ਵੋਟਾਂ ਦੇ ਧਰੁਵੀਕਰਨ ਲਈ ਭਾਜਪਾ ਚੋਣਾਂ ਤੋਂ ਪਹਿਲਾਂ ਡਰ ਦਾ ਮਾਹੌਲ ਬਣਾ ਰਹੀ ਹੈ: ਕੁਲਦੀਪ ਧਾਲੀਵਾਲ


ਧਾਲੀਵਾਲ ਨੇ ਭਾਜਪਾ ਦੀ ਅਗਵਾਈ ਵਾਲੇ ਕੇਂਦਰ ਨੂੰ ਸਵਾਲ ਕੀਤਾ: ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਬੰਬ ਧਮਾਕੇ ਅਤੇ ਅੱਤਵਾਦੀ ਹਮਲੇ ਕਿਉਂ ਹੁੰਦੇ ਹਨ?

ਭਾਜਪਾ ਦੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਕੇਂਦਰ ਜਾਣਬੁੱਝ ਕੇ ਪੰਜਾਬ ਦੀ 532 ਕਿਲੋਮੀਟਰ ਸਰਹੱਦ ਨੂੰ ਅਸੁਰੱਖਿਅਤ ਰੱਖ ਰਿਹਾ ਹੈ: ਧਾਲੀਵਾਲ

ਮੁੱਖ ਮੰਤਰੀ ਵੱਲੋਂ ਆਧੁਨਿਕ ਹਥਿਆਰਾਂ ਅਤੇ ਐਂਟੀ ਡਰੋਨ ਤਕਨੀਕ ਦੀ ਮੰਗ ਦੇ ਬਾਵਜੂਦ ਕੇਂਦਰ ਸਰਕਾਰ ਨੇ ਪੰਜਾਬ ਦੀ ਸੁਰੱਖਿਆ ਨੂੰ ਜਾਣਬੁੱਝ ਕੇ ਕੀਤਾ ਨਜ਼ਰਅੰਦਾਜ਼: ਧਾਲੀਵਾਲ

ਚੰਡੀਗੜ੍ਹ/ਅੰਮ੍ਰਿਤਸਰ, 7 ਮਈ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਵਿੱਚ ਹਾਲ ਹੀ ਵਿੱਚ ਹੋਏ ਬੰਬ ਧਮਾਕਿਆਂ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪੂਰੇ ਪੰਜਾਬ ਅਤੇ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ ਕਿ ਜਦੋਂ ਵੀ ਦੇਸ਼ ਜਾਂ ਕਿਸੇ ਸੂਬੇ ਵਿੱਚ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਬੰਬ ਧਮਾਕੇ ਅਤੇ ਅੱਤਵਾਦੀ ਹਮਲਿਆਂ ਵਰਗੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ ਹਨ।

ਧਾਲੀਵਾਲ ਨੇ ਕਿਹਾ ਕਿ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਲੋਕਾਂ ਨੂੰ ਡਰਾ ਧਮਕਾ ਕੇ ਗੰਦੀ ਰਾਜਨੀਤੀ ਕਰ ਰਹੀ ਹੈ ਅਤੇ ਵੋਟਾਂ ਦਾ ਧਰੁਵੀਕਰਨ ਕਰਨ ਲਈ ਦੇਸ਼ ਵਿੱਚ ਤਣਾਅ ਵਾਲਾ ਮਾਹੌਲ ਪੈਦਾ ਕਰ ਰਹੀ ਹੈ।

ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਹਮਲਿਆਂ ਦੀ ਲੜੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਵੇਂ ਇਹ ਪਠਾਨਕੋਟ ਏਅਰਬੇਸ ਹਮਲਾ ਹੋਵੇ, ਪੁਲਵਾਮਾ, ਦੀਨਾਨਗਰ ਜਾਂ ਪਹਿਲਗਾਮ ਹਮਲਾ, ਇਨ੍ਹਾਂ ਸਾਰੀਆਂ ਘਟਨਾਵਾਂ ਵਿੱਚ ਸਾਡੇ ਬਹਾਦਰ ਜਵਾਨ ਸ਼ਹੀਦ ਹੋਏ ਹਨ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹ ਸਾਰੀਆਂ ਘਟਨਾਵਾਂ ਚੋਣਾਂ ਦੇ ਸਮੇਂ ਦੌਰਾਨ ਹੀ ਕਿਉਂ ਵਾਪਰਦੀਆਂ ਹਨ। ਭਾਜਪਾ ‘ਤੇ ਸਿੱਧੇ ਤੌਰ ‘ਤੇ ਦੋਸ਼ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਭਾਜਪਾ ਅਤੇ ਇਸ ਦੇ ‘ਗੁੰਡਿਆਂ ਦਾ ਗਿਰੋਹ’ ਚੋਣ ਲਾਭ ਲਈ ਕੇਂਦਰੀ ਏਜੰਸੀਆਂ ਰਾਹੀਂ ਸਰਗਰਮ ਹੋ ਜਾਂਦੇ ਹਨ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਸਰਪ੍ਰਸਤੀ ਦੇ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ।

ਧਾਲੀਵਾਲ ਨੇ ਕਿਹਾ ਕਿ ਜਦੋਂ ਗ੍ਰਹਿ ਮੰਤਰਾਲੇ ਨੇ ਬੀਐਸਐਫ ਦਾ ਅਧਿਕਾਰ ਖੇਤਰ 50 ਕਿਲੋਮੀਟਰ ਤੱਕ ਵਧਾ ਦਿੱਤਾ ਸੀ ਤਾਂ ਇਹ ਦਲੀਲ ਦਿੱਤੀ ਗਈ ਸੀ ਕਿ ਡਰੋਨ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਅਜਿਹਾ ਕਰਨਾ ਜ਼ਰੂਰੀ ਹੈ ਪਰ ਅੱਜ ਅਸਲੀਅਤ ਸਭ ਦੇ ਸਾਹਮਣੇ ਹੈ। ਸਾਡੇ ਜਵਾਨ ਸਰਹੱਦ ‘ਤੇ ਚੌਕਸ ਖੜ੍ਹੇ ਹਨ ਅਤੇ ਅੰਤਮ ਕੁਰਬਾਨੀ ਦੇ ਰਹੇ ਹਨ, ਪਰ ਕੇਂਦਰ ਸਰਕਾਰ ਨੇ ਅਜੇ ਵੀ ਉਨ੍ਹਾਂ ਨੂੰ ਆਧੁਨਿਕ ਤਕਨੀਕ ਅਤੇ ਡਰੋਨ ਵਿਰੋਧੀ ਪ੍ਰਣਾਲੀ ਮੁਹੱਈਆ ਨਹੀਂ ਕਰਵਾਈ ਹੈ। ਕੇਂਦਰ ਦੀ ਨਾਕਾਮੀ ਕਾਰਨ ਸਰਹੱਦ ਪਾਰੋਂ ਆਉਣ ਵਾਲੇ ਡਰੋਨ ਸਾਡੇ ਜਵਾਨਾਂ ਦੇ ਸਿਰਾਂ ‘ਤੇ ਉੱਡਦੇ ਹਨ ਅਤੇ ਸਾਡੀਆਂ ਸੁਰੱਖਿਆ ਏਜੰਸੀਆਂ ਬੇਵੱਸ ਦਿਖਾਈ ਦਿੰਦੀਆਂ ਹਨ।

ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਆੜੇ ਹੱਥੀਂ ਲੈਂਦਿਆਂ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਵਾਰ ਕੇਂਦਰ ਨੂੰ ਪੱਤਰ ਲਿਖ ਕੇ ਉੱਚ ਤਕਨੀਕ ਵਾਲੇ ਹਥਿਆਰਾਂ ਅਤੇ ਐਂਟੀ ਡਰੋਨ ਤਕਨੀਕ ਦੀ ਮੰਗ ਕੀਤੀ ਹੈ ਪਰ ਕੇਂਦਰ ਸਰਕਾਰ ਨੇ ਪੰਜਾਬ ਦੀ ਸੁਰੱਖਿਆ ਨੂੰ ਜਾਣਬੁੱਝ ਕੇ ਅਣਗੌਲਿਆ ਕੀਤਾ ਹੋਇਆ ਹੈ। ਧਾਲੀਵਾਲ ਨੇ ਸਵਾਲ ਕੀਤਾ ਕਿ ਕੀ ਕੇਂਦਰ ਸਰਕਾਰ ਜਾਣਬੁੱਝ ਕੇ ਪੰਜਾਬ ਦੀ 532 ਕਿਲੋਮੀਟਰ ਲੰਬੀ ਸਰਹੱਦ ਨੂੰ ਅਸੁਰੱਖਿਅਤ ਰੱਖਣਾ ਚਾਹੁੰਦੀ ਹੈ ਤਾਂ ਜੋ ਉਹ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਕਰ ਸਕੇ।

ਧਾਲੀਵਾਲ ਨੇ ਦੱਸਿਆ ਕਿ ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਪਠਾਨਕੋਟ ਤੋਂ 3 ਏਕੇ-47 ਰਾਈਫਲਾਂ, ਪਿਸਤੌਲ ਅਤੇ ਵੱਡੀ ਮਾਤਰਾ ਵਿੱਚ ਕਾਰਤੂਸ ਬਰਾਮਦ ਕੀਤੇ ਹਨ, ਜੋ ਡਰੋਨ ਰਾਹੀਂ ਭੇਜੇ ਗਏ ਸਨ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਾਜ਼ਿਸ਼ ਬਹੁਤ ਡੂੰਘੀ ਹੈ। ਉਨ੍ਹਾਂ ਭਾਜਪਾ ਨੂੰ ਸਵਾਲ ਕੀਤਾ ਕਿ ਪਿਛਲੇ ਸਾਰੇ ਹਮਲਿਆਂ ਦੀ ਜਾਂਚ ਦਾ ਕੀ ਬਣਿਆ। ਕੇਂਦਰ ਸਰਕਾਰ ਸਿਰਫ ਜਾਂਚ ਕਰਵਾਉਣ ਦਾ ਦਿਖਾਵਾ ਕਰਦੀ ਹੈ ਅਤੇ ਬਾਅਦ ਵਿੱਚ ਫਾਈਲਾਂ ਨੂੰ ਠੰਡੇ ਬਸਤੇ ਵਿੱਚ ਪਾ ਦਿੰਦੀ ਹੈ। ਸਾਫ਼ ਹੈ ਕਿ ਇਹ ਹਮਲੇ ਅਤੇ ਸਾਜ਼ਿਸ਼ਾਂ ਭਾਜਪਾ ਦੀ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਹਨ, ਜਿਸ ਦਾ ਇੱਕੋ-ਇੱਕ ਮਕਸਦ ਕਿਸੇ ਵੀ ਕੀਮਤ ‘ਤੇ ਚੋਣਾਂ ਜਿੱਤਣਾ ਹੈ।

Leave a Comment

Your email address will not be published. Required fields are marked *

Scroll to Top