ਚੰਡੀਗੜ੍ਹ, 29 ਜੁਲਾਈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਲਿਖੇ ਪੱਤਰ ਸਬੰਧੀ ਅਮਨ ਕਾਨੂੰਨ ਦੇ ਮੁੱਦੇ ’ਤੇ ਪੰਜਾਬ ਦੀ ‘ਆਪ’ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਸੂਬਾ ਪ੍ਰਧਾਨ ਢਿੱਲੋਂ ਨੇ ਕਿਹਾ ਕਿ ‘ਆਪ’ ਸੰਸਦ ਮੈਂਬਰ ਦੀ ਚਿੱਠੀ ਪੰਜਾਬ ਵਿੱਚ ਢਹਿ-ਢੇਰੀ ਹੋਈ ਕਾਨੂੰਨ ਵਿਵਸਥਾ ਦਾ ਸਭ ਤੋਂ ਵੱਡਾ ਗਵਾਹ ਬਣ ਗਈ ਹੈ। ਸ: ਢਿੱਲੋਂ ਨੇ ਕਿਹਾ ਕਿ ਇਹ ਕਿਸੇ ਵਿਰੋਧੀ ਪਾਰਟੀ ਦਾ ਇਲਜ਼ਾਮ ਨਹੀਂ ਹੈ, ਸਗੋਂ ਸੱਤਾਧਾਰੀ ਪਾਰਟੀ ਦੇ ਆਪਣੇ ਸੰਸਦ ਮੈਂਬਰ ਦੀ ਲਿਖਤੀ ਗਵਾਹੀ ਹੈ ਕਿ ਪੰਜਾਬ ਵਿੱਚ ਚੋਰੀਆਂ, ਲੁੱਟਾਂ-ਖੋਹਾਂ ਅਤੇ ਨਸ਼ਿਆਂ ਦਾ ਕਾਰੋਬਾਰ ਬੇਲਗਾਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸੱਤਾਧਾਰੀ ਪਾਰਟੀ ਦੇ ਆਪਣੇ ਹੀ ਸੰਸਦ ਮੈਂਬਰ ਨੂੰ ਇਹ ਲਿਖਣ ਲਈ ਮਜ਼ਬੂਰ ਕੀਤਾ ਜਾਵੇ ਕਿ ‘ਮੇਰੇ ਗੰਨਮੈਨ ਵਾਪਸ ਥਾਣੇ ਭੇਜ ਦਿਓ, ਲੋਕਾਂ ਨੂੰ ਮੇਰੇ ਨਾਲੋਂ ਪੁਲੀਸ ਦੀ ਜ਼ਿਆਦਾ ਲੋੜ ਹੈ’ ਤਾਂ ਸਰਕਾਰ ਖ਼ਿਲਾਫ਼ ਇਸ ਤੋਂ ਵੱਡੀ ਹੋਰ ਕੀ ਹੋ ਸਕਦੀ ਹੈ। ਸੂਬਾ ਪ੍ਰਧਾਨ ਨੇ ਸੰਤ ਸੀਚੇਵਾਲ ਨੂੰ ਸਤਿਕਾਰ ਸਹਿਤ ਸਵਾਲ ਕਰਦਿਆਂ ਕਿਹਾ ਕਿ ਪੰਜਾਬ ਦੀ ਸੱਤਾ ਉਨ੍ਹਾਂ ਦੀ ਹੀ ਪਾਰਟੀ ਕੋਲ ਹੈ, ਫਿਰ ਡੀਜੀਪੀ ਨੂੰ ਪੱਤਰ ਲਿਖਣ ਦੀ ਕੀ ਲੋੜ ਸੀ। ਉਨ੍ਹਾਂ ਕਿਹਾ ਕਿ ਇਹ ਸਵਾਲ ਅਰਵਿੰਦ ਕੇਜਰੀਵਾਲ ਤੋਂ ਪੁੱਛਣਾ ਚਾਹੀਦਾ ਹੈ, ਜੋ ਦਿੱਲੀ ਨੂੰ ਰਿਮੋਟ ਕੰਟਰੋਲ ਨਾਲ ਚਲਾ ਰਹੇ ਹਨ। ‘ਆਪ’ ਸਰਕਾਰ ਪੰਜਾਬ ‘ਚ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਤੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਸ: ਢਿੱਲੋਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਦਾ ਢਾਂਚਾ ਹਿੱਲ ਗਿਆ ਹੈ। ਹਰ ਦਿਨ ਅਪਰਾਧ ਵਧਦਾ ਜਾ ਰਿਹਾ ਹੈ। ਪੁਲਿਸ ਸਟੇਸ਼ਨ ਵੀ ਸੁਰੱਖਿਅਤ ਨਹੀਂ ਹਨ, ਪਾਰਟੀ ਦਫ਼ਤਰਾਂ ‘ਤੇ ਹਮਲੇ ਹੋ ਰਹੇ ਹਨ ਅਤੇ ਦਿਨ-ਦਿਹਾੜੇ ਕਤਲ, ਚੋਰੀਆਂ ਅਤੇ ਡਕੈਤੀਆਂ ਆਮ ਹੋ ਗਈਆਂ ਹਨ। ਅਜਿਹੀ ਸਥਿਤੀ ਵਿੱਚ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ। ਸੂਬਾ ਪ੍ਰਧਾਨ ਨੇ ਕਿਹਾ ਕਿ ਸਰਕਾਰ ਹਮੇਸ਼ਾ ਕਾਨੂੰਨ ਅਤੇ ਸਹੀ ਪ੍ਰਸ਼ਾਸਨ ਦੇ ਕੇ ਚਲਦੀ ਹੈ ਨਾ ਕਿ ਸਿਰਫ਼ ਇਸ਼ਤਿਹਾਰਾਂ ਨਾਲ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਕੂੜ ਪ੍ਰਚਾਰ ਨਹੀਂ ਸਗੋਂ ਸੁਰੱਖਿਆ, ਕਾਨੂੰਨ ਵਿਵਸਥਾ ਅਤੇ ਜਵਾਬਦੇਹ ਸਰਕਾਰ ਚਾਹੁੰਦੇ ਹਨ। ਸਿਰਫ਼ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਪੰਜਾਬ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰ ਸਕਦੀ ਹੈ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ ਹੈ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।
