ਚੰਡੀਗੜ੍ਹ-19 ਜੂਨ () ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਥਕ ਏਕਤਾ ਅਤੇ ਹੋਰ ਸਿਆਸੀ ਪਾਰਟੀਆਂ ਨਾਲ ਗਠਜੋੜ ਲਈ ਅੱਠ ਮੈਂਬਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਸੰਪਰਦਾਈ ਧਿਰਾਂ ਨੂੰ ਇੱਕਠ ਕਰਕੇ ਇੱਕ ਨਿਸ਼ਾਨ ਸਾਹਿਬ ਹੇਠ ਲਿਆਉਣ ਦਾ ਜੋ ਸੱਦਾ ਦਿੱਤਾ ਗਿਆ ਸੀ, ਉਸ ਵਿੱਚ 2 ਦਸੰਬਰ ਦੇ ਹੁਕਮਾਂ ਦੀ ਰੌਸ਼ਨੀ ਵਿੱਚ ਚਾਰ ਜਥੇਬੰਦੀਆਂ ਨੇ ਪਿਛਲੇ ਦਿਨੀਂ ਜਲੰਧਰ ਵਿੱਚ ਇੱਕਜੁੱਟਤਾ ਕੀਤੀ ਸੀ। ਇਨ੍ਹਾਂ ਚਾਰ ਜਥੇਬੰਦੀਆਂ ਵਿੱਚ ਸਾਡੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ, ਸਿੰਘ ਸਾਹਿਬ ਜਸਬੀਰ ਸਿੰਘ ਰੋਡੇ ਹੁਰਾਂ ਦੀ ਅਗਵਾਈ ਵਾਲੀ ਇੰਟਰਨੈਸ਼ਨਲ ਪੰਥਕ ਦਲ, ਸ: ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਵਾਲੀ ਯੂਨਾਈਟਿਡ ਅਕਾਲੀ ਦਲ ਅਤੇ ਸ: ਗੁਰਿੰਦਰ ਸਿੰਘ ਬਾਜਵਾ ਦੀ ਬੇਗਮਪੁਰਾ ਖ਼ਾਲਸਾ ਰਾਜ ਪਾਰਟੀ ਸ਼ਾਮਲ ਹੈ। ਬਾਕੀ ਪਾਰਟੀਆਂ ਨਾਲ ਏਕਤਾ ਕਰਨ ਲਈ ਇਨ੍ਹਾਂ ਚਾਰ ਜਥੇਬੰਦੀਆਂ ਦੀ ਨੁਮਾਇੰਦਗੀ ਨਾਲ ਅੱਠ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿੱਚ ਸ: ਗੁਰਪ੍ਰਤਾਪ ਸਿੰਘ ਵਡਾਲਾ, ਸ: ਸੁੱਚਾ ਸਿੰਘ ਛੋਟੇਪੁਰ, ਸ: ਬੂਟਾ ਸਿੰਘ ਰਣਸੀਂਹ, ਸ: ਗੁਰਿੰਦਰ ਸਿੰਘ ਬਾਜਵਾ, ਸ: ਜਤਿੰਦਰ ਸਿੰਘ ਈਸੜੂ, ਸੰਤ ਚਰਨਜੀਤ ਸਿੰਘ ਜੱਸੋਵਾਲ, ਸ: ਮੋਹਕਮ ਸਿੰਘ ਅਤੇ ਸ: ਪਰਮਪਾਲ ਸਿੰਘ ਸਭਰਾ ਸ਼ਾਮਲ ਹਨ। ਜਲਦੀ ਹੀ ਇਹ ਕਮੇਟੀ ਕਿਸਾਨ ਜਥੇਬੰਦੀਆਂ, ਹੋਰ ਸਿਆਸੀ ਪਾਰਟੀਆਂ ਅਤੇ ਪੰਥਕ ਜਥੇਬੰਦੀਆਂ ਨਾਲ ਰਾਬਤਾ ਕਾਇਮ ਕਰਕੇ ਸਾਂਝਾ ਪੰਜਾਬ ਏਜੰਡੇ ਤਹਿਤ ਸਾਂਝਾ ਮੰਚ ਬਣਾਉਣ ਦੀ ਗੱਲ ਕਰੇਗੀ। ਇਸ ਸਮੇਂ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੇ ਕੁਝ ਨਵੇਂ ਅਬਜ਼ਰਵਰਾਂ ਦੀ ਨਿਯੁਕਤੀ ਦਾ ਵੀ ਐਲਾਨ ਕੀਤਾ, ਜਿਨ੍ਹਾਂ ਵਿੱਚ ਜ਼ਿਲ੍ਹਾ ਬਰਨਾਲਾ-ਮਾਨਸਾ ਤੋਂ ਸ: ਗੋਬਿੰਦ ਸਿੰਘ ਲੌਂਗੋਵਾਲ, ਜ਼ਿਲ੍ਹਾ ਮੁਕਤਸਰ-ਫਾਜ਼ਿਲਕਾ ਤੋਂ ਸ: ਹਰਦੇਵ ਸਿੰਘ ਗੱਗੜਪੁਰ, ਜ਼ਿਲ੍ਹਾ ਮੁਕਤਸਰ-ਫਾਜ਼ਿਲਕਾ ਤੋਂ ਸ: ਹਰਦੇਵ ਸਿੰਘ ਹਮੀਦ, ਜ਼ਿਲ੍ਹਾ ਫਿਰੋਜ਼ਪੁਰ-ਫ਼ਰੀਦਕੋਟ ਤੋਂ ਸ: ਗੁਰਭੇਜ ਸਿੰਘ ਸਿੱਧੂ ਅਤੇ ਜੱਥੇਦਾਰ ਵਜੋਂ ਸ: ਗੁਰਭੇਜ ਸਿੰਘ ਸਿੱਧੂ ਨੂੰ ਨਿਗਰਾਨ ਨਿਯੁਕਤ ਕੀਤਾ ਗਿਆ। ਪ੍ਰੈਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ: ਤੇਜਿੰਦਰ ਸਿੰਘ ਪੰਨੂ ਨੇ ਜਾਰੀ ਕੀਤਾ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ ਹੈ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।
