ਪੱਛਮੀ ਬੰਗਾਲ ਦੀ ਨਵੀਂ ਭਾਜਪਾ ਸਰਕਾਰ ਦਾ ਅੱਜ ਸਹੁੰ ਚੁੱਕ ਸਮਾਗਮ ਹੈ। ਸੁਵੇਂਦੂ ਅਧਿਕਾਰੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ, ਜਦਕਿ ਅਗਨੀਮਿੱਤਰਾ ਨਿਸਿਥ ਨੂੰ ਉਪ ਮੁੱਖ ਮੰਤਰੀ ਨਿਯੁਕਤ ਕੀਤਾ ਜਾਵੇਗਾ।
ਕੋਲਕਾਤਾ ਦੇ ਬ੍ਰਿਗੇਡ ਗਰਾਊਂਡ ‘ਚ ਹੋਣ ਵਾਲੇ ਸਹੁੰ ਚੁੱਕ ਸਮਾਗਮ ‘ਚ ਭਾਜਪਾ ਵੱਲੋਂ ਤਾਕਤ ਦਾ ਪ੍ਰਦਰਸ਼ਨ ਹੋਣ ਦੀ ਉਮੀਦ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ, ਭਾਜਪਾ ਪ੍ਰਧਾਨ ਨਿਤਿਨ ਨਵੀਨ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ-ਐੱਨਡੀਏ ਸ਼ਾਸਿਤ 21 ਸੂਬਿਆਂ ਦੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ।
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਵੀ ਬੰਗਾਲ ਪਹੁੰਚ ਚੁੱਕੇ ਹਨ।
ਮੈਦਾਨ ਕੋਲਕਾਤਾ ਦੇ ਦਿਲ ਵਿੱਚ ਸਥਿਤ ਹੈ, ਅਤੇ ਵਰਕਰ ਪਹਿਲਾਂ ਹੀ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਆਉਣ ਵਾਲੇ ਲੋਕਾਂ ਲਈ ਝੱਲਮੁੜੀ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਬ੍ਰਿਗੇਡ ਪਰੇਡ ਗਰਾਊਂਡ ‘ਤੇ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ ਹੈ। ਭਾਜਪਾ ਵਿਧਾਇਕ ਦਲ ਦੇ ਨੇਤਾ ਸੁਵੇਂਦੂ ਅਧਿਕਾਰੀ ਦੇ ਘਰ ਦੇ ਬਾਹਰ ਸੁਰੱਖਿਆ ਕਰਮਚਾਰੀ ਵੀ ਮੌਜੂਦ ਹਨ।
ਜ਼ਿਕਰਯੋਗ ਹੈ ਕਿ ਭਾਜਪਾ ਨੇਤਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕੋਲਕਾਤਾ ‘ਚ ਐਲਾਨ ਕੀਤਾ ਸੀ ਕਿ ਸੁਵੇਂਦੂ ਅਧਿਕਾਰੀ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਹੋਣਗੇ। ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 207 ਸੀਟਾਂ ਜਿੱਤੀਆਂ ਸਨ।
