ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ‘ਤੇ ਸਨਸਨੀਖੇਜ਼ ਘਟਨਾ ਵਾਪਰੀ ਹੈ। ਦੋਸ਼ ਹੈ ਕਿ ਹਥਿਆਰਾਂ ਨਾਲ ਲੈਸ ਕੁਝ ਸ਼ਰਾਰਤੀ ਅਨਸਰਾਂ ਨੇ ਟੋਲ ਆਪ੍ਰੇਸ਼ਨ ਵਿੱਚ ਵਿਘਨ ਪਾਇਆ ਅਤੇ ਖੁਦ ਨਾਜਾਇਜ਼ ਪੈਸੇ ਇਕੱਠੇ ਕੀਤੇ।
ਲਾਡੋਵਾਲ ਟੋਲ ਪਲਾਜ਼ਾ ਆਪਰੇਟਰ, ਮੈਸਰਜ਼ ਰਣਛੋੜ ਇਨਫਰਾ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ, ਨੇ ਦੱਸਿਆ ਕਿ ਬੇਸਬਾਲ ਦੇ ਬੱਲੇ, ਹਾਕੀ ਸਟਿੱਕਾਂ ਅਤੇ ਸੋਟੀਆਂ ਨਾਲ ਲੈਸ ਲਗਭਗ 10-15 ਨੌਜਵਾਨ ਟੋਲ ਬੂਥ ਦੇ ਨੇੜੇ ਆਏ। ਮੁਲਜ਼ਮਾਂ ਨੇ ਟੋਲ ਮੁਲਾਜ਼ਮਾਂ ਦੇ ਕੋਲ ਆਪਣੇ ਬੰਦੇ ਬਿਠਾ ਕੇ ਬੱਸਾਂ ਵਾਲਿਆਂ ਤੋਂ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ।
ਜਦੋਂ ਸਟਾਫ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਬਦਤਮੀਜ਼ੀ ਕੀਤੀ। ਇਲਜ਼ਾਮ ਹੈ ਕਿ ਰਾਹੋਂ ਰੋਡ ਦਾ ਇੱਕ ਨਾਮੀ ਵਿਅਕਤੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਂ ਦੀ ਦੁਰਵਰਤੋਂ ਕਰਕੇ ਸਟਾਫ਼ ‘ਤੇ ਦਬਾਅ ਪਾ ਰਿਹਾ ਸੀ।
ਘਟਨਾ ਨੇ ਅਸਥਾਈ ਤੌਰ ‘ਤੇ ਟੋਲ ਓਪਰੇਸ਼ਨ ਨੂੰ ਰੋਕ ਦਿੱਤਾ ਅਤੇ ਦਹਿਸ਼ਤ ਪੈਦਾ ਕਰ ਦਿੱਤੀ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਨੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਤੁਰੰਤ ਐਫਆਈਆਰ ਦਰਜ ਕਰਨ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
NHAI ਨੇ ਇਹ ਵੀ ਕਿਹਾ ਕਿ ਅਜਿਹੀਆਂ ਘਟਨਾਵਾਂ ਨਾ ਸਿਰਫ਼ ਸਰਕਾਰੀ ਮਾਲੀਏ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ ਸਗੋਂ ਵਿਭਾਗ ਦੇ ਅਕਸ ਨੂੰ ਵੀ ਨੁਕਸਾਨ ਪਹੁੰਚਾ ਰਹੀਆਂ ਹਨ। ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
