ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਹ ਤਿੰਨੋਂ ਰਾਜ ਸਭਾ ਮੈਂਬਰ ਹਨ। ਹਰਭਜਨ ਸਿੰਘ, ਰਾਜਿੰਦਰ ਗੁਪਤਾ, ਸਵਾਤੀ ਮਾਲੀਵਾਲ ਅਤੇ ਵਿਕਰਮ ਸਾਹਨੀ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਇਸ ਦੇ ਜਵਾਬ ਵਿੱਚ ਲੁਧਿਆਣਾ ਸੈਂਟਰਲ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸ਼ਹਿਰ ਵਿੱਚ ਵਿਸ਼ਾਲ ਪ੍ਰਦਰਸ਼ਨ ਕੀਤਾ। ਹਾਲ ਹੀ ‘ਚ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ‘ਚ ਸ਼ਾਮਲ ਹੋਣ ਵਾਲੇ ਸੰਸਦ ਮੈਂਬਰਾਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਤਲੇ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਧਰਨੇ ਦੌਰਾਨ ਵਿਧਾਇਕ ਪੱਪੀ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਸੱਤ ਸੰਸਦ ਮੈਂਬਰਾਂ ਦੇ ਪੁਤਲੇ ਫੂਕੇ। ਇਨ੍ਹਾਂ ਪੁਤਲਿਆਂ ’ਤੇ ਸਬੰਧਤ ਆਗੂਆਂ ਦੀਆਂ ਤਸਵੀਰਾਂ ਸਨ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਪਾਰਟੀ ਛੱਡ ਕੇ ਇਨ੍ਹਾਂ ਆਗੂਆਂ ਨੇ ਪੰਜਾਬ ਦੇ ਲੋਕ ਫ਼ਤਵੇ ਅਤੇ ਭਾਵਨਾਵਾਂ ਨਾਲ ਧੋਖਾ ਕੀਤਾ ਹੈ।
ਪੂਰੇ ਇਲਾਕੇ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਕਾਰਕੁਨਾਂ ਨੇ ਭਾਜਪਾ ਦੇ ਖਿਲਾਫ ਪ੍ਰਦਰਸ਼ਨ ਕੀਤਾ, ਪਾਰਟੀਆਂ ਬਦਲਣ ਵਾਲੇ ਨੇਤਾਵਾਂ ਨੂੰ “ਗੱਦਾਰ” ਕਿਹਾ। ਰੋਸ ਪ੍ਰਦਰਸ਼ਨ ਦੌਰਾਨ ਰਾਘਵ ਚੱਢਾ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਜਿਸ ਕਾਰਨ ਮਾਹੌਲ ਕਾਫੀ ਗਰਮਾ ਗਿਆ।
ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਕੁਝ ਆਗੂ ਆਪਣੇ ਹਿੱਤਾਂ ਲਈ ਵਾਰ-ਵਾਰ ਪਾਰਟੀਆਂ ਬਦਲਦੇ ਹਨ ਪਰ ਜਨਤਾ ਸਭ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਆਗੂਆਂ ਨੂੰ ਜਨਤਾ ਭਵਿੱਖ ਵਿੱਚ ਸਬਕ ਸਿਖਾਏਗੀ। ਪੱਪੀ ਨੇ ਇਸ ਰੋਸ ਧਰਨੇ ਨੂੰ ਗੱਦਾਰਾਂ ਵਿਰੁੱਧ ਪੰਜਾਬ ਦੀ ਆਵਾਜ਼ ਦੱਸਦਿਆਂ ਕਿਹਾ ਕਿ ਪਾਰਟੀ ਅਤੇ ਸੂਬੇ ਨਾਲ ਗੱਦਾਰੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਧਰਨੇ ਤੋਂ ਬਾਅਦ ਪੁਲੀਸ ਦੀ ਨਿਗਰਾਨੀ ਹੇਠ ਸਥਿਤੀ ਸ਼ਾਂਤ ਰਹੀ।
