ਬਲਾਚੌਰ ਨੇੜੇ ਪੈਂਦੇ ਕਮਿਊਨਿਟੀ ਹੈਲਥ ਸੈਂਟਰ ਦੀ ਪ੍ਰਤੱਖ ਹਕੀਕਤ
ਚੰਡੀਗੜ੍ਹ, 6 ਜੂਨ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਬਲਾਚੌਰ ਨੇੜੇ ਇਕ ਸੁੰਨਸਾਨ ਹਸਪਤਾਲ ਦੀ ਲਾਈਵ ਵੀਡੀਓ ਦਿਖਾਉਂਦੇ ਹੋਏ ਕਿਹਾ ਕਿ ਇੱਥੇ ਨਾ ਕੋਈ ਡਾਕਟਰ ਹੈ, ਨਾ ਕੋਈ ਸਹਾਇਕ ਸਟਾਫ਼ ਅਤੇ ਨਾ ਹੀ ਕੋਈ ਮਰੀਜ਼। ਉਨ੍ਹਾਂ ਕਿਹਾ ਕਿ ਇਸ਼ਤਿਹਾਰਾਂ ਰਾਹੀਂ ਕੀਤੇ ਜਾ ਰਹੇ ਦਾਅਵਿਆਂ ਦੇ ਉਲਟ ਇਹ ਪੰਜਾਬ ਵਿੱਚ ਸਿਹਤ ਸੇਵਾਵਾਂ ਦੀ ਅਸਲ ਹਕੀਕਤ ਹੈ।
ਇਸ ਦੌਰਾਨ ਵੜਿੰਗ ਨੇ ਸਥਾਨਕ ਕਾਂਗਰਸੀ ਆਗੂ ਅਜੈ ਮੰਗੂਪੁਰ ਦੇ ਨਾਲ ਕਮਿਊਨਿਟੀ ਹੈਲਥ ਸੈਂਟਰ ਦੇ ਅੰਦਰ ਜਾ ਕੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕੀਤਾ। ਇੱਥੇ ਸਾਰੇ ਵਿਭਾਗ ਚੁੱਪ ਸਨ। ਜਦੋਂ ਕਿ ਹਾਜ਼ਰ ਲੋਕਾਂ ਨੇ ਦੱਸਿਆ ਕਿ ਇੱਥੇ ਨਾ ਕੋਈ ਡਾਕਟਰ ਹੈ, ਨਾ ਕੋਈ ਮਹਿਲਾ ਡਾਕਟਰ ਅਤੇ ਨਾ ਹੀ ਕੋਈ ਜਾਂਚ ਦੀ ਸਹੂਲਤ ਹੈ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਕਿਹਾ ਕਿ ਇੱਕ ਵੱਡੀ ਅਤੇ ਖੁੱਲ੍ਹੀ ਇਮਾਰਤ ਵਿਰਾਨ ਪਈ ਹੈ। ਉਨ੍ਹਾਂ ਕਿਹਾ ਕਿ ਇਹ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੀ ਸਿਹਤ ਵਿਵਸਥਾ ਨੂੰ ਕਿਸ ਤਰ੍ਹਾਂ ਤਬਾਹ ਕਰ ਦਿੱਤਾ ਹੈ ਅਤੇ ਇਸ ਦੇ ਬਾਵਜੂਦ ਉਹ ਵਿਸ਼ੇਸ਼ ‘ਸਿਹਤ ਮਾਡਲ’ ਦਾ ਦਾਅਵਾ ਕਰ ਰਹੀ ਹੈ।
ਸਥਾਨਕ ਨਿਵਾਸੀਆਂ ਦਾ ਹਵਾਲਾ ਦਿੰਦੇ ਹੋਏ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ‘ਆਪ’ ਸਰਕਾਰ ਦੇ ਸੱਤਾ ‘ਚ ਆਉਣ ਤੋਂ ਪਹਿਲਾਂ ਇਸ ਸੀਐਚਸੀ ਵਿੱਚ ਡਾਕਟਰ ਅਤੇ ਗਾਇਨੀਕੋਲੋਜਿਸਟ ਨਿਯਮਤ ਤੌਰ ‘ਤੇ ਤਾਇਨਾਤ ਸਨ। ਪਰ ‘ਆਪ’ ਦੀ ਸਰਕਾਰ ਆਉਣ ਤੋਂ ਬਾਅਦ ਇਹ ਸਾਰੀਆਂ ਸਹੂਲਤਾਂ ਖ਼ਤਮ ਹੋ ਗਈਆਂ ਹਨ।
ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਲਾਈਵ ਹੋ ਕੇ ਖੁਲਾਸਾ ਕੀਤਾ ਕਿ ਇਹ ‘ਆਪ’ ਸਰਕਾਰ ਦੇ ਝੂਠੇ ਦਾਅਵਿਆਂ ਦੀ ਅਸਲ ਹਕੀਕਤ ਹੈ ਜਿਸ ਨੇ ਪੰਜਾਬ ਦੀ ਸਿਹਤ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਦੀ ਅਸਲ ਹਾਲਤ ਦਿਖਾਉਣਾ ਚਾਹੁੰਦੇ ਹਨ।
ਵੜਿੰਗ ਨੇ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਹੋਰ ਸਿਹਤ ਅਤੇ ਸਿੱਖਿਆ ਸੰਸਥਾਵਾਂ ਦਾ ਵੀ ਦੌਰਾ ਕਰਨਗੇ, ਜੋ ‘ਆਪ’ ਸਰਕਾਰ ਦੇ ਰਾਜ ਦੌਰਾਨ ਵਿਗੜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਬੇਨਕਾਬ ਕਰਾਂਗੇ।
