ਬੀ.ਐਲ.ਓਜ਼ ਅਤੇ ਚੋਣ ਕਮਿਸ਼ਨ ਦੇ ਸਟਾਫ਼ ਦੇ ਸਮਰਪਿਤ ਯਤਨਾਂ ਸਦਕਾ ਪੰਜਾਬ ਵਿੱਚ 90% ਵੋਟਰ ਰੋਲ ਮੈਪਿੰਗ ਮੁਕੰਮਲ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
* ਚੱਲ ਰਹੀ SIR ਪ੍ਰਕਿਰਿਆ ਦੌਰਾਨ ਕੋਈ ਵੀ ਅਸਲੀ ਵੋਟ ਮਿਟਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
ਸੰਗਰੂਰ, 1 ਜੁਲਾਈ 2026:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਵੋਟਰ ਸੂਚੀਆਂ ਦੀ ਚੱਲ ਰਹੀ ਸਪੈਸ਼ਲ ਇੰਟੈਂਸਿਵ ਰੀਵੀਜ਼ਨ (ਐਸਆਈਆਰ-2026) ਤਹਿਤ ਲੋਕਾਂ ਨੂੰ ਆਪਣੀ ਗਣਨਾ ਕਰਵਾਉਣ ਲਈ ਸਪੱਸ਼ਟ ਸੱਦਾ ਦਿੱਤਾ। ਆਪਣੀ ਗਿਣਤੀ ਪੂਰੀ ਹੋਣ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਪਹਿਲਾਂ ਹੀ ਲਗਭਗ 90% ਵੋਟਰ ਸੂਚੀ ਮੈਪਿੰਗ ਕਰ ਚੁੱਕਾ ਹੈ ਅਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪੰਜਾਬ ਸਰਕਾਰ ਚੱਲ ਰਹੀ ਸੁਧਾਈ ਦੀ ਕਵਾਇਦ ਦੌਰਾਨ ਕਿਸੇ ਵੀ ਅਸਲੀ ਵੋਟ ਨੂੰ ਮਿਟਾਉਣ ਦੀ ਇਜਾਜ਼ਤ ਨਹੀਂ ਦੇਵੇਗੀ।
ਮੀਡੀਆ ਨਾਲ ਗੱਲਬਾਤ ਦੌਰਾਨ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR)-2026 ਦੇ ਤਹਿਤ, ਬੂਥ ਲੈਵਲ ਅਫਸਰ (BLOs) ਵੱਲੋਂ 25 ਜੂਨ ਤੋਂ 24 ਜੁਲਾਈ ਤੱਕ ਵੋਟਰ ਸੂਚੀਆਂ ਦੀ ਘਰ-ਘਰ ਜਾ ਕੇ ਪੜਤਾਲ ਅਤੇ ਸੁਧਾਈ ਕੀਤੀ ਜਾ ਰਹੀ ਹੈ। ਰਾਜ ਵਿੱਚ ਵੋਟਰ ਪਹਿਲਾਂ ਹੀ ਹੋ ਚੁੱਕੇ ਹਨ ਅਤੇ ਬਾਕੀ ਕੰਮ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ।
ਇਸ ਕਵਾਇਦ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, “ਮੈਂ ਇਸ ਪ੍ਰਾਪਤੀ ਲਈ ਸਾਰੇ ਬੀ.ਐਲ.ਓਜ਼ ਅਤੇ ਚੋਣ ਕਮਿਸ਼ਨ ਦੇ ਸਟਾਫ਼ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਦੀ ਲਗਨ ਅਤੇ ਸਖ਼ਤ ਮਿਹਨਤ ਸਦਕਾ ਇਹ ਸੰਭਵ ਹੋਇਆ ਹੈ।”
ਬੀ.ਐਲ.ਓਜ਼ ਦੀ ਭੂਮਿਕਾ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਬੀ.ਐਲ.ਓਜ਼ ਹਰ ਘਰ ਜਾ ਕੇ ਗਣਨਾ ਫਾਰਮ ਮੁਹੱਈਆ ਕਰਵਾ ਰਹੇ ਹਨ ਅਤੇ ਇਸ ਨੂੰ ਭਰਨ ਵਿੱਚ ਵੋਟਰਾਂ ਦੀ ਮਦਦ ਵੀ ਕਰ ਰਹੇ ਹਨ। ਵੋਟਰਾਂ ਦੀ ਸਹੂਲਤ ਲਈ, ਫਾਰਮ ਦੇ ਨਾਲ ਕੋਈ ਵਾਧੂ ਦਸਤਾਵੇਜ਼ ਨਹੀਂ ਇਕੱਠੇ ਕੀਤੇ ਜਾ ਰਹੇ ਹਨ। ਸਿਰਫ਼ ਮੌਜੂਦਾ ਵੇਰਵਿਆਂ ਦੀ ਤਸਦੀਕ ਦੀ ਲੋੜ ਹੈ।”
ਪ੍ਰਕਿਰਿਆ ਦੀ ਹੋਰ ਵਿਆਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਨੋਟ ਕੀਤਾ, “ਜੇਕਰ ਕਿਸੇ ਘਰ ਨੂੰ ਤਾਲਾ ਲੱਗਿਆ ਪਾਇਆ ਜਾਂਦਾ ਹੈ, ਤਾਂ ਬੀ.ਐਲ.ਓ. ਇੱਕ ਸੂਚਨਾ ਪਰਚੀ ਅਤੇ ਇੱਕ ਸਟਿੱਕਰ ਅਹਾਤੇ ਵਿੱਚ ਛੱਡ ਦੇਵੇਗਾ। ਬੀ.ਐਲ.ਓ. ਭਰੇ ਹੋਏ ਗਣਨਾ ਫਾਰਮ ਨੂੰ ਇਕੱਠਾ ਕਰਨ ਲਈ ਘੱਟੋ-ਘੱਟ ਤਿੰਨ ਵਾਰ ਘਰ ਦਾ ਦੌਰਾ ਕਰਨਗੇ।”
ਲੋਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਅਪੀਲ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਿਰਫ ਸਹੀ ਢੰਗ ਨਾਲ ਭਰੇ ਗਏ ਗਣਨਾ ਫਾਰਮ ਨੂੰ ਜਮ੍ਹਾਂ ਕਰਾਉਣ ਵਾਲੇ ਵੋਟਰਾਂ ਦੇ ਨਾਮ ਡਰਾਫਟ ਵੋਟਰ ਸੂਚੀ ਵਿੱਚ ਸ਼ਾਮਲ ਕੀਤੇ ਜਾਣਗੇ। ਜੇਕਰ ਕੋਈ ਫਾਰਮ ਜਮ੍ਹਾਂ ਨਹੀਂ ਕਰਦਾ ਹੈ ਤਾਂ ਉਸ ਦਾ ਨਾਮ ਡਰਾਫਟ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ।”
ਫਾਰਮ ਜਮ੍ਹਾ ਕਰਨ ਵਿੱਚ ਅਸਫਲ ਰਹਿਣ ਵਾਲਿਆਂ ਲਈ ਤਸਦੀਕ ਪ੍ਰਕਿਰਿਆ ਬਾਰੇ ਦੱਸਦਿਆਂ, ਉਸਨੇ ਕਿਹਾ, “ਜਿਹੜੇ ਲੋਕ ਫਾਰਮ ਜਮ੍ਹਾਂ ਨਹੀਂ ਕਰਵਾਉਂਦੇ, ਉਹਨਾਂ ਦੀ ਤਸਦੀਕ ਗੁਆਂਢੀਆਂ ਤੋਂ ਪੁੱਛਗਿੱਛ ਕਰਕੇ ਕੀਤੀ ਜਾਵੇਗੀ ਅਤੇ ਅਜਿਹੇ ਵੋਟਰਾਂ ਨੂੰ ਚਾਰ ਸ਼੍ਰੇਣੀਆਂ ਵਿੱਚ ਸ਼੍ਰੇਣੀਬੱਧ ਕੀਤਾ ਜਾਵੇਗਾ: ਗੈਰਹਾਜ਼ਰ, ਸ਼ਿਫਟ, ਮ੍ਰਿਤਕ ਅਤੇ ਡੁਪਲੀਕੇਟ।”
ਵੋਟਰ ਸੂਚੀਆਂ ਦੇ ਪ੍ਰਕਾਸ਼ਨ ਦੀ ਸਮਾਂ-ਸੀਮਾ ਸਾਂਝੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਸੂਚੀ ਰਾਜਨੀਤਿਕ ਪਾਰਟੀਆਂ ਦੇ ਬੂਥ ਲੈਵਲ ਏਜੰਟਾਂ (ਬੀ.ਐਲ.ਏ.) ਨਾਲ ਸਾਂਝੀ ਕੀਤੀ ਜਾਵੇਗੀ ਅਤੇ ਡਰਾਫਟ ਵੋਟਰ ਸੂਚੀ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਜੇਕਰ ਕੋਈ ਨਾਗਰਿਕ ਡਰਾਫਟ ਦੇ ਪ੍ਰਕਾਸ਼ਨ ਤੋਂ ਪਹਿਲਾਂ ਗਣਨਾ ਫਾਰਮ ਜਮ੍ਹਾ ਨਹੀਂ ਕਰਵਾ ਸਕਦਾ ਹੈ, ਤਾਂ ਉਹ 3 ਅਗਸਤ ਜਾਂ 2 ਸਤੰਬਰ ਦੇ ਵਿਚਕਾਰ ਦਾਅਵਾ ਦਾਇਰ ਕਰ ਸਕਦਾ ਹੈ। ਚੋਣ ਘੋਸ਼ਣਾ ਪੱਤਰ ਦੇ ਨਾਲ ਫਾਰਮ-6 1 ਅਕਤੂਬਰ, 2026 ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ।
ਹਰੇਕ ਯੋਗ ਵੋਟਰ ਦੀ ਰਾਖੀ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਸੂਬਾ ਸਰਕਾਰ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਐਸ.ਆਈ.ਆਰ ਵਿੱਚ ਕਿਸੇ ਵੀ ਅਸਲੀ ਵੋਟ ਨੂੰ ਮਿਟਾਉਣ ਦੀ ਇਜਾਜ਼ਤ ਨਹੀਂ ਦੇਵੇਗੀ। ਸੂਬਾ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ ਅਤੇ ਕਿਸੇ ਨੂੰ ਵੀ ਯੋਗ ਲੋਕਾਂ ਨੂੰ ਉਨ੍ਹਾਂ ਦੇ ਜਮਹੂਰੀ ਅਧਿਕਾਰਾਂ ਤੋਂ ਵਾਂਝੇ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।”
ਲੋਕਾਂ ਨੂੰ ਜ਼ੋਰਦਾਰ ਅਪੀਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮੈਂ ਹਰੇਕ ਯੋਗ ਵੋਟਰ ਨੂੰ ਇਸ ਪ੍ਰਕਿਰਿਆ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲੈਣ ਦੀ ਅਪੀਲ ਕਰਦਾ ਹਾਂ, ਕਿਉਂਕਿ ਇਸਦਾ ਉਦੇਸ਼ ਲੋਕਤੰਤਰ ਨੂੰ ਮਜ਼ਬੂਤ ਕਰਨਾ ਹੈ।”
