ਏਅਰ ਇੰਡੀਆ ਨੇ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਕੰਪਨੀ ਨੇ ਅੰਤਰਰਾਸ਼ਟਰੀ ਉਡਾਣਾਂ ‘ਤੇ ਫਿਊਲ ਸਰਚਾਰਜ ਨੂੰ ਘਟਾ ਦਿੱਤਾ ਹੈ। ਏਅਰ ਇੰਡੀਆ ਨੇ ਉੱਤਰੀ ਅਮਰੀਕਾ, ਯੂਰਪ ਅਤੇ ਯੂਕੇ ਲਈ ਆਪਣੀਆਂ ਉਡਾਣਾਂ ‘ਤੇ ਈਂਧਨ ਸਰਚਾਰਜ ਘਟਾਉਣ ਦਾ ਐਲਾਨ ਕੀਤਾ ਹੈ।
ਸੂਤਰਾਂ ਮੁਤਾਬਕ ਏਅਰਲਾਈਨ ਨੇ ਕੱਚੇ ਤੇਲ ਦੀਆਂ ਕੀਮਤਾਂ ‘ਚ ਕਮੀ ਤੋਂ ਬਾਅਦ ਇਹ ਕਦਮ ਚੁੱਕਿਆ ਹੈ, ਜਿਸ ਨਾਲ ਇਨ੍ਹਾਂ ਰੂਟਾਂ ‘ਤੇ ਅੰਤਰਰਾਸ਼ਟਰੀ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਦੀ ਜੇਬ ‘ਤੇ ਬੋਝ ਘੱਟ ਹੋਵੇਗਾ। ਨਵੀਆਂ ਦਰਾਂ 1 ਜੁਲਾਈ ਤੋਂ ਲਾਗੂ ਹਨ। ਹਾਲਾਂਕਿ ਘਰੇਲੂ ਉਡਾਣਾਂ ‘ਤੇ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਨ੍ਹਾਂ ਅੰਤਰਰਾਸ਼ਟਰੀ ਰੂਟਾਂ ਤੋਂ ਇਲਾਵਾ ਏਅਰਲਾਈਨ ਦੀਆਂ ਹੋਰ ਵਿਦੇਸ਼ੀ ਉਡਾਣਾਂ ਅਤੇ ਘਰੇਲੂ ਸੇਵਾਵਾਂ ਲਈ ਫਿਊਲ ਸਰਚਾਰਜ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ, ਉਹ ਪਹਿਲਾਂ ਵਾਂਗ ਹੀ ਰਹਿਣਗੇ। ਫਿਲਹਾਲ ਇਸ ਮਾਮਲੇ ‘ਤੇ ਏਅਰ ਇੰਡੀਆ ਵੱਲੋਂ ਕੋਈ ਅਧਿਕਾਰਤ ਟਿੱਪਣੀ ਨਹੀਂ ਆਈ ਹੈ।
