕਾ ਵਿਧਾਇਕ ਅਵਿਨਾਸ਼ ਚੰਦਰ, ਸ਼ੀਤਲ ਅੰਗੁਰਾਲ ਅਤੇ ਰਵੀਇੰਦਰ ਕਾਹਲੋਂ ਸੇਵਾਮੁਕਤ ਆਈ.ਏ.ਐਸ. ਅਧਿਕਾਰੀ ਐਸ.ਆਰ.ਲੱਧੜ, ਸ੍ਰੀਮਤੀ ਰੇਣੂ ਕਸ਼ਯਪ ਅਤੇ ਸ੍ਰੀ ਭਾਨੂ ਪ੍ਰਤਾਪ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ।
